ਜਗਰਾਓਂ ’ਚ ਸਰਕਾਰ ਤੋਂ ਅੱਕੇ ਪੈਨਸ਼ਨਰਾਂ ਨੇ ਸੀਐਮ ਦਾ ਪੁਤਲਾ ਫੂਕਿਆ ਜਗਰਾਓਂ ’ਚ ਸਰਕਾਰ ਤੋਂ ਅੱਕੇ ਪੈਨਸ਼ਨਰਾਂ ਨੇ ਸੀਐਮ ਦਾ ਪੁਤਲਾ ਫੂਕਿਆ
Publish Date: Tue, 18 Aug 2026 08:42 PM (IST)
Updated Date: Wed, 19 Aug 2026 04:04 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਵਿਖੇ ਸਰਕਾਰ ਤੋਂ ਅੱਕੇ ਪੈਨਸ਼ਨਰਾਂ ਨੇ ਸੀਐੱਮ ਦਾ ਪੁਤਲਾ ਫੂਕਦਿਆਂ ਨਾਅਰੇਬਾਜ਼ੀ ਕੀਤੀ। ਸਾਂਝਾ ਪੈਨਸ਼ਨਰਜ਼ ਫਰੰਟ, ਮੁਲਾਜ਼ਮ ਜੱਥੇਬੰਦੀਆਂ ਡੀਟੀਐੱਫ ਦੀ ਅਗਵਾਈ ਹੇਠ ਸਥਾਨਕ ਬੇਸਿਕ ਸਕੂਲ ਅੱਗੇ ਰੱਖੇ ਗਏ ਇਕੱਠ ਵਿਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮਾਂ ਨੇ ਪੰਜਾਬ ਦੇ ਖਜਾਨਾ ਮੰਤਰੀ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹਾਈਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੀ ਹੈ, ਜਿਸ ਨੇ ਹਾਈਕੋਰਟ ਦੇ ਨਿਰਦੇਸ਼ ਨੂੰ ਅਣਦੇਖਿਆ ਕਰਦਿਆਂ ਉਲਟਾ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਨੂੰ ਹੀ ਦੇਸ਼ ਵਿਰੋਧੀ ਕਰਾਰ ਦੇਣ ਦੀ ਕੋਝੀ ਹਰਕਤ ਕੀਤੀ ਹੈ। ਇਸ ਖ਼ਿਲਾਫ਼ ਪੂਰੇ ਪੰਜਾਬ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਜਾਰੀ ਕਰਨ ਅਤੇ ਮੰਗਾਂ ਨੂੰ ਲੈ ਕੇ 23 ਅਗਸਤ ਨੂੰ ਮੁੱਖ ਮੰਤਰੀ ਦੇ ਪਿੰਡ ਸੰਤੋਜ ਵਿਖੇ ਪੰਜਾਬ ਦਾ ਆਵਾਮ ਰੋਸ ਪ੍ਰਗਟਾਉਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦਾ ਕੋਈ ਵੀ ਵਰਗ ਅਜਿਹਾ ਨਹੀਂ ਹੈ, ਜੋ ਇਸ ਸਰਕਾਰ ਦੀਆਂ ਮਨਮਰਜ਼ੀਆਂ ਅਤੇ ਧੱਕੇਸ਼ਾਹੀਆਂ ਤੋਂ ਖਫ਼ਾ ਨਹੀਂ ਹੈ। ਇਸ ਸਰਕਾਰ ਨੇ ਹਰ ਇੱਕ ਹੱਕੀ ਆਵਾਜ਼ ਨੂੰ ਦਬਾਉਣ ਲਈ ਪਿਛਲੀਆਂ ਸਰਕਾਰਾਂ ਨੂੰ ਵੀ ਜਬਰ, ਜੁਲਮ ਕਰਨ ਤੋਂ ਪਿੱਛੇ ਛੱਡ ਦਿੱਤਾ ਹੈ। ਇਸ ਸਰਕਾਰ ਨੇ ਧੀਆਂ- ਭੈਣਾਂ ਤੱਕ ਦੇ ਤਸੱਦਦ ਕਰਦਿਆਂ ਆਪਣੀ ਜੁਲਮੀ ਰਾਜ ਦਾ ਸਬੂਤ ਦਿੱਤਾ ਹੈ। ਇਸ ਮੌਕੇ ਪ੍ਰਧਾਨ ਅਸ਼ੋਕ ਭੰਡਾਰੀ, ਪਰਮਜੀਤ ਦੁੱਗਲ, ਪਰਮਜੀਤ ਸਿੰਘ, ਅਵਤਾਰ ਸਿੰਘ, ਗੁਰਮੇਲ ਸਿੰਘ, ਹਰਭਜਨ ਸਿੰਘ, ਅਜਮੇਰ ਸਿੰਘ ਅਤੇ ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ।