- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਸੇਵਾ ਮੁਕਤੀ ਮਗਰੋਂ ਸਿਆਸੀ ਪਾਰੀ ਖੇਡਣ ਦੀ ਤਿਆਰੀ ਵਿੱਚ ਸਾਬਕਾ ਪੁਲਿਸ ਅਧਿਕਾਰੀ

-ਸਾਬਕਾ ਇੰਸਪੈਕਟਰ ਪ੍ਰੇਮ ਸਿੰਘ ਤੇ ਸਾਬਕਾ ਡੀਐੱਸਪੀ ਗੁਰਦੇਵ ਸਿੰਘ ਦੇ ਚੋਣ ਮੈਦਾਨ ’ਚ ਉਤਰਨ ਦੀ ਚਰਚਾ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪੰਜਾਬ ਦੀ ਸਿਆਸਤ ’ਚ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਸੇ ਦੌਰਾਨ ਪੁਲਿਸ ਵਿਭਾਗ ’ਚ ਲੰਮਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਵੱਲੋਂ ਸਿਆਸੀ ਪਾਰੀ ਸ਼ੁਰੂ ਕਰਨ ਦੀਆਂ ਚਰਚਾਵਾਂ ਨੇ ਵੀ ਸਿਆਸੀ ਹਲਕਿਆਂ ’ਚ ਨਵੀਂ ਚਰਚਾ ਛੇੜ ਦਿੱਤੀ ਹੈ।
ਸਿਆਸੀ ਗਲਿਆਰਿਆਂ ’ਚ ਚੱਲ ਰਹੀ ਚਰਚਾ ਅਨੁਸਾਰ ਸਾਬਕਾ ਪੁਲਿਸ ਇੰਸਪੈਕਟਰ ਪ੍ਰੇਮ ਸਿੰਘ ਵੱਲੋਂ ਜਗਰਾਉਂ ਰਿਜ਼ਰਵ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਗੁਰਦੇਵ ਸਿੰਘ ਦਾ ਨਾਮ ਵੀ ਲੁਧਿਆਣਾ ਜ਼ਿਲ੍ਹੇ ਦੇ ਕਿਸੇ ਵਿਧਾਨ ਸਭਾ ਹਲਕੇ ਤੋਂ ਸੰਭਾਵੀ ਉਮੀਦਵਾਰ ਵਜੋਂ ਚਰਚਾ ਵਿੱਚ ਆ ਰਿਹਾ ਹੈ। ਦੋਵੇਂ ਸਾਬਕਾ ਪੁਲਿਸ ਅਧਿਕਾਰੀਆਂ ਨਾਲ ਸਬੰਧਤ ਪੋਸਟਰ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ ਪੋਸਟਰਾਂ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਆਉਣ ਵਾਲੇ ਸਮੇਂ ਵਿੱਚ ਕਿਸੇ ਸਿਆਸੀ ਪਾਰਟੀ ਦਾ ਪੱਲਾ ਫੜ ਕੇ ਚੋਣ ਮੈਦਾਨ ’ਚ ਉਤਰ ਸਕਦੇ ਹਨ। ਹਾਲਾਂਕਿ, ਕਿਸ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਦਿੱਤੀ ਜਾਵੇਗੀ ਜਾਂ ਉਹ ਆਜ਼ਾਦ ਤੌਰ ’ਤੇ ਚੋਣ ਲੜਨਗੇ, ਇਸ ਸਬੰਧੀ ਅਜੇ ਕੋਈ ਅਧਿਕਾਰਤ ਐਲਾਨ ਸਾਹਮਣੇ ਨਹੀਂ ਆਇਆ।
ਪੁਲਿਸ ਵਿਭਾਗ ’ਚ ਸੇਵਾ ਨਿਭਾਅ ਚੁੱਕੇ ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਪੰਜਾਬ ਲਈ ਕੋਈ ਨਵੀਂ ਗੱਲ ਨਹੀਂ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਤਜਰਬੇ ਵਾਲੇ ਕਈ ਅਧਿਕਾਰੀ ਸੇਵਾਮੁਕਤੀ ਤੋਂ ਬਾਅਦ ਸਿਆਸੀ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ। ਅਜਿਹੇ ਵਿੱਚ ਪ੍ਰੇਮ ਸਿੰਘ ਅਤੇ ਗੁਰਦੇਵ ਸਿੰਘ ਦੇ ਨਾਮ ਸਾਹਮਣੇ ਆਉਣ ਨਾਲ ਲੁਧਿਆਣਾ ਅਤੇ ਜਗਰਾਉਂ ਖੇਤਰ ਦੀ ਸਿਆਸਤ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ। ਸਾਬਕਾ ਇੰਸਪੈਕਟਰ ਪ੍ਰੇਮ ਸਿੰਘ ਜਿੱਥੇ ਲੁਧਿਆਣਾ ਤੇ ਜਗਰਾਉਂ ਦੇ ਕਈ ਥਾਣਿਆਂ ਵਿੱਚ ਮੁੱਖ ਅਫਸਰ ਤੌਰ ’ਤੇ ਸੇਵਾਵਾਂ ਦੇ ਚੁੱਕੇ ਹਨ। ਉਸ ਦੇ ਨਾਲ ਹੀ ਉਹਨਾਂ ਲੰਮਾ ਸਮਾਂ ਕਰਾਈਮ ਬਰਾਂਚ ’ਚ ਵੀ ਸੇਵਾ ਨਿਭਾਈ ਹੈ ਇਸੇ ਤਰ੍ਹਾਂ ਏਸੀਪੀ ਗੁਰਦੇਵ ਸਿੰਘ ਜਿੱਥੇ ਵੱਖ-ਵੱਖ ਸਬ ਡਿਵੀਜ਼ਨਾਂ ਅੰਦਰ ਕੰਮ ਕਰ ਚੁੱਕੇ ਹਨ ਉੱਥੇ ਹੀ ਉਹ ਲੁਧਿਆਣਾ ਅੰਦਰ ਏਸੀਪੀ ਟਰੈਫਿਕ ਵੀ ਰਹਿ ਚੁੱਕੇ ਹਨ ਹੁਣ ਇਹ ਦੋਵੇਂ ਸਾਬਕਾ ਪੁਲਿਸ ਅਧਿਕਾਰੀਆਂ ਦੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ ਪਰ ਇਹ ਤਾਂ ਸਮਾਂ ਹੀ ਦੱਸੂਗਾ ਕਿ ਇਹਨਾਂ ਦੀਆਂ ਪੋਸਟਾਂ ਸਿਰਫ ਸੋਸ਼ਲ ਮੀਡੀਆ ਦਾ ਸ਼ਿੰਗਾਰ ਹੀ ਬਣ ਕੇ ਰਹਿ ਜਾਂਦੀਆਂ ਹਨ ਜਾਂ ਫਿਰ ਸਿਆਸੀ ਮੈਦਾਨ ’ਚ ਵੀ ਕਦਮ ਰੱਖਦੇ ਹਨ।