ਜਨਗਣਨਾ ਡਿਊਟੀ ’ਤੇ ਨਾ ਆਉਣ ਵਾਲਿਆਂ ਖ਼ਿਲਾਫ਼ ਹੋਵੇਗੀ ਐਫਆਈਆਰ
ਜਨਗਣਨਾ ਡਿਊਟੀ ਤੇ ਨਾ ਆਉਣ ਵਾਲੇ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਖਿਲਾਫ ਹੋਈ ਐਫਆਈਆਰ ਤਿਆਰੀ
Publish Date: Thu, 14 May 2026 11:29 PM (IST)
Updated Date: Fri, 15 May 2026 04:16 AM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਡਿਜੀਟਲ ਜਨਗਣਨਾ-2027 ਦੇ ਤਹਿਤ ਸਵੈ ਗਣਨਾ ਦਾ ਅੱਜ ਆਖਰੀ ਦਿਨ ਸੀ। ਜਿਸ ਤੋਂ ਬਾਅਦ ਹੁਣ ਪਹਿਲੇ ਪੜਾਅ (ਘਰ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ) ਤਹਿਤ ਅੰਜ ਤੋਂ ਫੀਲਡ ਸਰਵੇਖਣ ਸ਼ੁਰੂ ਹੋਵਗਾ। ਜਿਸ ਲਈ ਨਗਰ ਨਿਗਮ ਦੇ ਜ਼ੋਨਲ ਦਫਤਰਾਂ ਵਿੱਚ ਜਨਗਣਨਾ ਵਿੱਚ ਡਿਊਟੀ ਵਾਲੇ ਸੁਪਰਵਾਇਜ਼ਰਾਂ ਤੇ ਗਿਣਤੀਕਾਰਾਂ ਨੂੰ ਕਿੱਟਾਂ ਵੰਡੀਆਂ ਗਈਆਂ। ਭਾਵੇਂ ਕਿ ਅੱਜ ਤੋਂ ਡਿਜੀਟਲ ਜਨਗਣਨਾ-2027 ਦੇ ਤਹਿਤ ਫੀਲਡ ਸਰਵੇਖਣ ਸ਼ੁਰੂ ਹੋਵਗਾ, ਪਰ ਮਿਲੀ ਜਾਣਕਾਰੀ ਅਨੁਸਾਰ ਕਈ ਸੁਪਰਵਾਇਜ਼ਰਾਂ ਤੇ ਗਿਣਤੀਕਾਰਾਂ ਵੱਲੋਂ ਅਜੇ ਤੱਕ ਆਪਣੀਆਂ ਕਿੱਟਾਂ ਪ੍ਰਾਪਤ ਨਹੀਂ ਕੀਤੀਆਂ ਗਈਆਂ। ਇਸ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਨਗਣਨਾ ਡਿਊਟੀ ਲਈ ਨਾ ਆਉਣ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਵਿਰੁੱਧ ਜਨਗਣਨਾ ਐਕਟ 1948 ਦੇ ਤਹਿਤ ਉਨ੍ਹਾਂ ਦੀ ਤਨਖਾਹ ਬੰਦ ਕਰਨ ਦੀ ਕਾਰਵਾਈ ਸਮੇਤ ਐਫਆਈਆਰ ਦਰਜ ਕਰਵਾਈ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਜਨਗਣਨਾ ਡਿਊਟੀਆਂ ਅਤੇ ਉਨ੍ਹਾਂ ਦੇ ਬਲਾਕ ਵੀ ਅਲਾਟ ਕਰ ਦਿੱਤੇ ਗਏ ਹਨ। ਇਸ ਸਬੰਧੀ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਵੱਲੋਂ ਇਕ ਵੀਡੀਓ ਸੁਨੇਹੇ ਜਰੀਏ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਡਿਊਟੀ ਤੇ ਆਉਣ ਲਈ ਆਖਿਆ ਗਿਆ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿੱਟਾਂ ਗਿਣਤੀਕਾਰਾਂ ਨੂੰ ਵੰਡੀਆਂ ਗਈਆਂ ਹਨ ਅਤੇ ਜਿਹੜੇ ਗਿਣਤੀਕਾਰ ਤੇ ਸੁਪਰਵਾਈਜ਼ਰ ਕਿੱਟਾਂ ਇਕੱਠੀਆਂ ਕਰਨ ਅਤੇ ਆਪਣੀ ਡਿਊਟੀ ਨਿਭਾਉਣ ਲਈ ਨਹੀਂ ਪਹੁੰਚਣਗੇ, ਉਨ੍ਹਾਂ ਨੂੰ ਜਨਗਣਨਾ ਐਕਟ 1948 ਦੇ ਤਹਿਤ ਐਫਆਈਆਰ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ, ਨਗਰ ਨਿਗਮ ਦੇ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ ਡਾ. ਨੀਰੂ ਕਤਿਆਲ ਗੁਪਤਾ ਨੇ ਕਿਹਾ ਕਿ ਸ਼ਹਿਰਵਾਸੀ 14 ਮਈ ਤੱਕ ਸਵੈ-ਗਣਨਾ ਕਰ ਸਕਦੇ ਸਨ ਅਤੇ ਅੱਜ ਤੋਂ ਜਨਗਣਨਾ ਲਈ ਫੀਲਡ ਸਰਵੇਖਣ ਸ਼ੁਰੂ ਹੋ ਰਿਆ ਹੈ ਜੋ 13 ਜੂਨ 2026 ਤੱਕ ਚੱਲੇਗਾ। ਡਾ. ਗੁਪਤਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਿਣਤੀਕਾਰਾਂ ਨਾਲ ਸਹਿਯੋਗ ਕਰਨ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨ। ਜੇਕਰ ਵਸਨੀਕਾਂ ਨੇ ਸਵੈ-ਗਣਨਾ ਪੂਰੀ ਕਰ ਲਈ ਹੈ, ਤਾਂ ਉਨ੍ਹਾਂ ਨੂੰ ਸਿਰਫ਼ ਗਿਣਤੀਕਾਰਾਂ ਨਾਲ ਐਸ.ਈ-ਆਈ.ਡੀ ਸਾਂਝੀ ਕਰਨੀ ਪਵੇਗੀ।