ਪੰਜਾਬੀ ਸਿਨੇਮਾ ਦੀ ਗਲੋਬਲ ਉਡਾਣ: ਜਾਗਰਣ ਫ਼ਿਲਮ ਫੈਸਟੀਵਲ ’ਚ ਪੁੱਜੇ ਸਿਹਤ ਮੰਤਰੀ ਦਾ ਵੱਡਾ ਬਿਆਨ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ’ਚ ਆਪਣੀ ਫ਼ਿਲਮ ਸਿਟੀ ਬਣਨ ਨਾਲ ਸੂਬੇ ਦੇ ਫ਼ਿਲਮ ਉਦਯੋਗ ਨੂੰ ਨਵੀਂ ਉਡਾਣ ਮਿਲੇਗੀ। ਇਸ ਨਾਲ ਬਾਲੀਵੁੱਡ ਦੇ ਨਾਲ ਪਾਲੀਵੁੱਡ ਵੀ ਚਮਕੇਗਾ ਅਤੇ ਪੰਜਾਬੀ ਕਲਾਕਾਰਾਂ ਨੂੰ ਵੱਡੇ ਪੱਧਰ ’ਤੇ ਕੰਮ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਦਿਲਜੀਤ ਦੋਸਾਂਝ ਨੇ ਦੁਨੀਆ ਭਰ ’ਚ ਪੰਜਾਬੀ ਕਲਾ ਤੇ ਸੱਭਿਆਚਾਰ ਨੂੰ ਪਛਾਣ ਦਿਵਾਈ ਹੈ। ਬਿਹਤਰ ਬੁਨਿਆਦੀ ਢਾਂਚਾ ਮਿਲਣ ਨਾਲ ਅਜਿਹੀਆਂ ਪ੍ਰਤਿਭਾਵਾਂ ਨੂੰ ਹੋਰ ਅੱਗੇ ਵਧਣ ਦਾ ਮੌਕਾ ਮਿਲੇਗਾ।
Publish Date: Mon, 05 Oct 2026 08:12 AM (IST)
Updated Date: Mon, 05 Oct 2026 08:16 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ। ਰੋਜ਼ਾਨਾ ਜਾਗਰਣ ਵੱਲੋਂ ਐੱਮਬੀਡੀ ਮਾਲ ’ਚ ਕਰਵਾਏ ਜਾ ਰਹੇ ਜਾਗਰਣ ਫ਼ਿਲਮ ਫੈਸਟੀਵਲ ਦੇ ਆਖ਼ਰੀ ਦਿਨ ਐਤਵਾਰ ਨੂੰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਪੁੱਜੇ। ਉਨ੍ਹਾਂ ਫੈਸਟੀਵਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਪੰਜਾਬੀ ਸੱਭਿਆਚਾਰ, ਕਲਾ ਤੇ ਸਿਨੇਮਾ ਨੂੰ ਨਵੀਂ ਪਛਾਣ ਦੇਣ ਦੇ ਨਾਲ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੰਚ ਦਿੰਦੇ ਹਨ। ਵਪਾਰਕ ਫ਼ਿਲਮਾਂ ਦੇ ਨਾਲ ਆਰਟ ਫ਼ਿਲਮਾਂ ਨੂੰ ਵੀ ਥਾਂ ਮਿਲਣਾ ਇਸ ਦੀ ਖ਼ਾਸੀਅਤ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ’ਚ ਆਪਣੀ ਫ਼ਿਲਮ ਸਿਟੀ ਬਣਨ ਨਾਲ ਸੂਬੇ ਦੇ ਫ਼ਿਲਮ ਉਦਯੋਗ ਨੂੰ ਨਵੀਂ ਉਡਾਣ ਮਿਲੇਗੀ। ਇਸ ਨਾਲ ਬਾਲੀਵੁੱਡ ਦੇ ਨਾਲ ਪਾਲੀਵੁੱਡ ਵੀ ਚਮਕੇਗਾ ਅਤੇ ਪੰਜਾਬੀ ਕਲਾਕਾਰਾਂ ਨੂੰ ਵੱਡੇ ਪੱਧਰ ’ਤੇ ਕੰਮ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਦਿਲਜੀਤ ਦੋਸਾਂਝ ਨੇ ਦੁਨੀਆ ਭਰ ’ਚ ਪੰਜਾਬੀ ਕਲਾ ਤੇ ਸੱਭਿਆਚਾਰ ਨੂੰ ਪਛਾਣ ਦਿਵਾਈ ਹੈ। ਬਿਹਤਰ ਬੁਨਿਆਦੀ ਢਾਂਚਾ ਮਿਲਣ ਨਾਲ ਅਜਿਹੀਆਂ ਪ੍ਰਤਿਭਾਵਾਂ ਨੂੰ ਹੋਰ ਅੱਗੇ ਵਧਣ ਦਾ ਮੌਕਾ ਮਿਲੇਗਾ।
ਨਵੇਂ ਕਾਂਗਰਸ ਪ੍ਰਧਾਨ ਨੂੰ ਵਧਾਈ, ਪੁਰਾਣੇ ਸਿਆਸੀ ਸਫ਼ਰ ’ਤੇ ਸਵਾਲ
ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਲੋਕਤੰਤਰ ’ਚ ਮਜ਼ਬੂਤ ਵਿਰੋਧੀ ਧਿਰ ਜ਼ਰੂਰੀ ਹੈ। ਹਾਲਾਂਕਿ ਉਨ੍ਹਾਂ ਪਰਗਟ ਸਿੰਘ ਦੇ ਪੁਰਾਣੇ ਸਿਆਸੀ ਸਫ਼ਰ ’ਤੇ ਸਵਾਲ ਵੀ ਚੁੱਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ’ਚ ਰਹਿੰਦਿਆਂ ਕਥਿਤ ਨਸ਼ਾ ਤਸਕਰੀ ਅਤੇ ਬਾਅਦ ’ਚ ਕਾਂਗਰਸ ਸਰਕਾਰ ਦੌਰਾਨ ਕਥਿਤ ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਉਨ੍ਹਾਂ ਨੇ ਉਮੀਦ ਮੁਤਾਬਕ ਸਖ਼ਤ ਰੁਖ਼ ਨਹੀਂ ਅਪਣਾਇਆ।
ਸਿਹਤ ਸੇਵਾਵਾਂ ’ਚ ਬਦਲਾਅ ਦਾ ਦਾਅਵਾ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਧਿਆਨ ਸਿਹਤ ਸੇਵਾਵਾਂ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਗੰਭੀਰ ਬਿਮਾਰੀਆਂ ਦਾ ਇਲਾਜ ਸੌਖਾ ਬਣਾਉਣ ’ਤੇ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਗੰਭੀਰ ਜਨਮਜਾਤ ਬਿਮਾਰੀਆਂ ਤੋਂ ਪੀੜਤ 125 ਬੱਚਿਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਹੱਲਾ ਕਲੀਨਿਕਾਂ, ਯੂਨੀਵਰਸਲ ਹੈਲਥ ਕੇਅਰ, ਮਾਵਾਂ ਤੇ ਬੱਚੀਆਂ ਲਈ ਯੋਜਨਾਵਾਂ, ਅੰਗ ਟਰਾਂਸਪਲਾਂਟ ਅਤੇ ਦੁਰਲੱਭ ਬਿਮਾਰੀਆਂ ਦੇ ਮੁਫ਼ਤ ਇਲਾਜ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਮਾਤਾ ਮੌਤ ਦਰ 90 ਤੋਂ ਘਟ ਕੇ 70 ਰਹਿ ਗਈ ਹੈ। ਨਸ਼ਿਆਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਇਸ ਦਾ ਹੱਲ ਕਿਸੇ ਹੋਰ ਨਸ਼ੇ ਨੂੰ ਬਦਲ ਵਜੋਂ ਪੇਸ਼ ਕਰਨਾ ਨਹੀਂ, ਸਗੋਂ ਨੌਜਵਾਨਾਂ ਨੂੰ ਖੇਡਾਂ, ਰੁਜ਼ਗਾਰ, ਸਿੱਖਿਆ, ਇਲਾਜ ਅਤੇ ਮੁੜ ਵਸੇਬੇ ਨਾਲ ਜੋੜਨਾ ਹੈ। ਇਸ ਲਈ ਪਿੰਡਾਂ ’ਚ ਖੇਡ ਮੈਦਾਨ, ਸਟੇਡੀਅਮ ਅਤੇ ਲਾਇਬ੍ਰੇਰੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ।