- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ-ਮਿਕਸ ਲੈਂਡ ਯੂਜ਼ ਦੇ ਕਾਰਖਾਨੇਦਾਰਾਂ ਵੱਲੋਂ ਕਾਲੇ ਝੰਡੇ ਫੜ੍ਹ ਕੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ

-‘ਪੰਜਾਬ ਸਰਕਾਰ ਮੁਰਦਾਬਾਦ’ ਦੇ ਨਾਅਰਿਆਂ ਨਾਲ ਗੂੰਜਿਆ ਜ਼ਿਲ੍ਹਾ ਸਨਅਤੀ ਕੇਂਦਰ
--ਸਨਅਤੀ ਇਲਾਕਾ ਨਾ ਐਲਾਨਣ ’ਤੇ ਸੰਘਰਸ਼ ਵਿੱਢਣ ਦਾ ਕੀਤਾ ਐਲਾਨ
--ਠੁਕਰਾਲ, ਵਿਸ਼ਵਕਰਮਾ, ਚਾਵਲਾ, ਸੋਖੀ ਤੇ ਹੋਰ ਆਗੂਆਂ ਨੇ ਕੀਤਾ ਸੰਬੋਧਨ
28)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਮਿਕਸ ਲੈਂਡ ਯੂਜ਼ ਇਲਾਕਿਆਂ ਨੂੰ ਸਨਅਤੀ ਇਲਾਕੇ ਐਲਾਨੇ ਜਾਣ ਦੀ ਮੰਗ ਨੂੰ ਲੈ ਕੇ ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਦੇ ਦਫ਼ਤਰ ਵਿਖੇ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਤੇ ਪ੍ਰਸਿੱਧ ਸਨਅਤਕਾਰ ਚਰਨਜੀਤ ਸਿੰਘ ਵਿਸ਼ਵਕਰਮਾ ਦੀ ਅਗਵਾਈ ਹੇਠ ਲਗਾਏ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਕਾਰਖਾਨੇਦਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆ ਠੁਕਰਾਲ ਤੇ ਵਿਸ਼ਵਕਮਾ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਦੇ 72 ਮੁਹੱਲਿਆਂ ਵਿੱਚ ਚੱਲ ਰਹੇ ਕਰੀਬ 50 ਹਜ਼ਾਰ ਕਾਰਖਾਨਿਆਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਨੂੰ ਸਨਅਤੀ ਖੇਤਰ ਨਾ ਐਲਾਨੇ ਜਾਣ ਕਾਰਨ ਇੱਥੇ ਚੱਲ ਰਹੇ ਕਾਰਖ਼ਾਨਿਆਂ ਸਾਹਮਣੇ ਕਾਨੂੰਨੀ ਤੇ ਕਾਰੋਬਾਰੀ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਧਰਨਾ ਸਰਕਾਰ ਲਈ ਚੇਤਾਵਨੀ ਹੈ ਕਿ ਇਨ੍ਹਾਂ ਇਲਾਕਿਆਂ ਨੂੰ ਸਨਅਤੀ ਖੇਤਰ ਐਲਾਨਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਜੇਕਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ, ਤਾਂ ਐਸੋਸੀਏਸ਼ਨ ਵੱਲੋਂ ਜਲਦ ਹੀ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਕਈ ਦਹਾਕਿਆਂ ਤੋਂ ਕਾਰਖਾਨੇ ਚੱਲ ਰਹੇ ਹਨ ਅਤੇ ਇਹ ਉਦਯੋਗ ਪਿਛਲੀਆਂ ਪੀੜ੍ਹੀਆਂ ਨੇ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਕਾਰਖ਼ਾਨਿਆਂ ਨੂੰ ਉਜੜਨ ਨਹੀਂ ਦੇਣਗੇ ਅਤੇ ਆਪਣੇ ਹੱਕਾਂ ਲਈ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਹਨ। ਯੂਸੀਪੀਐਮਏ ਦੇ ਸਾਬਕਾ ਪ੍ਰਧਾਨ ਡੀਐਸ ਚਾਵਲਾ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਇਲਾਕੇ ਦੇ ਕਾਰਖ਼ਾਨੇਦਾਰਾਂ ਨੂੰ ਉਜੜਨ ਨਹੀਂ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਨੇ ਕਾਰਖਾਨੇਦਾਰਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਧਰਨੇ ਨੂੰ ਜਗਬੀਰ ਸਿੰਘ ਸੋਖੀ, ਮਨਰਾਜ ਸਿੰਘ ਠੁਕਰਾਲ, ਗੁਰਪ੍ਰੀਤ ਸਿੰਘ ਕਾਹਲੋਂ, ਸਵਿੰਦਰ ਸਿੰਘ ਹੂੰਝਣ, ਰਜਿੰਦਰ ਸਿੰਘ ਕਲਸੀ, ਗਗਨ ਸ਼ਰਮਾ, ਸੁਮੇਸ਼ ਕੋਛੜ, ਅਸ਼ੋਕ ਪੱਬੀ, ਵਿੱਕੀ ਦੁਰਗਾ, ਹਰਜੀਤ ਸਿੰਘ ਪਨੇਸਰ, ਸੁਰਿੰਦਰ ਸਿੰਘ, ਸੁਖਚੈਨ ਸਿੰਘ, ਇੰਦਰਜੀਤ ਸਿੰਘ, ਪਵਨ ਢੰਡ, ਰਜਨੀਸ਼ ਖੁੱਲਰ, ਦਿਨੇਸ਼ ਗੋਗੀਆ, ਲਖਵਿੰਦਰ ਸਿੰਘ ਲਾਲੀ, ਬਿੱਟੂ ਪੱਬੀ, ਕੁਲਦੀਪ ਸਿੰਘ ਸੰਧੂ, ਬਲਬੀਰ ਸਿੰਘ, ਰਵਿੰਦਰ ਸਿੰਘ, ਦਵਿੰਦਰ ਭਟਨਾਗਰ, ਹਰਦੀਪ ਸਿੰਘ ਸੋਹਲ ਅਤੇ ਗੰਗਾ ਰਾਮ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਕਾਰਖਾਨੇਦਾਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਈ ਦਹਾਕਿਆਂ ਤੋਂ ਆਪਣੇ ਕਾਰਖ਼ਾਨੇ ਚਲਾ ਰਹੇ ਹਨ,ਪਰ ਸਰਕਾਰ ਨੇ ਉਨ੍ਹਾਂ ਨੂੰ ਸਮਾਂ ਦੇਣ ਜਾਂ ਇਸ ਇਲਾਕੇ ਨੂੰ ਪੱਕਾ ਸਨਅਤੀ ਇਲਾਕਾ ਐਲਾਨੇ ਜਾਣ ਦਾ ਹਾਲੇ ਤੱਕ ਕੋਈ ਵੀ ਐਲਾਨ ਨਹੀਂ ਕੀਤਾ। ਉਨ੍ਹਾਂ ਨੇ ਸਰਕਾਰ ਨੂੰ ਪੱਕਾ ਹੱਲ ਕਰਨ ਦੀ ਅਪੀਲ ਕੀਤੀ।
-ਬਾਕਸ-
-ਜਨਰਲ ਮੈਨੇਜਰ ਨੂੰ ਸੌਂਪਿਆ ਮੰਗ ਪੱਤਰ
29) ਜ਼ਿਲ੍ਹਾ ਸਨਅਤੀ ਕੇਂਦਰ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਦੇ ਜਸਵਿੰਦਰ ਸਿੰਘ ਠੁਕਰਾਲ, ਚਰਨਜੀਤ ਸਿੰਘ ਵਿਸ਼ਵਕਰਮਾ, ਡੀਐਸ ਚਾਵਲਾ, ਜਗਬੀਰ ਸਿੰਘ ਸੋਖੀ ਤੇ ਹੋਰ। ਤਸਵੀਰਾਂ : ਲੱਕੀ ਭੱਟੀ।
ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਨੂੰ ਸੌਂਪਿਆ। ਜਨਰਲ ਮੈਨੇਜਰ ਨੇ ਪ੍ਰਦਰਸ਼ਨਕਾਰੀਆਂ ਕੋਲ ਧਰਨੇ ਵਾਲੀ ਥਾਂ ’ਤੇ ਆ ਕੇ ਉਨ੍ਹਾਂ ਦੀ ਗੱਲਬਾਤ ਸੁਣੀ ਅਤੇ ਉਨ੍ਹਾਂ ਦਾ ਮੰਗ ਪੱਤਰ ਲਿਆ। ਉਨ੍ਹਾਂ ਕਿਹਾ ਕਿ ਉਹ ਇਸ ਮੰਗ ਪੱਤਰ ਬਾਰੇ ਉੱਚ ਅਧਿਕਾਰੀਆਂ ਤੇ ਸਰਕਾਰ ਨਾਲ ਗੱਲਬਾਤ ਕਰਦੇ ਇਸ ਮਸਲੇ ਦਾ ਛੇਤੀ ਹੀ ਢੁੱਕਵਾਂ ਹੱਲ ਕਰਵਾਊਣ ਦੀ ਕੋਸਿ਼ਸ਼ ਕਰਨਗੇ।