ਬੇਖੌਫ਼ ਲੁਟੇਰੇ : ਦਾਤਰਾਂ ਦੇ ਵਾਰਾਂ ਨਾਲ ਨੌਜਵਾਨ ਨੂੰ ਸੜਕ ’ਤੇ ਸੁੱਟਿਆ, ਸਕੂਟਰੀ ਤੇ ਕੀਮਤੀ ਸਮਾਨ ਲੁੱਟ ਕੇ ਫਰਾਰ ਥਾਣਾ ਮੋਤੀ ਨਗਰ ਦੇ ਇਲਾਕੇ ਵਿੱਚ ਲੁੱਟ ਦੀਆਂ ਵਾਰਦਾਤਾਂ ’ਤੇ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਬਦਮਾਸ਼ਾਂ ਦੇ ਹੌਸਲੇ ਪਸਤ ਹੁੰਦੇ ਨਜ਼ਰ ਨਹੀਂ ਆ ਰਹੇ। ਯਾਰਕ ਐਕਸਪੋਰਟ ਪੁਲ ’ਤੇ ਘਰ ਵੱਲ ਜਾ ਰਹੇ 45 ਸਾਲਾ ਵਿਅਕਤੀ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਪਿੱਛੋਂ ਆ ਕੇ ਘੇਰ ਲਿਆ। ਮੁਲਜ਼ਮਾਂ ਨੇ ਦਾਤਰ ਨਾਲ ਉਸ ’ਤੇ ਤਾਬੜਤੋੜ ਵਾਰ ਕਰਕੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਉਸ ਦੀ ਸਕੂਟਰੀ, ਬੈਗ ਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਾਸਤਰੀ ਨਗਰ ਦੀ ਮੱਕੜ ਕਾਲੋਨੀ ਵਾਸੀ ਸੁਨੀਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਮੋਸਟਰੋ ਸਕੂਟਰੀ ’ਤੇ ਸਵਾਰ ਹੋ ਕੇ ਸਮਰਾਲਾ ਚੌਕ ਵੱਲ ਜਾ ਰਿਹਾ ਸੀ।
Publish Date: Fri, 04 Sep 2026 12:30 PM (IST)
Updated Date: Fri, 04 Sep 2026 12:33 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਥਾਣਾ ਮੋਤੀ ਨਗਰ ਦੇ ਇਲਾਕੇ ਵਿੱਚ ਲੁੱਟ ਦੀਆਂ ਵਾਰਦਾਤਾਂ ’ਤੇ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਬਦਮਾਸ਼ਾਂ ਦੇ ਹੌਸਲੇ ਪਸਤ ਹੁੰਦੇ ਨਜ਼ਰ ਨਹੀਂ ਆ ਰਹੇ। ਯਾਰਕ ਐਕਸਪੋਰਟ ਪੁਲ ’ਤੇ ਘਰ ਵੱਲ ਜਾ ਰਹੇ 45 ਸਾਲਾ ਵਿਅਕਤੀ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਪਿੱਛੋਂ ਆ ਕੇ ਘੇਰ ਲਿਆ। ਮੁਲਜ਼ਮਾਂ ਨੇ ਦਾਤਰ ਨਾਲ ਉਸ ’ਤੇ ਤਾਬੜਤੋੜ ਵਾਰ ਕਰਕੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਉਸ ਦੀ ਸਕੂਟਰੀ, ਬੈਗ ਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਾਸਤਰੀ ਨਗਰ ਦੀ ਮੱਕੜ ਕਾਲੋਨੀ ਵਾਸੀ ਸੁਨੀਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਮੋਸਟਰੋ ਸਕੂਟਰੀ ’ਤੇ ਸਵਾਰ ਹੋ ਕੇ ਸਮਰਾਲਾ ਚੌਕ ਵੱਲ ਜਾ ਰਿਹਾ ਸੀ। ਜਦੋਂ ਉਹ ਯਾਰਕ ਐਕਸਪੋਰਟ ਪੁਲ ਦੇ ਉੱਪਰ ਪਹੁੰਚਿਆ ਤਾਂ ਦੋ ਨੌਜਵਾਨ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੱਛੋਂ ਆਏ। ਮੁਲਜ਼ਮਾਂ ਨੇ ਉਸ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ।
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਸਕੂਟਰੀ ਅਤੇ ਬੈਗ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਬੈਗ ਵਿੱਚ ਕਰੀਬ 20 ਹਜ਼ਾਰ ਰੁਪਏ ਨਕਦ, ਓਪੋ ਕੰਪਨੀ ਦਾ ਮੋਬਾਈਲ ਫੋਨ, ਆਧਾਰ ਕਾਰਡ, ਪੈਨ ਕਾਰਡ ਅਤੇ ਵੱਖ-ਵੱਖ ਬੈਂਕਾਂ ਦੇ ਡੈਬਿਟ ਕਾਰਡ ਸਨ। ਵਾਰਦਾਤ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ’ਤੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਲੁੱਟ ਲਈ ਬਦਨਾਮ ਹੋ ਰਿਹਾ ਪੁਲ—ਰਾਹਗੀਰਾਂ ’ਚ ਡਰ ਦਾ ਮਾਹੌਲ ਥਾਣਾ ਮੋਤੀ ਨਗਰ ਇਲਾਕੇ ਦੇ ਅਧੀਨ ਆਉਂਦਾ ਦਿੱਲੀ ਹਾਈਵੇ ਤੇ ਪੈਂਦਾ ਇਹ ਪੁੱਲ ਪਿਛਲੇ ਸਮੇਂ ਤੋਂ ਲੁੱਟਾਂ ਦੀਆਂ ਵਾਰਦਾਤਾਂ ਕਾਰਨ ਚਰਚਾ ਵਿੱਚ ਰਿਹਾ ਹੈ। ਇਲਾਕੇ ਵਿੱਚ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਣ, ਮੋਟਰਸਾਈਕਲ ਸਵਾਰਾਂ ਨੂੰ ਘੇਰ ਕੇ ਉਨ੍ਹਾਂ ਕੋਲੋਂ ਵਾਹਨ ਤੇ ਕੀਮਤੀ ਸਾਮਾਨ ਖੋਹਣ ਅਤੇ ਹਥਿਆਰਾਂ ਦੀ ਨੋਕ ’ਤੇ ਲੁੱਟ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪਿਛਲੇ ਕਈ ਮਹੀਨਿਆਂ ਦੌਰਾਨ ਇੱਥੇ ਵਾਪਰੀਆਂ ਅਜਿਹੀਆਂ ਵਾਰਦਾਤਾਂ ਨੇ ਰਾਤ ਸਮੇਂ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਵਿੱਚ ਡਰ ਪੈਦਾ ਕੀਤਾ ਹੈ।
ਇਸ ਤਾਜ਼ਾ ਘਟਨਾ ਨੇ ਇੱਕ ਵਾਰ ਮੁੜ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੁੰਨਸਾਨ ਥਾਵਾਂ ਅਤੇ ਪੁਲਾਂ ’ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਅਤੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਮਜ਼ਬੂਤ ਕੀਤੀ ਜਾਵੇ ਤਾਂ ਅਜਿਹੀਆਂ ਵਾਰਦਾਤਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ।