ਕਿਸਾਨਾਂ ਨੂੰ ਸਬਸਿਡੀ ਵਾਲੇ ਕਣਕ ਸਣੇ ਹੋਰ ਫ਼ਸਲਾਂ ਦੇ ਬੀਜ ਮੁਹੱਈਆ ਬਲਾਕ ਖੇਤੀਬਾੜੀ ਦਫ਼ਤਰ ਸਮਰਾਲਾ ਵਿਖੇ ਕਿਸਾਨਾਂ ਨੂੰ ਸਬਸਿਡੀ ਵਾਲੇ ਕਣਕ ਸਮੇਤ ਹੋਰ ਫ਼ਸਲਾਂ ਦੇ ਬੀਜ ਮੁਹੱਈਆ
Publish Date: Sun, 01 Nov 2026 06:44 PM (IST)
Updated Date: Mon, 02 Nov 2026 04:02 AM (IST)
ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ, ਸਮਰਾਲਾ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਬਲਾਕ ਸਮਰਾਲਾ ਵੱਲੋਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਮਿਆਰੀ ਅਤੇ ਤਸਦੀਕਸ਼ੁਦਾ ਬੀਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਬਲਾਕ ਖੇਤੀਬਾੜੀ ਦਫ਼ਤਰ, ਸਮਰਾਲਾ ਵਿਖੇ ਸਬਸਿਡੀ ਵਾਲੇ ਕਣਕ ਦੇ ਬੀਜ ਦੀ ਵੰਡ ਕੀਤੀ ਜਾ ਰਹੀ ਹੈ। ਇਹ ਕਾਰਜ ਡਾ. ਗੁਰਦੀਪ ਸਿੰਘ, ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਗੌਰਵ ਧੀਰ, ਬਲਾਕ ਖੇਤੀਬਾੜੀ ਅਫਸਰ, ਸਮਰਾਲਾ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੂੰ ਕਣਕ ਦੀਆਂ ਉੱਨਤ ਕਿਸਮਾਂ 2-826 ਅਤੇ 2-872 ਦਾ ਤਸਦੀਕਸ਼ੁਦਾ ਬੀਜ ਰੁਪਏ 900 ਪ੍ਰਤੀ 40 ਕਿਲੋਗ੍ਰਾਮ ਥੈਲੇ ਦੀ ਦਰ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕਣਕ ਦੇ ਬੀਜ ਦੀ ਵਿਕਰੀ ਲਈ ਬਲਾਕ ਖੇਤੀਬਾੜੀ ਦਫ਼ਤਰ ਸਮਰਾਲਾ ਮਿਤੀ 31 ਅਕਤੂਬਰ, ਦਿਨ ਸ਼ਨੀਵਾਰ ਨੂੰ ਵੀ ਖੁੱਲ੍ਹਾ ਰਹੇਗਾ। ਬੀਜ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਪਹਿਲਾਂ ਆਨਲਾਈਨ ਫਾਰਮ ਭਰ ਕੇ ਉਸ ਦੀ ਸਲਿੱਪ ਦਾ ਪਿ੍ਰੰਟ ਲੈਣਾ ਹੋਵੇਗਾ। ਇਸ ਸਲਿੱਪ ਉੱਪਰ ਸਬੰਧਤ ਸਰਪੰਚ ਜਾਂ ਨੰਬਰਦਾਰ ਦੇ ਦਸਤਖ਼ਤ ਅਤੇ ਮੋਹਰ ਲਗਵਾਉਣ ਉਪਰੰਤ ਬਲਾਕ ਦਫ਼ਤਰ ਵਿਖੇ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਬਲਾਕ ਖੇਤੀਬਾੜੀ ਦਫ਼ਤਰ ਸਮਰਾਲਾ ਵਿਖੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਦੀ ਬਿਜਾਈ ਲਈ ਵੀ ਬੀਜ ਉਪਲਬਧ ਹਨ। ਇਨ੍ਹਾਂ ਵਿੱਚ ਛੋਲਿਆਂ ਦਾ ਬੀਜ ਰੁਪਏ 52 ਪ੍ਰਤੀ ਕਿਲੋਗ੍ਰਾਮ, ਮਸਰ ਦਾ ਬੀਜ ਰੁਪਏ 4 ਪ੍ਰਤੀ ਕਿਲੋਗ੍ਰਾਮ ਅਤੇ ਸਰ੍ਹੋਂ ਦੀ ਕਿਸਮ 73-7 ਦਾ ਬੀਜ ਸ਼ਾਮਲ ਹੈ। ਕਿਸਾਨ ਦਫ਼ਤਰ ਵਿਖੇ ਪਹੁੰਚ ਕੇ ਆਪਣੀ ਲੋੜ ਅਨੁਸਾਰ ਇਹ ਬੀਜ ਵੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਣਕ ਅਤੇ ਹੋਰ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਉੱਨਤ ਕਿਸਮਾਂ ਦੇ ਤਸਦੀਕਸ਼ੁਦਾ ਬੀਜ ਦੀ ਵਰਤੋਂ ਕਰਨ ਅਤੇ ਫ਼ਸਲਾਂ ਦੀ ਬਿਜਾਈ ਸਬੰਧੀ ਖੇਤੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਨ। ਵਿਭਾਗ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਿਆਰੀ ਬੀਜ ਵਾਜਬ ਦਰਾਂ ’ਤੇ ਉਪਲਬਧ ਕਰਵਾਉਣਾ, ਖੇਤੀ ਲਾਗਤਾਂ ਘਟਾਉਣ ’ਚ ਸਹਿਯੋਗ ਦੇਣਾ ਤੇ ਹਾੜ੍ਹੀ ਦੀਆਂ ਫ਼ਸਲਾਂ ਦਾ ਵਧੀਆ ਉਤਪਾਦਨ ਯਕੀਨੀ ਬਣਾਉਣਾ ਹੈ।