PAU ਕੈਂਪਸ 'ਚ ਵੈਟਰਨਰੀ ਵਿਦਿਆਰਥੀ ਦੀ ਕਾਰ ਦੇ ਚਾਰੇ ਟਾਇਰ ਰਿਮਾਂ ਸਣੇ ਚੋਰੀ, ਬਦਮਾਸ਼ਾਂ ਦੀਆਂ ਤਸਵੀਰਾਂ CCTV ਕੈਮਰਿਆਂ 'ਚ ਹੋਈਆਂ ਕੈਦ ਲੁਧਿਆਣਾ ਵਿੱਚ ਕਾਰਾਂ ਦੇ ਟਾਇਰ ਚੋਰੀ ਕਰਨ ਵਾਲੇ ਗਿਰੋਹ ਇੱਕ ਵਾਰ ਫਿਰ ਸਰਗਰਮ ਨਜ਼ਰ ਆ ਰਹੇ ਹਨ। ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਕੇਸ ਪੁਲਿਸ ਨੇ ਸੁਲਝਾਇਆ ਵੀ ਸਨ। ਹੁਣ ਤਾਜ਼ਾ ਮਾਮਲੇ ਵਿੱਚ ਸ਼ਾਤਰ ਚੋਰਾਂ ਨੇ ਗੜਵਾਸੂ ਦੇ ਵੈਟਰਨਰੀ ਦੇ ਫਾਈਨਲ ਵਰ੍ਹੇ ਦੇ ਵਿਦਿਆਰਥੀ ਦੀ ਇਨੋਵਾ ਕ੍ਰਿਸਟਾ ਕਾਰ ਨੂੰ ਇੱਟਾਂ 'ਤੇ ਖੜ੍ਹਾ ਕਰਕੇ ਚਾਰੇ ਟਾਇਰ ਰਿਮਾਂ ਸਮੇਤ ਚੋਰੀ ਕਰ ਲਏ। ਦੋਵੇਂ ਚੋਰ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸੀਸੀਟੀਵੀ ਕੈਮਰਿਆਂ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਹੇ ਹਨ। ਵਿਦਿਆਰਥੀ ਨੇ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਉਸਦੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।
Publish Date: Thu, 30 Jul 2026 02:59 PM (IST)
Updated Date: Thu, 30 Jul 2026 03:00 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਲੁਧਿਆਣਾ ਵਿੱਚ ਕਾਰਾਂ ਦੇ ਟਾਇਰ ਚੋਰੀ ਕਰਨ ਵਾਲੇ ਗਿਰੋਹ ਇੱਕ ਵਾਰ ਫਿਰ ਸਰਗਰਮ ਨਜ਼ਰ ਆ ਰਹੇ ਹਨ। ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਕੇਸ ਪੁਲਿਸ ਨੇ ਸੁਲਝਾਇਆ ਵੀ ਸਨ। ਹੁਣ ਤਾਜ਼ਾ ਮਾਮਲੇ ਵਿੱਚ ਸ਼ਾਤਰ ਚੋਰਾਂ ਨੇ ਗੜਵਾਸੂ ਦੇ ਵੈਟਰਨਰੀ ਦੇ ਫਾਈਨਲ ਵਰ੍ਹੇ ਦੇ ਵਿਦਿਆਰਥੀ ਦੀ ਇਨੋਵਾ ਕ੍ਰਿਸਟਾ ਕਾਰ ਨੂੰ ਇੱਟਾਂ 'ਤੇ ਖੜ੍ਹਾ ਕਰਕੇ ਚਾਰੇ ਟਾਇਰ ਰਿਮਾਂ ਸਮੇਤ ਚੋਰੀ ਕਰ ਲਏ। ਦੋਵੇਂ ਚੋਰ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸੀਸੀਟੀਵੀ ਕੈਮਰਿਆਂ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਹੇ ਹਨ। ਵਿਦਿਆਰਥੀ ਨੇ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਉਸਦੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।
ਲੁਧਿਆਣਾ ਦੇ ਗੜਵਾਸੂ ਕੈਂਪਸ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦਿੰਦਿਆਂ ਚੋਰਾਂ ਨੇ ਬੇਖੌਫ਼ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਤੋਂ ਬਾਅਦ ਕੈਂਪਸ ਵਿੱਚ ਦਹਿਸ਼ਤ ਦਾ ਮਾਹੌਲ ਹੈ। ਕਿਉਂਕਿ ਕੈਂਪਸ ਵਿੱਚ ਕਈ ਕਾਰਾਂ ਖੜੀਆਂ ਹੁੰਦੀਆਂ ਹਨ। ਗੜਵਾਸੂ (ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ) ਵਿੱਚ ਵੈਟਰਨਰੀ ਦੇ ਫਾਈਨਲ ਸਾਲ ਦੇ ਵਿਦਿਆਰਥੀ ਗੁਰਅਰਮਾਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਇਨੋਵਾ ਕ੍ਰਿਸਟਾ ਕਾਰ ਦੇ ਚਾਰੇ ਟਾਇਰ ਰਿਮਾਂ ਸਮੇਤ ਚੋਰੀ ਕਰ ਲਏ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਨੇ ਕਾਰ ਨੂੰ ਇੱਟਾਂ ਦੇ ਸਹਾਰੇ ਖੜ੍ਹਾ ਕੀਤਾ ਅਤੇ ਫਿਰ ਚਾਰੇ ਟਾਇਰ ਰਿਮਾਂ ਸਮੇਤ ਉਤਾਰ ਕੇ ਫਰਾਰ ਹੋ ਗਏ।
ਪੀੜਤ ਵਿਦਿਆਰਥੀ ਗੁਰਅਰਮਾਨਪ੍ਰੀਤ ਸਿੰਘ, ਜੋ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਿੱਡੂ ਖੇੜਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਜੀ-8 ਹੋਸਟਲ ਵਿੱਚ ਰਹਿ ਕੇ ਵੈਟਰਨਰੀ ਦੇ ਫਾਈਨਲ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਉਸ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਆਪਣੀ ਇਨੋਵਾ ਕ੍ਰਿਸਟਾ ਕਾਰ ਨੂੰ ਕੈਂਪਸ ਦੇ ਅੰਦਰ ਖੜਾ ਕੀਤਾ ਸੀ। ਅਗਲੀ ਸਵੇਰ ਕਾਰ ਧੋਣ ਵਾਲੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਕਾਰ ਦੇ ਚਾਰੇ ਟਾਇਰ ਗਾਇਬ ਹਨ। ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਕਾਰ ਇੱਟਾਂ 'ਤੇ ਖੜ੍ਹੀ ਸੀ ਅਤੇ ਚਾਰੇ ਟਾਇਰ ਰਿਮਾਂ ਸਮੇਤ ਚੋਰੀ ਹੋ ਚੁੱਕੇ ਸਨ।
ਇਸ ਪੂਰੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੋ ਚੋਰ ਬਿਲਕੁਲ ਸਾਫ਼ ਦਿਖਾਈ ਦੇ ਰਹੇ ਹਨ। ਫੁਟੇਜ ਵਿੱਚ ਇਹ ਵੀ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਯੋਜਨਾਬੱਧ ਢੰਗ ਨਾਲ ਕਾਰ ਨੂੰ ਇੱਟਾਂ 'ਤੇ ਖੜ੍ਹਾ ਕਰਦੇ ਹਨ, ਟਾਇਰ ਰਿਮਾਂ ਸਮੇਤ ਉਤਾਰਦੇ ਹਨ ਅਤੇ ਫਿਰ ਉਨ੍ਹਾਂ ਨੂੰ ਲੈ ਕੇ ਫਰਾਰ ਹੋ ਜਾਂਦੇ ਹਨ। ਪੁਲਿਸ ਲਈ ਇਹ ਫੁਟੇਜ ਜਾਂਚ ਦਾ ਅਹਿਮ ਸਬੂਤ ਮੰਨੀ ਜਾ ਰਹੀ ਹੈ। ਪੀੜਤ ਵਿਦਿਆਰਥੀ ਨੇ ਦੋਸ਼ ਲਗਾਇਆ ਕਿ ਘਟਨਾ ਦੀ ਜਾਣਕਾਰੀ ਦੇਣ ਦੇ ਬਾਵਜੂਦ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਉਸਦੀ ਗੰਭੀਰਤਾ ਨਾਲ ਸੁਣਵਾਈ ਨਹੀਂ ਕੀਤੀ। ਉਸ ਦਾ ਕਹਿਣਾ ਹੈ ਕਿ ਜੇਕਰ ਯੂਨੀਵਰਸਿਟੀ ਕੈਂਪਸ ਅੰਦਰ ਹੀ ਵਿਦਿਆਰਥੀਆਂ ਦੇ ਵਾਹਨ ਸੁਰੱਖਿਅਤ ਨਹੀਂ ਹਨ ਤਾਂ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।
ਥਾਣਾ ਪੀਏਯੂ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 303(2) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫੁਟੇਜ ਵਿੱਚ ਨਜ਼ਰ ਆ ਰਹੇ ਦੋਵੇਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।