ਨਕਲੀ ਡੀਏਪੀ ਖਾਦ ਦੇ 139 ਥੈਲੇ ਬਰਾਮਦ, ਕੇਸ ਦਰਜ ਨਕਲੀ ਡੀਏਪੀ ਖਾਦ ਦੀ ਵਿਕਰੀ ਦੇ ਮਾਮਲੇ ਵਿੱਚ ਥਾਣਾ ਸਮਰਾਲਾ ਵਿਖੇ ਐੱਫਆਈਆਰ ਦਰਜ
Publish Date: Tue, 20 Oct 2026 07:29 PM (IST)
Updated Date: Tue, 20 Oct 2026 07:30 PM (IST)
ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਕਿਸਾਨਾਂ ਨੂੰ ਮਿਆਰੀ ਖੇਤੀ ਇਨਪੁੱਟ ਮੁਹੱਈਆ ਕਰਵਾਉਣ ਅਤੇ ਨਕਲੀ ਖਾਦ ਦੀ ਵਿਕਰੀ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਤਹਿਤ ਡੀਏਪੀ ਖਾਦ ਦੀ ਕਥਿਤ ਗੈਰ-ਕਾਨੂੰਨੀ ਵਿਕਰੀ ਦੇ ਮਾਮਲੇ ਵਿੱਚ ਥਾਣਾ ਸਮਰਾਲਾ ਵਿਖੇ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਖਾਦ ਕੰਟਰੋਲ ਆਰਡਰ, 1985, ਜ਼ਰੂਰੀ ਵਸਤਾਂ ਐਕਟ, 1955 ਅਤੇ ਭਾਰਤੀ ਨਿਆਂ ਸੰਹਿਤਾ, 2023 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਮਾਮਲੇ ਵਿੱਚ ਖਾਦ ਦੀ ਕਥਿਤ ਗੈਰ-ਕਾਨੂੰਨੀ ਵਿਕਰੀ ਅਤੇ ਖਾਦ ਦੀ ਗੁਣਵੱਤਾ ਤੇ ਅਸਲ ਪਛਾਣ ਨਾਲ ਸਬੰਧਤ ਗੰਭੀਰ ਉਲੰਘਣਾ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਚੌਂਕੀ ਇੰਚਾਰਜ ਮੁਖਤਿਆਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਗਲੀ ਤੋਂ 90 ਥੈਲੇ ਅਤੇ ਸੰਗਤਪੁਰਾ ਤੋਂ 49 ਥੈਲੇ ਨਕਲੀ ਡੀ ਏਪੀ ਦੀ ਖਾਦ ਬਰਾਮਦ ਕੀਤੀ ਗਈ। ਇਸ ਸਬੰਧੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਡੀ.ਏ.ਪੀ. ਅਤੇ ਹੋਰ ਖਾਦਾਂ ਸਿਰਫ਼ ਅਧਿਕਾਰਤ ਵਿਕਰੇਤਾਵਾਂ ਤੋਂ ਹੀ ਖਰੀਦਣ, ਖਰੀਦ ਸਮੇਂ ਪੱਕਾ ਬਿੱਲ ਜ਼ਰੂਰ ਲੈਣ ਅਤੇ ਖਾਦ ਦੀ ਬੋਰੀ ਉੱਤੇ ਦਰਜ ਨਿਰਮਾਤਾ, ਬੈਚ ਨੰਬਰ ਅਤੇ ਹੋਰ ਵੇਰਵਿਆਂ ਦੀ ਜਾਂਚ ਕਰਨ। ਜੇਕਰ ਕਿਸੇ ਵਿਅਕਤੀ ਵੱਲੋਂ ਬਿਨਾਂ ਅਧਿਕਾਰ ਜਾਂ ਸ਼ੱਕੀ ਢੰਗ ਨਾਲ ਖਾਦ ਵੇਚੀ ਜਾ ਰਹੀ ਹੋਵੇ, ਤਾਂ ਇਸ ਦੀ ਸੂਚਨਾ ਤੁਰੰਤ ਖੇਤੀਬਾੜੀ ਵਿਭਾਗ ਜਾਂ ਪੁਲਿਸ ਨੂੰ ਦਿੱਤੀ ਜਾਵੇ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਖੇਤੀਬਾੜੀ ਇਨਪੁੱਟ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਜਾਰੀ ਰਹੇਗੀ।