ਪਿੰਡ ਗਗੜਾ ਦੇ ਗੁਰਦੁਆਰਾ ਸਾਹਿਬ ’ਤੇ ਅੱਧੀ ਰਾਤ ਨੂੰ ਫਾਇਰਿੰਗ ਪਿੰਡ ਗਗੜਾ ਦੇ ਗੁਰਦੁਆਰਾ ਸਾਹਿਬ ’ਤੇ ਅੱਧੀ ਰਾਤ ਨੂੰ ਫਾਇਰਿੰਗ
Publish Date: Tue, 27 Oct 2026 08:07 PM (IST)
Updated Date: Tue, 27 Oct 2026 08:10 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨੇੜਲੇ ਪਿੰਡ ਗਗੜਾ ਦੇ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਦੇ ਮੁੱਖ ਸੇਵਾਦਾਰ ਵੱਲੋਂ ਅਕਾਲੀ-ਭਾਜਪਾਈਆਂ ਨੂੰ ਸਨਮਾਨਿਤ ਕਰਨ ਤੋਂ ਖਫਾ ਨਕਾਬਪੋਸ਼ ਨੇ ਬੀਤੀ ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਸੱਚਖੰਡ ਦੀ ਕੰਧ ’ਤੇ ਦੋ ਰਾਊਂਡ ਫਾਇਰ ਕੀਤੇ। ਨਕਾਬਪੋਸ਼ ਨੇ ਫਾਇਰਿੰਗ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗੇਟ ਦੇ ਅੰਦਰਲੇ ਪਾਸੇ ਇੱਕ ਕਾਲੇ ਰੰਗ ਦਾ ਲਿਫਾਫਾ ਟੰਗਿਆ, ਜਿਸ ਵਿਚ ਧਮਕੀ ਪੱਤਰ ਸੀ। ਇਸ ਧਮਕੀ ਪੱਤਰ ਵਿਚ ਗੁਰਦੁਆਰਾ ਸਾਹਿਬ ਦੇ ਬਾਬੇ ਅਤੇ ਇੱਕ ਯੂਥ ਅਕਾਲੀ ਆਗੂ ਨੂੰ ਜਾਨੋਂ ਮਾਰਨ ਤੋਂ ਇਲਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਖ਼ਿਲਾਫ਼ ਵੀ ਭੱਦੀ ਸ਼ਬਦਾਵਲੀ ਦੀਆਂ ਟਿੱਪਣੀਆਂ ਕੀਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਕਰੀਬ ਅੱਧੀ ਰਾਤ ਨੂੰ ਮੂੰਹ ’ਤੇ ਅਨੇਕ ਲਗਾ ਕੇ ਪੈਦਲ ਆਏ ਨਕਾਬਪੋਸ਼ ਨੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਗੇਟ ’ਤੇ ਕਾਲੇ ਰੰਗ ਦਾ ਲਿਫਾਫਾ ਟੰਗਿਆ ਅਤੇ ਫਿਰ ਗੁਰਦੁਆਰਾ ਸਾਹਿਬ ਦੇ ਸ੍ਰੀ ਸੱਚਖੰਡ ਸਾਹਿਬ ਦੀ ਕੰਧ ’ਤੇ ਦੋ ਰਾਊਂਡ ਫਾਇਰ ਕਰਨ ਤੋਂ ਬਾਅਦ ਪੈਦਲ ਵਾਪਸ ਪਰਤ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਕੁਝ ਸਮੇਂ ਬਾਅਦ ਹੀ ਜਗਰਾਓਂ ਸਬਡਵੀਜ਼ਨ ਦੇ ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ, ਜਗਰਾਓਂ ਸੀਆਈਏ ਸਟਾਂਫ਼ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿਘ, ਜਗਰਾਓਂ ਥਾਣਾ ਸਦਰ ਦੇ ਮੁਖੀ ਸੁਖਵਿੰਦਰ ਸਿੰਘ ਦਿਓਲ ਪੁਲਿਸ ਪਾਰਟੀ ਸਮੇਤ ਪੁੱਜੇ। ਜਿਨ੍ਹਾਂ ਸੀਸੀਟੀਵੀ ਕੈਮਰੇ ਖੰਗਾਲਣ ਤੋਂ ਬਾਅਦ ਫਾਇਰਿੰਗ ਕਰਨ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਜਗਰਾਓਂ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਵੀ ਗੁਰਦੁਆਰਾ ਸਾਹਿਬ ਪੁੱਜੇ। ਜਿੱਥੇ ਉਨ੍ਹਾਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਫਾਇਰਿੰਗ ਕਰਨ ਵਾਲੇ ਨਕਾਬਪੋਸ਼ ਵੱਲੋਂ ਟੰਗੇ ਧਮਕੀ ਪੱਤਰ ਵਿਚ ਅਕਾਲੀ ਦਲ -ਬੀਜੇਪੀ ਮੁਰਦਾਬਾਦ ਲਿਖਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਬਾਰੇ ਲਿਖਿਆ ਕਿ ਉਹ ਅਕਾਲੀਆਂ ਨੂੰ ਬਹੁਤ ਸਪੋਰਟ ਕਰਦਾ ਹੈ ਅਤੇ ਅੱਗੇ ਹੋ ਕੇ ਸਿਰੋਪੇ ਪਾਉਂਦਾ ਹੈ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਖ਼ਿਲਾਫ਼ ਬਾਰੇ ਭੱਦੀ ਸ਼ਬਦਾਵਲੀ ਲਿਖਦਾ ਉਨ੍ਹਾਂ ਨੂੰ ਵੀ ਸਨਮਾਨਿਤ ਕਰਨ ਤੇ ਰੋਸ ਜਾਹਰ ਕਰਦਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਗੁਰਿੰਦਰ ਸਿੰਘ ਰੂਮੀ ਦਾ ਜ਼ਿਕਰ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਉਸ ਦੇ ਘਰ ਕੀਤੀ ਫਾਇਰਿੰਗ ਦਾ ਵੀ ਜ਼ਿਕਰ ਕਰਦਾ ਹੋਇਆ ਨੂੰ ਵੀ ਧਮਕੀ ਦਿੰਦਾ ਉਸ ਦੇ ਥੋੜੇ ਦਿਨ ਰਹਿ ਗਏ ਲਿਖਦਾ ਹੈ।