ਬਾਰਿਸ਼ ਕਾਰਨ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ

-ਮੀਂਹ ਦੇ ਖੜੇ ਪਾਣੀ ਕਾਰਨ ਵੱਧ ਸਕਦਾ ਹੈ ਮੱਛਰ ਦਾ ਕਹਿਰ
---
ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ
ਸ਼ਨੀਵਾਰ ਦੀ ਸਵੇਰ ਤੋਂ ਲੈਕੇ ਦੁਪਹਿਰ ਤੱਕ ਪੈ ਰਹੀ ਬਾਰਿਸ਼ ਨੇ ਭਿਆਨਕ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਪਸ਼ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਸੀ, ਪਰ ਸ਼ਨੀਵਾਰ ਨੂੰ ਹੋਈ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ। ਜਿੱਥੇ ਇਸ ਬਾਰਿਸ਼ ਕਾਰਨ ਕਈ ਫਾਇਦੇ ਸਾਹਮਣੇ ਆਏ ਹਨ, ਉੱਥੇ ਕੁਝ ਹਾਨੀਆਂ ਵੀ ਦੇਖਣ ਨੂੰ ਮਿਲੀਆਂ ਹਨ। ਬਾਰਿਸ਼ ਕਾਰਨ ਤਾਪਮਾਨ ਵਿੱਚ ਕਮੀ ਆਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕੁੱਲ ਮਿਲਾ ਕੇ ਸ਼ਨੀਵਾਰ ਦੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਿੱਤੀ ਹੈ, ਪਰ ਨਾਲ ਹੀ ਪ੍ਰਸ਼ਾਸਨ ਅੱਗੇ ਨਿਕਾਸੀ ਪ੍ਰਬੰਧਾਂ ਨੂੰ ਸੁਧਾਰਨ ਦੀ ਲੋੜ ਵੀ ਉਜਾਗਰ ਕੀਤੀ ਹੈ। ਲੋਕਾਂ ਨੇ ਉਮੀਦ ਜਤਾਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸੁਹਾਵਣਾ ਰਹੇਗਾ ਅਤੇ ਪ੍ਰਸ਼ਾਸਨ ਬਾਰਿਸ਼ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਯੋਗ ਕਦਮ ਚੁੱਕੇਗਾ।
---
ਫ਼ਸਲਾਂ ਲਈ ਲਾਭਦਾਇਕ ਹੈ ਬਾਰਿਸ਼ : ਧਾਲੀਵਾਲ
ਖੇਤੀਬਾੜੀ ਨਾਲ ਜੁੜੇ ਕਿਸਾਨ ਅਤੇ ਆੜ੍ਹਤੀਆਂ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ ਨੇ ਕਿਹਾ ਕਿ ਮਾਹਿਰਾਂ ਅਨੁਸਾਰ ਇਹ ਬਾਰਿਸ਼ ਜ਼ਮੀਨ ਵਿੱਚ ਨਮੀ ਬਣਾਈ ਰੱਖਣ ਅਤੇ ਆਉਣ ਵਾਲੀਆਂ ਫ਼ਸਲਾਂ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ ਅਤੇ ਜਿਹੜੀ ਝੋਨੇ ਦੀ ਪਨੀਰੀ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਬੀਜੀ ਗਈ ਸੀ ਅਤੇ ਇਸ ਦੇ ਨਾਲ ਹੀ ਪਸ਼ੂਆਂ ਲਈ ਹਰਾ ਚਾਰਾ,ਕਮਾਦ ( ਗੰਨੇ ਦੀ ਫ਼ਸਲ ), ਮੱਕੀ ਦੀ ਫਸਲ ਅਤੇ ਇਸ ਤੋਂ ਇਲਾਵਾ ਸਬਜ਼ੀਆਂ ਬੀਜੀਆਂ ਗਈਆਂ ਸਨ ਉਹ ਗਰਮੀ ਕਾਰਨ ਸਾਰੀਆਂ ਫਸਲਾਂ ਸੜ ਰਹੀਆ ਸਨ ਅਤੇ ਬਾਰਿਸ਼ ਕਾਰਨ ਉਨ੍ਹਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਅਤੇ ਜੋ ਕਿ ਕਿਸਾਨਾਂ ਲਈ ਇੱਕ ਲਾਭਦਾਇਕ ਸਾਬਤ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਪਸ਼ੂ-ਪੰਛੀਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਵਾਤਾਵਰਣ ਵਿੱਚ ਤਾਜ਼ਗੀ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੂਜੇ ਪਾਸੇ ਬਾਰਿਸ਼ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਕੁਝ ਸੜਕਾਂ ਉੱਤੇ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
---
ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ : ਡਾ. ਉਮੈਦਪੁਰ
ਸੀਐੱਚਸੀ ਸਾਹਨੇਵਾਲ ਵਿੱਚ ਡਿਊਟੀ ਨਿਭਾ ਰਹੇ ਮੈਡੀਕਲ ਅਫਸਰ ਡਾ. ਗੁਰਦੀਪ ਸਿੰਘ ਉਮੈਦਪੁਰ ਨੇ ਲੋਕਾਂ ਨੂੰ ਦੱਸਿਆ ਕਿ ਬਾਰਿਸ਼ ਤੋਂ ਬਾਅਦ ਖੜ੍ਹੇ ਪਾਣੀ ਕਾਰਨ ਮੱਛਰਾਂ ਦੀ ਗਿਣਤੀ ਵੱਧ ਸਕਦੀ ਹੈ, ਜਿਸ ਨਾਲ ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਬਣ ਸਕਦਾ ਹੈ। ਇਸ ਲਈ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਪਾਣੀ ਖੜ੍ਹਾ ਨਾ ਹੋਣ ਦੇਣ ਦੀ ਅਪੀਲ ਕੀਤੀ ਗਈ ਹੈ।