ਲੁਧਿਆਣਾ 'ਚ ਪਰਿਵਾਰਕ ਵਿਵਾਦ : ਸਹੁਰੇ ਘਰ ਬਾਹਰ ਖੜ੍ਹੀ ਗੱਡੀ ਦਾ ਸ਼ੀਸ਼ਾ ਤੋੜ ਕੇ ਨਕਦੀ ਤੇ ਕੱਪੜੇ ਚੋਰੀ, ਮੁਕੱਦਮਾ ਦਰਜ
ਮੁਲਜ਼ਮਾਂ ਨੇ ਉਸ ਦੇ ਘਰ ਦੇ ਬਾਹਰ ਖੜ੍ਹੀ ਗੱਡੀ ’ਤੇ ਇੱਟ ਮਾਰ ਕੇ ਅਗਲੇ ਪਾਸੇ ਅਤੇ ਕਨੈਕਟਰ ਸਾਈਡ ਦਾ ਸ਼ੀਸ਼ਾ ਤੋੜ ਦਿੱਤਾ। ਇਸ ਤੋਂ ਬਾਅਦ ਗੱਡੀ ਵਿੱਚੋਂ ਇੱਕ ਪੁਰਾਣਾ ਮੋਬਾਈਲ ਫੋਨ, ਨਵੇਂ ਕੱਪੜਿਆਂ ਨਾਲ ਭਰੇ ਦੋ ਬੈਗ ਅਤੇ ਕਰੀਬ 4,000 ਰੁਪਏ ਨਕਦ ਲਿਜਾਣ ਦੇ ਦੋਸ਼ ਵੀ ਲਗਾਏ ਗਏ ਹਨ
Publish Date: Mon, 12 Oct 2026 10:44 AM (IST)
Updated Date: Mon, 12 Oct 2026 10:51 AM (IST)
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਥਾਣਾ ਸਲੇਮ ਟਾਬਰੀ ਅਧੀਨ ਪੈਂਦੀ ਐਲਡੀਕੋ ਚੌਕੀ ਦੀ ਪੁਲਿਸ ਨੇ ਗੱਡੀ ਦਾ ਸ਼ੀਸ਼ਾ ਤੋੜਨ ਅਤੇ ਗੱਡੀ ਵਿੱਚੋਂ ਸਾਮਾਨ ਤੇ ਨਕਦੀ ਲਿਜਾਣ ਦੇ ਦੋਸ਼ਾਂ ਤਹਿਤ ਪ੍ਰੀਆ ਗੁਪਤਾ ਅਤੇ ਵਿਕਾਸ ਰਾਜਪੂਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਨਿਊ ਗੁਰਨਾਮ ਨਗਰ, ਜੱਸੀਆਂ ਰੋਡ ਦੇ ਰਹਿਣ ਵਾਲੇ ਜੀਆ ਲਾਲ ਗੁਪਤਾ ਦੇ ਬਿਆਨਾਂ ਦੇ ਆਧਾਰ ’ਤੇ ਕੀਤੀ ਗਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੀਆ ਲਾਲ ਗੁਪਤਾ ਪੁੱਤਰ ਸਵਰਗੀ ਰੂਪ ਚੰਦ ਨੇ ਦੱਸਿਆ ਕਿ ਉਸ ਦਾ ਬੇਟਾ ਗਿਆਨ ਗੁਪਤਾ ਜਿਸਦੀ ਪਤਨੀ ਪ੍ਰੀਆ ਗਰਗ ਵੱਖ ਰਹਿ ਰਹੀ ਹੈ ਅਤੇ ਦੋਵਾਂ ਵਿਚਕਾਰ ਤਲਾਕ ਦਾ ਕੇਸ ਮਾਣਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ। ਸ਼ਿਕਾਇਤਕਰਤਾ ਅਨੁਸਾਰ 5 ਅਤੇ 6 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪ੍ਰੀਆ ਗੁਪਤਾ, ਵਿਕਾਸ ਰਾਜਪੂਤ ਸਮੇਤ ਗੱਡੀ ਵਿੱਚ ਉਸ ਦੇ ਘਰ ਆਈ।
ਜੀਆ ਲਾਲ ਗੁਪਤਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੇ ਘਰ ਦੇ ਬਾਹਰ ਖੜ੍ਹੀ ਗੱਡੀ ’ਤੇ ਇੱਟ ਮਾਰ ਕੇ ਅਗਲੇ ਪਾਸੇ ਅਤੇ ਕਨੈਕਟਰ ਸਾਈਡ ਦਾ ਸ਼ੀਸ਼ਾ ਤੋੜ ਦਿੱਤਾ। ਇਸ ਤੋਂ ਬਾਅਦ ਗੱਡੀ ਵਿੱਚੋਂ ਇੱਕ ਪੁਰਾਣਾ ਮੋਬਾਈਲ ਫੋਨ, ਨਵੇਂ ਕੱਪੜਿਆਂ ਨਾਲ ਭਰੇ ਦੋ ਬੈਗ ਅਤੇ ਕਰੀਬ 4,000 ਰੁਪਏ ਨਕਦ ਲਿਜਾਣ ਦੇ ਦੋਸ਼ ਵੀ ਲਗਾਏ ਗਏ ਹਨ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਉਸ ਨੂੰ ਡਰਾਉਣ-ਧਮਕਾਉਣ ਦੀ ਨੀਅਤ ਨਾਲ ਕੀਤੀ ਗਈ।
ਇਸ ਸਬੰਧੀ ਐਲਡੀਕੋ ਚੌਕੀ ਦੇ ਇੰਚਾਰਜ ਕਰਨਜੀਤ ਸਿੰਘ ਨੇ ਦੱਸਿਆ ਕਿ ਜੀਆ ਲਾਲ ਗੁਪਤਾ ਦੇ ਬਿਆਨਾਂ ਦੇ ਆਧਾਰ ’ਤੇ ਪ੍ਰੀਆ ਗੁਪਤਾ ਅਤੇ ਵਿਕਾਸ ਰਾਜਪੂਤ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।