ਖੰਨਾ-ਮਲੇਰਕੋਟਲਾ ਰੋਡ ’ਤੇ ਅੱਗ ਦਾ ਤਾਂਡਵ! ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਸੜ ਗਏ ਹਰੇ-ਭਰੇ ਦਰੱਖਤ ਖੰਨਾ-ਮਲੇਰਕੋਟਲਾ ਰੋਡ ’ਤੇ ਅੱਗ ਦਾ ਤਾਂਡਵ! ਵਣ ਵਿਭਾਗ ਦੀ ਜ਼ਮੀਨ ’ਤੇ ਸੜ ਗਏ ਹਰੇ-ਭਰੇ ਦਰੱਖਤ
Publish Date: Sat, 21 Nov 2026 08:14 PM (IST)
Updated Date: Sun, 22 Nov 2026 04:07 AM (IST)
* ਡਿਊਟੀ ’ਤੇ ਸਵਾਲਾਂ ਦੇ ਘੇਰੇ ’ਚ ਵਣ ਗਾਰਡ * ਇਕੋਲਾਹਾ ਨੇੜੇ ਕੂੜੇ ਨੂੰ ਲੱਗੀ ਅੱਗ ਨਾਲ ਦਰੱਖਤਾਂ ਦੀਆਂ ਜੜ੍ਹਾਂ ਤੱਕ ਪਹੁੰਚੀਆਂ ਲਪਟਾਂ * ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਉੱਚ ਅਧਿਕਾਰੀਆਂ ਤੋਂ ਮੰਗੀ ਜਾਂਚ ਤੇ ਕਾਰਵਾਈ ਪੀ 17 : ਪਿੰਡ ਇਕੋਲਾਹਾ ਨੇੜੇ ਹਰੇ ਭਰੇ ਦਰੱਖਤਾਂ ’ਚ ਲੱਗੀ ਅੱਗ ਦੀ ਤਸਵੀਰ। ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਖੰਨਾ-ਮਲੇਰਕੋਟਲਾ ਰੋਡ ’ਤੇ ਪਿੰਡ ਇਕੋਲਾਹਾ ਨੇੜੇ ਅੱਗ ਨੇ ਅਜਿਹਾ ਕਹਿਰ ਵਰਤਾਇਆ ਕਿ ਵਣ ਵਿਭਾਗ ਦੀ ਜ਼ਮੀਨ ’ਤੇ ਲੱਗੇ ਹਰੇ-ਭਰੇ ਦਰੱਖਤ ਸੜ ਕੇ ਨੁਕਸਾਨੇ ਗਏ। ਸੜਕ ਕਿਨਾਰੇ ਪਏ ਕੂੜੇ ਨੂੰ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ ਦਰੱਖਤਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਅੱਗ ਦੀਆਂ ਲਪਟਾਂ ਦਰੱਖਤਾਂ ਦੇ ਹੇਠਲੇ ਹਿੱਸਿਆਂ ਤੋਂ ਹੁੰਦੀਆਂ ਹੋਈਆਂ ਜੜ੍ਹਾਂ ਤੱਕ ਪਹੁੰਚ ਗਈਆਂ। ਉੱਪਰ ਉੱਠਦੇ ਧੂੰਏਂ ਨੇ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਲਈ ਵੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ। ਇਸ ਘਟਨਾ ਨੇ ਵਣ ਵਿਭਾਗ ਦੀ ਨਿਗਰਾਨੀ ਤੇ ਮੁਲਾਜ਼ਮਾਂ ਦੀ ਡਿਊਟੀ ਪ੍ਰਤੀ ਜਵਾਬਦੇਹੀ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੌਕੇ ’ਤੇ ਮੌਜੂਦ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੋਸ਼ ਲਗਾਇਆ ਕਿ ਘਟਨਾ ਸਮੇਂ ਸਬੰਧਤ ਵਣ ਗਾਰਡ ਜੋਤੀ ਮੌਕੇ ’ਤੇ ਮੌਜੂਦ ਨਹੀਂ ਸੀ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਵਿਭਾਗ ਦੀ ਜ਼ਮੀਨ ’ਤੇ ਦਰੱਖਤਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵਿਭਾਗ ਦੀ ਹੈ ਤਾਂ ਫਿਰ ਅਜਿਹੀ ਘਟਨਾ ਸਮੇਂ ਨਿਗਰਾਨੀ ਕਿੱਥੇ ਸੀ? ਕੀ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਦਰੱਖਤਾਂ ਨੂੰ ਬਚਾਇਆ ਨਹੀਂ ਜਾ ਸਕਦਾ ਸੀ? ਮਾਮਲੇ ਸਬੰਧੀ ਜਦੋਂ ਵਣ ਰੇਂਜ ਦੋਰਾਹਾ ਦੇ ਅਧਿਕਾਰੀ ਬੋਹੜ ਸਿੰਘ ਬੁੱਟਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਸ਼ਿਕਾਇਤਕਰਤਾ ਅਨੁਸਾਰ ਅਧਿਕਾਰੀ ਵੱਲੋਂ ਵਣ ਗਾਰਡ ਜੋਤੀ ਦਾ ਬਚਾਅ ਕੀਤਾ ਗਿਆ। ਪਰ ਸਵਾਲ ਇਹ ਹੈ ਕਿ ਦਰੱਖਤਾਂ ਦੇ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਕੌਣ ਲਵੇਗਾ ਅਤੇ ਕੀ ਵਿਭਾਗ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏਗਾ? ਜ਼ਿਕਰਯੋਗ ਹੈ ਕਿ ਵਣ ਰੇਂਜ ਦੋਰਾਹਾ ਪਹਿਲਾਂ ਵੀ ਯੂਨੀਪੋਲਾਂ ਤੇ ਕਥਿਤ ਨਾਜਾਇਜ਼ ਕਬਜ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਚਰਚਾ ’ਚ ਰਹੀ ਹੈ। ਹੁਣ ਹਰੇ-ਭਰੇ ਦਰੱਖਤਾਂ ਦੇ ਅੱਗ ਦੀ ਭੇਟ ਚੜ੍ਹਨ ਨਾਲ ਵਿਭਾਗ ਦੀ ਕਾਰਗੁਜ਼ਾਰੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਲੋਕਾਂ ਨੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜੇ ਦਰੱਖਤਾਂ ਦਾ ਮੁਲਾਂਕਣ ਕਰਵਾਇਆ ਜਾਵੇ, ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਹੋਵੇ ਤੇ ਜੇਕਰ ਕਿਸੇ ਮੁਲਾਜ਼ਮ ਦੀ ਡਿਊਟੀ ’ਚ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।