ਸਾਬਕਾ ਵਿਧਾਇਕ ਲੱਖਾ ਨੇ ਸਫ਼ਾਈ ਸੇਵਕਾਂ ਦੇ ਧਰਨੇ ਦੀ ਕੀਤੀ ਹਮਾਇਤ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸਫ਼ਾਈ ਸੇਵਕਾਂ ਦੇ ਧਰਨੇ ਦੀ ਹਮਾਇਤ ਕੀਤੀ
Publish Date: Mon, 27 Jul 2026 07:33 PM (IST)
Updated Date: Tue, 28 Jul 2026 04:07 AM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਮਲੌਦ : ਜਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ, ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ, ਕੌਂਸਲਰ ਗੁਰਪ੍ਰੀਤ ਸਿੰਘ ਗੋਪੀ ਸੋਮਲ ਖੇੜੀ ਅਤੇ ਹੋਰਨਾਂ ਆਗੂਆਂ ਸਮੇਤ ਨਗਰ ਪੰਚਾਇਤ ਮਲੌਦ ਵਿਖੇ ਪਿਛਲੇ 19 ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਕੰਮ ਛੋੜ ਹੜ੍ਹਤਾਲ ਤੇ ਚੱਲ ਰਹੇ ਸਫ਼ਾਈ ਸੇਵਕਾਂ ਦੇ ਧਰਨੇ ਵਿੱਚ ਸ਼ਮੂਲੀਅਤ ਕਰਕੇ ਆਪਣੀ ਹਮਾਇਤ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅੱਜ ਕਿਸੇ ਵੀ ਵਰਗ ਦੀਆਂ ਹੱਕੀ ਮੰਗਾਂ ਸੁਣਨ ਦੀ ਬਜਾਏ ਡੰਡਾ ਤੰਤਰ ਨਾਲ ਲੋਕਾਂ ਦੀ ਆਵਾਜ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਆਰਥਿਕ ਅਤੇ ਅਮਨ ਕਾਨੂੰਨ ਵਿਵਸਥਾ ਪੱਖੋਂ ਪੰਜਾਬ ਦੇ ਹਲਾਤ ਬਦ ਤੋ ਬਦਤਰ ਹੋ ਗਏ ਹਨ। ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਸਫ਼ਾਈ ਦਾ ਬਹੁਤ ਮਾੜਾ ਹਾਲ ਹੋ ਚੁੱਕਾ ਹੈ ਪਰ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਨੂੰ ਸੁਣਨ ਦੀ ਬਜਾਏ ਸਰਕਾਰ ਪੁਲਿਸ ਰਾਹੀਂ ਅੰਨ੍ਹਾ ਤਸ਼ੱਦਦ ਢਾਹ ਰਹੀ ਹੈ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਸਰਕਾਰ ਸਮੇਂ ਸਾਰੇ ਸਫ਼ਾਈ ਸੇਵਕਾਂ ਨੂੰ ਆਊਟਸੋਰਸ ਤੋਂ ਠੇਕੇ ਤੇ ਕਰਨ ਲਈ ਸਾਰੇ ਸ਼ਹਿਰਾਂ ’ਚ ਮਤੇ ਪਵਾਏ ਸਨ ਜਿਸ ਤਹਿਤ ਉਨ੍ਹਾਂ ਮਲੌਦ, ਪਾਇਲ ਅਤੇ ਦੋਰਾਹਾ ਵਿੱਚ ਵੀ ਮਤੇ ਪਾ ਕੇ ਸਫ਼ਾਈ ਸੇਵਕਾਂ ਨੂੰ ਠੇਕੇ ਤੇ ਕੀਤਾ ਸੀ ਜਿੰਨ੍ਹਾਂ ਨੂੰ ਬਾਅਦ ਵਿੱਚ ਪੱਕਾ ਕੀਤਾ ਜਾਣਾ ਸੀ ਪ੍ਰੰਤੂ ਮੌਜੂਦਾ ਸਰਕਾਰ ਨੇ ਉਨ੍ਹਾਂ ਨੂੰ ਕਾਂਗਰਸ ਸਰਕਾਰ ਸਮੇਂ ਠੇਕੇ ਤੇ ਕੀਤੇ ਸਫ਼ਾਈ ਸੇਵਕਾਂ ਨੂੰ ਪੱਤਰ ਵੰਡ ਕੇ ਫੌਕੀ ਵਾਹਵਾਹੀ ਦਾ ਖੱਟਣ ਦੀ ਕੋਸ਼ਿਸ਼ ਕੀਤੀ ਪਰ 4-5 ਸਾਲ ਬੀਤਣ ਤੇ ਵੀ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਬਜਾਏ ਡੰਡੇ ਵਰ੍ਹਾ ਰਹੀ ਹੈ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸਫ਼ਾਈ ਸੇਵਕਾਂ ਨੂੰ ਉਨ੍ਹਾਂ ਦੇ ਸੰਘਰਸ਼ ਵਿੱਚ ਨਾਲ ਖੜਣ ਦਾ ਭਰੋਸਾ ਦਿੰਦਿਆਂ 2027 ’ਚ ਕਾਂਗਰਸ ਸਰਕਾਰ ਬਣਨ ਤੇ ਹੱਕੀ ਮੰਗਾਂ ਪੂਰੀਆਂ ਕਰਨ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਸਾਬਕਾ ਪ੍ਰਧਾਨ ਯੂਥ ਕਾਂਗਰਸ ਰੁਪਿੰਦਰ ਸਿੰਘ ਬਿੰਦੂ ਪਾਇਲ, ਐਸ.ਸੀ. ਵਿੰਗ ਪ੍ਰਧਾਨ ਰਾਮ ਸਿੰਘ ਸੋਮਲ ਖੇੜੀ, ਸਾਬਕਾ ਕੌਂਸਲਰ ਰਮਨਜੀਤ ਸਿੰਘ ਗਰਚਾ ਪਾਇਲ, ਪਿ੍ਰੰਥੀ ਸਿੰਘ, ਜਸਵੀਰ ਸਿੰਘ ਆਦਿ ਤੋਂ ਇਲਾਵਾ ਸਫ਼ਾਈ ਸੇਵਕ ਹਾਜ਼ਰ ਸਨ।