ਨਹਿਰੀ ਵਿਭਾਗ ਨੇ ਨਾਜਾਇਜ਼ ਖੋਖਾ ਢਾਹਿਆ ਦੋ ਧਿਰਾਂ ਦੀ ਹੋਈ ਲੜਾਈ ਵਿੱਚ ਨਹਿਰੀ ਮਹਿਕਮੇ ਨੇ ਇੱਕ ਦਾ ਨਜਾਇਜ਼ ਬਣਾਇਆ ਢਾਇਆ ਖੋਖਾ
Publish Date: Tue, 27 Oct 2026 09:08 PM (IST)
Updated Date: Tue, 27 Oct 2026 09:10 PM (IST)
ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ ਰਾੜਾ ਸਾਹਿਬ : ਕਸਬਾ ਰਾੜਾ ਸਾਹਿਬ ਵਿਖੇ ਨਹਿਰੀ ਵਿਭਾਗ ਨੇ ਇੱਕ ਧਿਰ ਦਾ ਨਾਜਾਇਜ ਤੌਰ ਤੇ ਲੱਗਿਆ ਖੋਖਾ ਢਾਹ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਬੱਡੀ ਕੋਚ ਗੁਰਜੀਤ ਸਿੰਘ ਗੁਰੀ ਜੋ ਕਿ 10 ਸਾਲਾਂ ਤੋਂ ਨਹਿਰ ਦੇ ਪੁਲ਼ ਨੇੜੇ ਖੋਖਾ ਬਣਾ ਕੇ ਗੁਬਾਰੇ ਆਦਿ ਬੱਚਿਆਂ ਦਾ ਸਾਮਾਨ ਵੇਚਦਾ ਸੀ। ਬੀਤੇ ਕੱਲ ਉਸ ਦੀ ਨਾਲ ਇੱਕ ਖੋਖਾ ਚਲਾ ਰਹੀ ਔਰਤ ਨਾਲ ਕਿਸੇ ਗੱਲੋਂ ਤਕਰਾਰਬਾਜੀ ਹੋ ਗਈ, ਗੱਲ ਇਥੋਂ ਤੱਕ ਵਧ ਗਈ ਕਿ ਦੋਵਾਂ ਨੇ ਚੌਂਕ ’ਚ ਰੱਜ ਕੇ ਗਾਲੀ ਗਲੋਚ ਕਰਨ ਤੋਂ ਬਾਅਦ ਜੰਮ ਕੇ ਇੱਕ ਦੂਜੇ ਤੇ ਡਾਂਗਾਂ ਵਰਾਈਆਂ। ਮਾਮਲਾ ਪੁਲਿਸ ਥਾਣਾ ਪਾਇਲ ਕੋਲ ਚਲਾ ਗਿਆ। ਜਿੱਥੇ ਅੱਜ ਪੁਲਿਸ ਨੇ ਆ ਕੇ ਮੌਕਾ ਵੇਖਿਆ ਅਤੇ ਕੁਝ ਸਮੇਂ ਬਾਅਦ ਨਹਿਰੀ ਵਿਭਾਗ ਨੇ ਬੜੀ ਮੁਸਤੈਦੀ ਨਾਲ ਬਿਨਾਂ ਕਿਸੇ ਨੋਟਿਸ ਦਿੱਤੇ ਗੁਰਜੀਤ ਸਿੰਘ ਗੁਰੀ ਦਾ ਖੋਖਾ ਢਾਹ ਦਿੱਤਾ। ਇਸ ਸਮੇਂ ਸਰਪੰਚ ਦਵਿੰਦਰ ਸਿੰਘ ਗਰਚਾ ਰਾੜਾ, ਸਰਪੰਚ ਹਰਵਿੰਦਰ ਸਿੰਘ ਘਣਗਸ ਅਤੇ ਜਥੇਦਾਰ ਬਲਵੰਤ ਸਿੰਘ ਘਲੋਟੀ ਨੇ ਦੋਸ਼ ਲਾਇਆ ਕਿ ਉਕਤ ਔਰਤ ਦੀ ਸਰਕਾਰੇ ਦਰਬਾਰੇ ਪਹੁੰਚ ਹੈ, ਜਿਸ ਕਰਕੇ ਨਹਿਰੀ ਵਿਭਾਗ ਨੇ ਇੱਕ ਤਰਫਾ ਕਾਰਵਾਈ ਕਰਦਿਆਂ ਖੋਖਾ ਢਾਹ ਦਿੱਤਾ ਹੈ। ਕਿਉਂਕਿ ਨਹਿਰ ਤੇ ਲੱਗੇ ਹੋਰ ਦਰਜਣਾ ਖੋਖਿਆਂ ਨੂੰ ਕਿਉਂ ਨਹੀਂ ਢਾਹਿਆ, ਜੇਕਰ ਕਾਰਵਾਈ ਕਰਕੇ ਖੋਖੇ ਢਾਹੁਣੇ ਹਨ ਤਾਂ ਸਾਰੇ ਖੋਖੇ ਢਾਹੇ ਜਾਣ ’ਤੇ ਅਸੀਂ ਨਾਲ ਢਾਵਾਂਗੇ। - ਕੀ ਕਹਿੰਦੇ ਨੇ ਜੇਈ ਜਦ ਇਸ ਸਬੰਧੀ ਨਹਿਰੀ ਵਿਭਾਗ ਦੇ ਜੇਈ ਹਰਕੀਰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਕੋਈ ਪਹਿਲਾ ਖੋਖਾ ਨਹੀਂ ਢਾਹਿਆ ਗਿਆ ਜਦ ਕਿ ਪਹਿਲਾਂ ਵੀ ਕਈ ਨਾਜਾਇਜ਼ ਖੋਖੇ ਢਾਹੇ ਗਏ ਹਨ। ਪਰ ਜਦ ਜੇਈ ਨੂੰ ਪੁੱਛਿਆ ਕਿ ਦੋਵੇਂ ਧਿਰਾਂ ਦੀ ਲੜਾਈ ਵਿੱਚ ਇੱਕ ਦਾ ਖੋਖਾ ਹੀ ਕਿਉਂ ਢਾਇਆ ਗਿਆ ਜਦਕਿ ਦੂਜੇ ਧਿਰ ਦੇ ਖੋਖੇ ਵੱਲ ਝਾਕਿਆ ਤਕ ਨਹੀਂ ਗਿਆ ਤਾਂ ਉਹਨਾਂ ਦੱਸਿਆ ਕਿ ਬਾਕੀ ਖੋਖਿਆਂ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਜਿਨ੍ਹਾਂ ਵਿੱਚ ਇਸ ਔਰਤ ਦਾ ਵੀ ਕੇਸ ਚੱਲਦਾ ਹੈ। ਇਸ ਕਰਕੇ ਉਸ ਖੋਖੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।