ਗਿੱਦੜਵਿੰਡੀ ਸਕੂਲ ’ਚ ਕਰਵਾਇਆ ਵਿਦਾਇਗੀ ਸਮਾਗਮ ਗਿੱਦੜਵਿੰਡੀ ਸਕੂਲ ’ਚ ਕਰਵਾਇਆ ਵਿਦਾਇਗੀ ਸਮਾਗਮ
Publish Date: Tue, 03 Nov 2026 06:20 PM (IST)
Updated Date: Tue, 03 Nov 2026 06:23 PM (IST)
ਜਰਨੈਲ ਸਿੰਘ ਸਿੱਧੂ, ਪੰਜਾਬੀ ਜਾਗਰਣ ਸਿੱਧਵਾਂ ਬੇਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਵਿਖੇ ਸਕੂਲ ਇੰਚਾਰਜ ਗੁਰਇਕਬਾਲ ਸਿੰਘ ਵੋਕੇਸ਼ਨਲ ਲੈਕਚਰਾਰ ਦੀ ਅਗਵਾਈ ਹੇਠ ਪ੍ਰਿੰਸੀਪਲ ਹਰਪ੍ਰੀਤ ਸਿੰਘ ਗਰੇਵਾਲ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਸਟਾਫ਼, ਪਿੰਡ ਦੀ ਪੰਚਾਇਤ, ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਨਿੱਘੀ ਵਿਦਾਇਗੀ ਦਿੱਤੀ ਗਈ। ਸਮਾਗਮ ਦੌਰਾਨ ਸਕੂਲ ਦੇ ਸੇਵਾਮੁਕਤ ਲੈਕਚਰਾਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਹਰਪ੍ਰੀਤ ਸਿੰਘ ਗਰੇਵਾਲ 31 ਸਾਲ 9 ਮਹੀਨੇ ਦੀ ਸਰਕਾਰੀ ਸੇਵਾ ਮਿਹਨਤ, ਲਗਨ, ਇਮਾਨਦਾਰੀ ਅਤੇ ਦ੍ਰਿੜ੍ਹਤਾ ਨਾਲ ਪੂਰੀ ਕਰਕੇ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਗਰੇਵਾਲ ਵੱਲੋਂ ਕਰੀਬ 10 ਸਾਲ ਇਸ ਸਕੂਲ ਦੀ ਬਿਹਤਰੀ ਲਈ ਕੀਤੇ ਗਏ ਯਤਨਾਂ ਨੂੰ ਗਿੱਦੜਵਿੰਡੀ ਸਮੇਤ ਆਸ-ਪਾਸ ਦੇ ਪਿੰਡਾਂ ਦੇ ਲੋਕ ਹਮੇਸ਼ਾ ਯਾਦ ਰੱਖਣਗੇ। ਲੈਕਚਰਾਰ ਜਗਜੀਤ ਸਿੰਘ ਨੇ ਪ੍ਰਿੰਸੀਪਲ ਗਰੇਵਾਲ ਨਾਲ ਕਾਲਜ ਸਮੇਂ ਦੀ ਸਾਂਝ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਕੂਲ ਦੇ ਸਾਬਕਾ ਪ੍ਰਿੰਸੀਪਲ ਲਖਵੀਰ ਸਿੰਘ ਸਮਰਾ ਨੇ ਕਿਹਾ ਕਿ ਅੱਜ ਸਕੂਲ ਦੀਆਂ ਪ੍ਰਾਪਤੀਆਂ ਦਾ ਚਾਨਣ ਦੂਰ-ਦੂਰ ਤੱਕ ਫੈਲਿਆ ਹੋਇਆ ਹੈ, ਜੋ ਪ੍ਰਿੰਸੀਪਲ ਗਰੇਵਾਲ ਦੀ ਮਿਹਨਤ ਅਤੇ ਯੋਗ ਅਗਵਾਈ ਦਾ ਨਤੀਜਾ ਹੈ। ਇਸ ਮੌਕੇ ਗ੍ਰਾਮ ਪੰਚਾਇਤ ਗਿੱਦੜਵਿੰਡੀ ਦੇ ਸਰਪੰਚ ਸੁਖਦੇਵ ਸਿੰਘ ਅਤੇ ਯੂਥ ਆਗੂ ਮਨੀ ਗਰਗ ਨੇ ਪਿੰਡ ਵਾਸੀਆਂ ਵੱਲੋਂ ਪ੍ਰਿੰਸੀਪਲ ਗਰੇਵਾਲ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਹਾਂ ਬਾਜਨ, ਗੱਗ ਕਲਾਂ ਅਤੇ ਤਿਹਾੜਾ ਦੇ ਅਧਿਆਪਕਾਂ ਨੇ ਵੀ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸਨਮਾਨਿਤ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਗਿੱਦੜਵਿੰਡੀ ਦੇ ਚੇਅਰਮੈਨ ਅਵਤਾਰ ਸਿੰਘ ਅਤੇ ਕਮੇਟੀ ਦੇ ਹੋਰ ਮੈਂਬਰਾਂ ਦੇ ਨਾਲ ਸਕੂਲ ਦੇ ਵਾਲੀਬਾਲ ਕੋਚ ਹਰਜਗਦੀਪ ਸਿੰਘ ਖਹਿਰਾ ਨੇ ਵੀ ਪ੍ਰਿੰਸੀਪਲ ਗਰੇਵਾਲ ਦੀ ਬੇਦਾਗ ਸੇਵਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨ ਭੇਟ ਕੀਤਾ। ਸਮਾਗਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਅੰਕਿਤ ਨੇ ਬਾਖੂਬੀ ਨਿਭਾਈ।