97 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ, ਇੱਕ ਕਾਬੂ 97 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ, ਇੱਕ ਕਾਬੂ
Publish Date: Tue, 27 Oct 2026 07:37 PM (IST)
Updated Date: Tue, 27 Oct 2026 07:40 PM (IST)
ਪੀ19: ਜਾਅਲੀ ਕਰੰਸੀ ਬਾਰੇ ਜਾਣਕਾਰੀ ਦਿੰਦੇ ਡੀਐੱਸਪੀ ਵਿਨੋਦ ਕੁਮਾਰ। ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਪੁਲਿਸ ਵੱਲੋਂ ਤੌਰ ’ਤੇ ਜਾਅਲੀ ਕਰੰਸੀ ਸਮੇਤ ਇੱਕ ਵਿਅਕਤੀ ਕਾਬੂ ਕੀਤਾ ਗਿਆ। ਮੁਲਜ਼ਮ ਤੋਂ ਪੁਲਿਸ ਨੇ 500-500 ਰੁਪਏ ਦੇ 194 ਕਥਿਤ ਜਾਅਲੀ ਨੋਟ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੁੱਲ ਕੀਮਤ 97 ਹਜ਼ਾਰ ਰੁਪਏ ਹੈ। ਮੁਲਜ਼ਮ ਦੀ ਪਛਾਣ ਲਲਹੇੜੀ ਰੋਡ, ਖੰਨਾ ਦੇ ਰਹਿਣ ਵਾਲੇ ਆਕਾਸ਼ ਪੁਰੀ ਵੱਜੋਂ ਹੋਈ ਹੈ। ਡੀਐੱਸਪੀ ਖੰਨਾ ਵਿਨੋਦ ਕੁਮਾਰ ਨੇ ਦੱਸਿਆ ਕਿ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੰਨਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਕਥਿਤ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ 500-500 ਰੁਪਏ ਦੇ 194 ਕਥਿਤ ਜਾਅਲੀ ਨੋਟ ਬਰਾਮਦ ਕੀਤੇ ਹਨ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਕਾਸ਼ ਪੁਰੀ ਵਾਸੀ ਲਲਹੇੜੀ ਰੋਡ ਖੰਨਾ ਕਥਿਤ ਤੌਰ ’ਤੇ ਜਾਅਲੀ ਕਰੰਸੀ ਦੀ ਸਪਲਾਈ ਕਰਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਥਾਣਾ ਸਿਟੀ-2 ਦੇ ਏਐੱਸਆਈ ਹਰਨੇਕ ਸਿੰਘ ਦੀ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਮਲੇਰਕੋਟਲਾ ਚੌਕ ਤੋਂ ਕਾਬੂ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਥਿਤ ਜਾਅਲੀ ਨੋਟ ਕਿੱਥੇ ਤਿਆਰ ਕੀਤੇ ਗਏ ਅਤੇ ਇਨ੍ਹਾਂ ਨੂੰ ਬਾਜ਼ਾਰ ’ਚ ਚਲਾਉਣ ਦੀ ਕੀ ਯੋਜਨਾ ਸੀ? ਜੇਕਰ ਅਜਿਹੀ ਕਰੰਸੀ ਬਾਜ਼ਾਰ ’ਚ ਪਹੁੰਚਦੀ ਹੈ ਤਾਂ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ, ਕਿ ਜਾਅਲੀ ਨੋਟ ਕਿੱਥੋਂ ਲਿਆਂਦੇ ਗਏ ਸਨ ਅਤੇ ਇਸ ਮਾਮਲੇ ’ਚ ਹੋਰ ਕੌਣ-ਕੌਣ ਸ਼ਾਮਲ ਹੈ? ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕੀ ਨੋਟ ਤਿਆਰ ਕਰਨ ਲਈ ਪ੍ਰਿੰਟਰ, ਸਕੈਨਰ ਜਾਂ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ, ਪ੍ਰਿੰਟਰ ਜਾਂ ਸਕੈਨਰ ਦੀ ਬਰਾਮਦਗੀ ਬਾਰੇ ਹਾਲੇ ਕੋਈ ਪੁਸ਼ਟੀਸ਼ੁਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਆ ਸਕੇਗੀ।