ਕਰੋੜਾਂ ਰੁਪਏ ਦੇ ਜ਼ਮੀਨੀ ਸੌਦੇ 'ਚ ਧੋਖਾਧੜੀ, ਥਾਣਾ ਸਲੇਮ ਟਾਬਰੀ ਪੁਲਿਸ ਨੇ 7 ਵਿਅਕਤੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ
ਕਰੋੜਾਂ ਰੁਪਏ ਦੇ ਜ਼ਮੀਨੀ ਸੌਦੇ ਵਿੱਚ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਥਾਣਾ ਸਲੇਮ ਟਾਬਰੀ ਪੁਲਿਸ ਨੇ ਸੱਤ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ 7.125 ਏਕੜ ਜ਼ਮੀਨ ਦਾ ਸੌਦਾ ਕਰਕੇ ਉਸ ਤੋਂ ਕੁੱਲ 8 ਕਰੋੜ ਰੁਪਏ ਹਾਸਲ ਕਰ ਲਏ
Publish Date: Tue, 28 Jul 2026 11:19 AM (IST)
Updated Date: Tue, 28 Jul 2026 11:25 AM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ : ਕਰੋੜਾਂ ਰੁਪਏ ਦੇ ਜ਼ਮੀਨੀ ਸੌਦੇ ਵਿੱਚ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਥਾਣਾ ਸਲੇਮ ਟਾਬਰੀ ਪੁਲਿਸ ਨੇ ਸੱਤ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ 7.125 ਏਕੜ ਜ਼ਮੀਨ ਦਾ ਸੌਦਾ ਕਰਕੇ ਉਸ ਤੋਂ ਕੁੱਲ 8 ਕਰੋੜ ਰੁਪਏ ਹਾਸਲ ਕਰ ਲਏ, ਪਰ ਤੈਅ ਸਮੇਂ 'ਤੇ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਰਕਮ ਵਾਪਸ ਕੀਤੀ। ਪੁਲਿਸ ਨੇ ਮੁੱਢਲੀ ਪੜਤਾਲ ਤੋਂ ਬਾਅਦ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਾਡਲ ਟਾਊਨ ਦੇ ਵਾਸੀ ਈਸ਼ਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਮੁਲਜ਼ਮ ਬਰਿੰਦਰ ਮੋਹਨ ਸਿੰਘ, ਜਸਮੋਹਿੰਦਰ ਸਿੰਘ, ਅਮਰਿੰਦਰ ਸਿੰਘ, ਬਲਪ੍ਰੀਤ ਸਿੰਘ, ਇੰਦਰਜੀਤ ਕੌਰ, ਦੀਪ ਮੋਹਿਨੀ ਅਤੇ ਪ੍ਰੀਤ ਮੋਹਿਨੀ ਨੇ ਮਿਲ ਕੇ ਉਸ ਨਾਲ 7.125 ਏਕੜ ਜ਼ਮੀਨ ਦਾ ਸੌਦਾ 53 ਕਰੋੜ 43 ਲੱਖ 75 ਹਜ਼ਾਰ ਰੁਪਏ ਵਿੱਚ ਕੀਤਾ ਸੀ। ਇਸ ਸੌਦੇ ਤਹਿਤ ਉਸ ਨੇ ਜ਼ਮੀਨ ਮਾਲਕਾਂ ਨੂੰ 6 ਕਰੋੜ ਰੁਪਏ ਬਿਆਨੇ ਵਜੋਂ ਅਦਾ ਕੀਤੇ, ਜਦਕਿ 2 ਕਰੋੜ ਰੁਪਏ ਕਮਿਸ਼ਨ ਦੇ ਤੌਰ 'ਤੇ ਦਿੱਤੇ ਗਏ।
ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਭਰੋਸਾ ਦਿਵਾਇਆ ਸੀ ਕਿ ਤੈਅ ਮਿਤੀ 'ਤੇ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ ਜਾਵੇਗੀ ਪਰ ਬਾਅਦ ਵਿੱਚ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ। ਨਾ ਤਾਂ ਰਜਿਸਟਰੀ ਕਰਵਾਈ ਗਈ ਅਤੇ ਨਾ ਹੀ ਦਿੱਤੀ ਗਈ ਕਰੋੜਾਂ ਰੁਪਏ ਦੀ ਰਕਮ ਵਾਪਸ ਕੀਤੀ ਗਈ। ਸ਼ਿਕਾਇਤਕਰਤਾ ਨੇ ਇਸ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤੀ ਗਈ ਧੋਖਾਧੜੀ ਕਰਾਰ ਦਿੱਤਾ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੇਸ ਦੀ ਪੜਤਾਲ ਕੀਤੀ। ਪੜਤਾਲ ਦੌਰਾਨ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਨੂੰ ਆਧਾਰ ਬਣਾਉਂਦਿਆਂ ਥਾਣਾ ਸਲੇਮ ਟਾਬਰੀ ਵਿੱਚ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 420 ਅਤੇ 120-ਬੀ ਤਹਿਤ ਸੱਤਾਂ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਵਿੱਤੀ ਲੈਣ-ਦੇਣ ਅਤੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।