ਤੀਆਂ ਤੀਜ ਦੀਆਂ’ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਸਨਮਤੀ ਸਕੂਲ ’ਚ ਲੱਗੀਆਂ ਤੀਆਂ ਦੀਆਂ ਰੌਣਕਾਂ
Publish Date: Tue, 18 Aug 2026 07:12 PM (IST)
Updated Date: Wed, 19 Aug 2026 04:03 AM (IST)
ਤਰਨਪ੍ਰੀਤ ਕੌਰ ਨੂੰ ਚੁਣਿਆ ‘ਮਿਸ ਤੀਜ’ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਸਨਮਤੀ ਵਿਮਲ ਜੈਨ ਸਕੂਲ ਵਿਖੇ ਪੰਜਾਬੀ ਸਭਿਆਚਾਰ, ਵਿਰਸੇ ਅਤੇ ਰਵਾਇਤਾਂ ਨੂੰ ਸਮਰਪਿਤ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਜਵਲਿਤ ਕਰਨ ਉਪਰੰਤ ਸਭਿਆਚਾਰਕ ਦੀ ਸ਼ਾਨਦਾਰ ਪੇਸ਼ਕਾਰੀ ਵਿਚ ਪੰਜਾਬੀ ਪਹਿਰਾਵੇ, ਗਿੱਧੇ, ਬੋਲੀਆਂ ਅਤੇ ਲੋਕ-ਗੀਤਾਂ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਦੀਆਂ ਖ਼ੂਬਸੂਰਤ ਝਲਕੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੌਰਾਨ ਤਰਨਪ੍ਰੀਤ ਕੌਰ ਨੂੰ ‘ਮਿਸ ਤੀਜ’ ਚੁਣਿਆ ਗਿਆ। ਮਿਸ ਤੀਜ ਦੀ ਚੋਣ ਵਿਦਿਆਰਥਣਾਂ ਵੱਲੋਂ ਪੰਜਾਬੀ ਸਭਿਆਚਾਰ ਅਤੇ ਰਵਾਇਤੀ ਪਹਿਰਾਵੇ ਨਾਲ ਸਬੰਧਿਤ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ ਗਈਆਂ। ਤਰਨਪ੍ਰੀਤ ਕੌਰ ਦੀ ਸੁੰਦਰ ਪੇਸ਼ਕਾਰੀ, ਰਵਾਇਤੀ ਪੰਜਾਬੀ ਪਹਿਰਾਵੇ ਅਤੇ ਸਭਿਆਚਾਰਕ ਅੰਦਾਜ਼ ਨੂੰ ਦੇਖਦਿਆਂ ਉਸ ਨੂੰ ‘ਮਿਸ ਤੀਜ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਸੁਪਿ੍ਰਆ ਖੁਰਾਣਾ ਨੇ ਕਿਹਾ ਕਿ ਤੀਆਂ ਪੰਜਾਬੀ ਸਭਿਆਚਾਰ ਦਾ ਇੱਕ ਅਨਮੋਲ ਹਿੱਸਾ ਹਨ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਿਰਫ਼ ਖ਼ੁਸ਼ੀਆਂ ਮਨਾਉਣ ਦਾ ਮੌਕਾ ਹੀ ਨਹੀਂ, ਸਗੋਂ ਇਹ ਸਾਨੂੰ ਆਪਣੀਆਂ ਪੁਰਾਣੀਆਂ ਰਵਾਇਤਾਂ, ਲੋਕ-ਗੀਤਾਂ, ਬੋਲੀਆਂ ਅਤੇ ਸਭਿਆਚਾਰਕ ਵਿਰਸੇ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਅਜਿਹੇ ਸਮਾਗਮ ਕਰਵਾਉਣ ਦਾ ਮਕਸਦ ਬੱਚਿਆਂ ਵਿੱਚ ਆਪਣੀ ਮਾਂ-ਬੋਲੀ, ਸਭਿਆਚਾਰ ਅਤੇ ਰਵਾਇਤਾਂ ਪ੍ਰਤੀ ਪਿਆਰ ਪੈਦਾ ਕਰਨਾ ਹੈ। ਉਨ੍ਹਾਂ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਬੰਧਕ ਕਮੇਟੀ ਨੂੰ ਤੀਆਂ ਤੀਜ ਦੀਆਂ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸਕੂਲ ਦੇ ਪ੍ਰਧਾਨ ਰਮੇਸ਼ ਜੈਨ, ਸਕੂਲ ਦੇ ਉਪ ਪ੍ਰਧਾਨ ਕਾਂਤਾ ਸਿੰਗਲਾ, ਸੈਕਟਰੀ ਮਹਾਵੀਰ ਜੈਨ ਅਤੇ ਮੈਨੇਜਰ ਰਾਕੇਸ਼ ਜੈਨ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਸਾਡੀ ਪਹਿਚਾਣ ਹੈ ਅਤੇ ਇਸ ਦੀ ਸੰਭਾਲ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।ਉਨ੍ਹਾਂ ਸਕੂਲ ਵੱਲੋਂ ਪੰਜਾਬੀ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਆਪਣੀਆਂ ਸਭਿਆਚਾਰਕ ਜੜ੍ਹਾਂ ਨਾਲ ਜੋੜਨ ਦੇ ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਅਤੇ ਰਚਨਾਤਮਿਕਤਾ ਵੀ ਪੈਦਾ ਕਰਦੇ ਹਨ। ਸਮਾਗਮ ਦੌਰਾਨ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਰੰਗ-ਬਿਰੰਗੇ ਪੰਜਾਬੀ ਸੂਟਾਂ, ਫੁਲਕਾਰੀਆਂ ਅਤੇ ਰਵਾਇਤੀ ਗਹਿਣਿਆਂ ਨਾਲ ਸਜੀਆਂ ਵਿਦਿਆਰਥਣਾਂ ਨੇ ਸਮਾਗਮ ਦੀ ਰੌਣਕ ਵਧਾ ਦਿੱਤੀ। ਗਿੱਧੇ ਅਤੇ ਪੰਜਾਬੀ ਬੋਲੀਆਂ ਦੀ ਪੇਸ਼ਕਾਰੀ ਨੇ ਹਾਜ਼ਰੀਨ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਪੰਜਾਬੀ ਲੋਕ-ਗੀਤਾਂ ਦੀਆਂ ਧੁਨਾਂ ਨਾਲ ਪੂਰਾ ਮਾਹੌਲ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਗਿਆ। ਇਸ ਮੌਕੇ ਤੀਆਂ ਨਾਲ ਜੁੜੀਆਂ ਪੁਰਾਤਨ ਰਵਾਇਤਾਂ ਨੂੰ ਵੀ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਨੇ ਪੰਜਾਬੀ ਲੋਕ ਵਿਰਸੇ ਦੇ ਵੱਖ-ਵੱਖ ਰੂਪਾਂ ਨੂੰ ਆਪਣੀਆਂ ਪੇਸ਼ਕਾਰੀਆਂ ਰਾਹੀਂ ਜੀਵੰਤ ਕੀਤਾ। ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਵੱਲੋਂ ਕੀਤੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਸਟੇਜ ਦੀ ਭੂਮਿਕਾ ਮਲਕੀਤ ਕੌਰ ਤੇ ਕੁਲਦੀਪ ਕੌਰ ਨੇ ਬਾਖ਼ੂਬੀ ਨਿਭਾਉਂਦੇ ਹੋਏ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਸਮਾਗਮ ਨੂੰ ਲਗਾਤਾਰ ਰੌਚਕ ਬਣਾਈ ਰੱਖਿਆ ਅਤੇ ਹਰ ਸੱਭਿਆਚਾਰਕ ਪੇਸ਼ਕਾਰੀ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਫਲ ਸਮਾਗਮ ਲਈ ਵਧਾਈ ਦਿੱਤੀ ਗਈ। ਇਸ ਮੌਕੇ ਅਨੀਤਾ ਜੈਨ, ਡੌਲੀ ਬਾਂਸਲ ਤੇ ਸੁਨੀਤਾ ਬਾਂਸਲ ਸਮੇਤ ਸਮੂਹ ਸਕੂਲ ਸਟਾਫ ਸਮਾਗਮ ’ਚ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।