- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਟਰੇਡਰਜ਼ ਬੋਰਡ ਦੇ ਚੇਅਰਮੈਨ ਤੋਂ ਸਟੀਲ ’ਤੇ ਜੀਐਸਟੀ ਘਟਾ ਕੇ 5 ਫ਼ੀਸਦੀ ਕਰਨ ਦੀ ਕੀਤੀ ਮੰਗ

ਬੌਟਮ...)
-ਫਿਕੋ ਵੱਲੋਂ ਨੈਸ਼ਨਲ ਟਰੇਡਰਜ਼ ਬੋਰਡ ਦੇ ਚੇਅਰਮੈਨ ਤੋਂ ਸਟੀਲ ’ਤੇ ਜੀਐੱਸਟੀ ਘਟਾ ਕੇ 5 ਫ਼ੀਸਦੀ ਕਰਨ ਦੀ ਮੰਗ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਇੰਜੀਨੀਅਰਿੰਗ ਉਦਯੋਗ ਤੇ ਐੱਮਐੱਸਐੱਮਈ ਇਕਾਈਆਂ ਨੂੰ ਰਾਹਤ ਦੇਣ ਲਈ ਸਟੀਲ ’ਤੇ ਜੀਐੱਸਟੀ ਦੀ ਦਰ 18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਦੀ ਮੰਗ ਕੀਤੀ ਹੈ। ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਨੈਸ਼ਨਲ ਟਰੇਡਰਜ਼ ਵੈਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਸਿੰਘੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪ ਕੇ ਸਟੀਲ ’ਤੇ ਜੀਐੱਸਟੀ ਘਟਾ ਕੇ 5 ਫ਼ੀਸਦੀ ਕਰਨ ਦੀ ਅਪੀਲ ਕੀਤੀ।
ਕੁਲਾਰ ਨੇ ਦੱਸਿਆ ਕਿ ਸਾਈਕਲ ਸਨਅਤ, ਸਿਲਾਈ ਮਸ਼ੀਨ ਉਦਯੋਗ ਤੇ ਖੇਤੀਬਾੜੀ ਸੰਦਾਂ ਦਾ ਉਦਯੋਗ, ਜਿਸ ’ਚ ਟਰੈਕਟਰ ਪਾਰਟਸ ਬਣਾਉਣ ਵਾਲੀਆਂ ਇਕਾਈਆਂ ਵੀ ਸ਼ਾਮਲ ਹਨ, ਉਲਟੀ ਜੀਐੱਸਟੀ ਦਰ ਪ੍ਰਣਾਲੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਉਦਯੋਗਾਂ ਨੂੰ ਕੱਚੇ ਮਾਲ ’ਤੇ 18 ਫ਼ੀਸਦੀ ਜੀਐਸਟੀ ਦੇਣਾ ਪੈਂਦਾ ਹੈ, ਜਦਕਿ ਤਿਆਰ ਮਾਲ ਦੀ ਵਿਕਰੀ ’ਤੇ ਸਿਰਫ਼ 5 ਫ਼ੀਸਦੀ ਜੀਐੱਸਟੀ ਲੱਗਦਾ ਹੈ। ਇਸ ਕਾਰਨ ਇਨਪੁਟ ਟੈਕਸ ਕ੍ਰੈਡਿਟ ਲਗਾਤਾਰ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਉਦਯੋਗਾਂ ਦੀ ਵੱਡੀ ਰਕਮ ਫਸ ਜਾਂਦੀ ਹੈ। ਕਈ ਮਾਮਲਿਆਂ ਵਿੱਚ ਬਕਾਇਆ ਜੀਐੱਸਟੀ ਰਿਫੰਡ ਦੀ ਰਕਮ ਉਦਯੋਗਪਤੀਆਂ ਦੀ ਬੈਂਕ ਲਿਮਟ ਤੋਂ ਵੀ ਵੱਧ ਹੋ ਜਾਂਦੀ ਹੈ। ਇਸ ਕਾਰਨ ਉਦਯੋਗਾਂ ’ਚ ਵਰਕਿੰਗ ਕੈਪਿਟਲ ਦੀ ਗੰਭੀਰ ਕਮੀ ਆ ਜਾਂਦੀ ਹੈ ਤੇ ਬੈਂਕਾਂ ਤੋਂ ਕਰਜ਼ਾ ਲੈਣ ’ਤੇ ਨਿਰਭਰਤਾ ਵਧ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸਟੀਲ ਇੰਜੀਨੀਅਰਿੰਗ ਉਦਯੋਗ ਦਾ ਇੱਕ ਮੁੱਖ ਕੱਚਾ ਮਾਲ ਹੈ। ਜਿਸ ਤਰ੍ਹਾਂ ਟੈਕਸਟਾਈਲ ਉਦਯੋਗ ਦੇ ਕੱਚੇ ਮਾਲ ਧਾਗੇ ’ਤੇ ਜੀਐਸਟੀ ਦੀ ਦਰ ਘਟਾ ਕੇ 5% ਕੀਤੀ ਹੈ। ਉਸੇ ਤਰ੍ਹਾਂ ਇੰਜੀਨੀਅਰਿੰਗ ਉਦਯੋਗ ਨੂੰ ਰਾਹਤ ਦੇਣ ਲਈ ਸਟੀਲ ’ਤੇ ਵੀ ਜੀਐੱਸਟੀ ਘਟਾ ਕੇ 5 ਫ਼ੀਸਦੀ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਉਤਪਾਦਨ ਦੀ ਲਾਗਤ ਘਟੇਗੀ, ਐੱਮਐੱਸਐੱਮਈ ਇਕਾਈਆਂ ’ਤੇ ਵਿੱਤੀ ਬੋਝ ਘਟੇਗਾ ਅਤੇ ਭਾਰਤੀ ਉਦਯੋਗ ਦੀ ਮੁਕਾਬਲੇਬਾਜ਼ੀ ਸਮਰੱਥਾ ਵਧੇਗੀ। ਫਿਕੋ ਨੇ ਸਿੰਘੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਸਬੰਧਤ ਅਧਿਕਾਰੀਆਂ ਕੋਲ ਉਠਾਉਣ ਅਤੇ ਐੱਮਐੱਸਐੱਮਈ ਤੇ ਨਿਰਮਾਣ ਖੇਤਰ ਦੇ ਹਿੱਤ ਵਿੱਚ ਜੀਐਸਟੀ ਦਰਾਂ ਨੂੰ ਤਰਕਸੰਗਤ ਬਣਾਉਣ ਦੀ ਮੰਗ ਦੀ ਹਮਾਇਤ ਕਰਨ। ਇਸ ਮੌਕੇ ਸੀਏ ਵਿਸ਼ਾਲ ਗਰਗ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।