ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਤਨਖਾਹਾਂ ਨਾ ਮਿਲਣ ’ਤੇ ਰੋਸ ਪ੍ਰਦਰਸ਼ਨ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਵੱਲੋਂ 5 ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਕਾਰਨ ਪਾਇਲ ਵਿਖੇ ਰੋਸ਼ ਪ੍ਰਦਰਸ਼ਨ
Publish Date: Mon, 27 Jul 2026 07:54 PM (IST)
Updated Date: Tue, 28 Jul 2026 04:07 AM (IST)
ਐੱਸਡੀਐੱਮ ਪਾਇਲ ਰਾਹੀਂ ਵਿੱਤ ਮੰਤਰੀ ਤੇ ਮਹਿਕਮੇ ਨੂੰ ਭੇਜਿਆ ਮੰਗ ਪੱਤਰ ਹੈਪੀ ਜੱਲ੍ਹਾ/ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਪਾਇਲ/ਜੌੜੇਪੁਲ ਜਰਗ : ਅੱਜ ਪਾਇਲ ਕੋਰਟ ਕੰਪਲੈਕਸ ਵਿਖੇ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਦੀ ਜਥੇਬੰਦੀ ਜੰਗਲਾਤ ਵਰਕਰਜ ਯੂਨੀਅਨ ਵਣ ਰੇਂਜ ਦੋਰਾਹਾ, ਮੰਡਲ ਲੁਧਿਆਣਾ ਵੱਲੋਂ ਅਪਣੀਆਂ 5 ਮਹੀਨੇ ਦੀਆਂ ਰੁਕੀਆਂ ਤਨਖਾਹਾਂ ਤੇ ਹੋਰ ਹੱਕੀ ਮੰਗਾਂ ਦੇ ਰੋਸ ਵਜੋਂ ਰੋਸ ਧਰਨਾ ਲਗਾਇਆ ਗਿਆ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੁੱਖ ਵਣਪਾਲ,ਦਫਤਰ ਵਣ ਭਵਨ, ਮੋਹਾਲੀ ਨੂੰ ਲਿਖਿਆ ਮੰਗ ਪੱਤਰ ਐਸ ਡੀ ਐਮ ਪਾਇਲ ਰਾਹੀਂ ਵਿੱਤ ਮੰਤਰੀ ਨੂੰ ਭੇਜਿਆ, ਜਿਸ ਚ ਉਹਨਾ ਜੰਗਲਾਤ ਵਿਭਾਗ ਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਦਾ ਹੱਲ ਨਾ ਹੋਣ ਦੇ ਰੋਸ ਵਜੋਂ 10 ਅਗਸਤ ਨੂੰ ਮੁਹਾਲੀ ਮੁੱਖ਼ ਦਫ਼ਤਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਜਥੇਬੰਦੀ ਵੱਲੋਂ ਮਾਣਯੋਗ ਵਣ ਮੰਤਰੀ ਅਤੇ ਪ੍ਰਧਾਨ ਵਣਪਾਲ ਦੀ ਮੌਜੂਦਗੀ ਚ 6 ਜੁਲਾਈ ਨੂੰ ਮੀਟਿੰਗ ਕੀਤੀ ਗਈ ਸੀ ਅਤੇ ਇਸ ਮੀਟਿੰਗ ਚ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਅਗਲੇ ਹਫਤੇ ਬੱਜਟ ਹਰ ਹਾਲ ਚ ਭੇਜ ਦਿੱਤਾ ਜਾਵੇਗਾ, ਪਰ ਹੁਣ ਤੱਕ ਤਨਖਾਹਾਂ ਦਾ ਬੱਜਟ ਨਹੀਂ ਭੇਜਿਆ ਗਿਆ। ਸਰਕਾਰ ਵੱਲੋਂ ਨਵੀਂ ਪਾਲਿਸੀ 2026 ਬਣਾਈ ਗਈ, ਜਿਸ ਦੇ ਤਹਿਤ ਪ੍ਰਸੋਨਲ ਵਿਭਾਗ ਦੇ ਪੱਤਰ 13-07-2026 ਰਾਹੀਂ ਸਮੂਹ ਵਿਭਾਗਾਂ ਤੋਂ 10-07-2026 ਤੱਕ ਲਗਾਤਰ 10 ਸਾਲ ਵਿਭਾਗ ਚ ਕੰਮ ਕਰਦੇ ਕਾਮਿਆਂ ਦੀ ਗਿਣਤੀ ਲਈ ਗਈ ਹੈ। ਜਿਸ ਦੇ ਤਹਿਤ ਸਮੂਹ ਡੀ. ਡੀ. ਓਜ. ਨੂੰ 21 ਜੁਲਾਈ 2026 ਤੱਕ ਲਗਾਤਰ 10 ਸਾਲ ਪੂਰੇ ਕਰਦੇ ਵਰਕਰਾਂ ਦੇ ਰਿਕਾਰਡ ਦੀ ਸੂਚੀ ਤਿਆਰ ਕਰਨ ਲਈ ਆਦੇਸ਼ ਦਿੱਤੇ ਗਏ ਹਨ। ਜਥੇਬੰਦੀ ਵੱਲੋਂ ਮਹਿਕਮੇ ਨਾਲ ਕਈ ਮੀਟਿੰਗਾਂ ਹੋਈਆ , ਪਰ ਜਦੋਂ ਮੀਟਿੰਗ ਚ ਸੂਚੀ ਅਪਡੇਟ ਕਰਨ ਦੀ ਮੰਗ ਕੀਤੀ ਜਾਦੀ ਸੀ, ਤਾਂ ਪ੍ਰਧਾਨ ਵਨਪਾਲ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਕਿਹਾ ਜਾਂਦਾ ਸੀ ਕਿ ਜੇਕਰ ਸਰਕਾਰ ਕੋਈ ਪਾਲਿਸੀ ਬਣਾਏਗੀ ਤਾਂ ਜਰੂਰ ਸੂਚੀ ਅਪਡੇਟ ਕੀਤੀ ਜਾਵੇਗੀ। ਹੁਣ ਤਾਂ ਸਰਕਾਰ ਪਾਲਿਸੀ ਬਣਾਉਣ ਜਾ ਰਹੀ ਹੈ, ਜਥੇਬੰਦੀ ਵੱਲੋਂ ਆਪ ਨੂੰ ਬੇਨਤੀ ਹੈ, ਕਿ ਇਸ ਸੂਚੀ ਦੇ ਨਾਲ ਹੀ ਪੰਜਾਬ ਦੇ ਸਮੂਹ ਕਾਮਿਆਂ ਦਾ ਰਿਕਾਰਡ ਵੀ ਜੁਲਾਈ 2026 ਤੱਕ ਅਪਡੇਟ ਕੀਤਾ ਜਾਵੇ। ਪਰ ਜੇਕਰ ਆਪ ਵੱਲੋਂ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਮਜ਼ਬੂਰਨ ਜੰਥੇਬੰਦੀ 10 ਅਗਸਤ ਨੂੰ ਸੂਬਾ ਪੱਧਰੀ ਰੈਲੀ ਮੁੱਖ ਦਫਤਰ ਵਣ ਭਵਨ ਮੋਹਾਲੀ ਵਿਖੇ ਕਰਨ ਲਈ ਮਜਬੂਰ ਹੋਵੇਗੀ , ਜਿਸ ਦੀ ਸਮੁੱਚੀ ਜਿੰਮੇਵਾਰੀ ਮਹਿਕਮੇ ਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ, ਚੇਅਰਮੈਨ ਕਿਰਤਪਾਲ ਸਿੰਘ, ਖਜਾਨਚੀ ਬਲਜੀਤ ਸਿੰਘ, ਹਰਵਿੰਦਰ ਸਿੰਘ, ਬਿੱਟੂ ਸਿੰਘ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ ਦਲਜੀਤ ਸਿੰਘ , ਰਮਜਾਨ ਖਾਨ, ਸੰਦੀਪ ਸਿੰਘ, ਤੀਰਭਵਨ ਸਿੰਘ, ਰਾਜ ਕੁਮਾਰ, ਲਖਬੀਰ ਸਿੰਘ, ਸੈਫਦੀਨ, ਸਹਿਜਪ੍ਰੀਤ ਸਿੰਘ, ਗੁਰਕੀਰਤਨ ਸਿੰਘ, ਬਿੰਦਰ ਕੌਰ, ਪਰਮਜੀਤ ਕੌਰ ਤੇ ਕਰਨੈਲ ਕੌਰ ਸਮੇਤ ਹੋਰ ਹਾਜ਼ਰ ਸਨ।