- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਲੁਧਿਆਣਾ ’ਚ ਭਲਕੇ ਹੋਣ ਵਾਲੇ “ਹਰ ਬੂਥ ਕਾਂਗਰਸ ਮਜਬੂਤ” ਮੁਹਿੰਮ ਤਹਿਤ ਸਮਾਗਮ ’ਤੇ ਧੜੇਬਾਜ਼ੀ ਦਾ ਰਹੇਗਾ ਪਰਛਾਵਾ

-ਸ਼ਹਿਰ ਦੀ ਮੀਟਿੰਗ ਸ਼ਾਂਤੀਪੂਰਵਕ ਨੇਪਰੇ ਚਾੜ੍ਹਨੀ ਕਾਂਗਰਸ ਲਈ ਬਣੀ ਚੁਣੌਤੀ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ “ਹਰ ਬੂਥ ਕਾਂਗਰਸ ਮਜਬੂਤ” ਮੁਹਿੰਮ ਤਹਿਤ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕੇ ਲੁਧਿਆਣਾ ਸ਼ਹਿਰ ਵਿੱਚ 6 ਅਗਸਤ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਗੁਰੂ ਨਾਨਕ ਦੇਵ ਭਵਨ ਨੇੜੇ ਭਾਰਤ ਨਗਰ ਚੌਂਕ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਲੁਧਿਆਣਾ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਵੀ ਧੜੇਬਾਜ਼ੀ ਰਹਿਣ ਦੀ ਕਨਸੋਅ ਮਿਲੀ ਹੈ।
ਲੁਧਿਆਣਾ ਦੀ ਮੀਟਿੰਗ ਨੂੰ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਵਰਕਰਾਂ ਨਾਲ ਸੰਬੋਧਨ ਕਰਨਗੇ। ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਲੁਧਿਆਣਾ ਸ਼ਹਿਰ ਵਿੱਚ ਹੋਣ ਵਾਲੀ ਮੀਟਿੰਗ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨਾ ਤੇ ਧੜੇਬਾਜ਼ੀ ਨੂੰ ਰੋਕਣਾ ਵੱਡੀ ਚੁਣੌਤੀ ਹੋਵੇਗੀ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਰਮਿਆਨ 36 ਦਾ ਆਂਕੜਾ ਹੈ। ਦੋਵੇਂ ਆਗੂ ਇਕ-ਦੂਸਰੇ ਨਾਲ ਕਿਸੇ ਵੀ ਸਮਾਗਮ ’ਚ ਇਕੱਠੇ ਹੋਣ ਜਾਂ ਸਟੇਜ਼ ਸਾਂਝੀ ਕਰਨ ਤੋਂ ਕੰਨੀ ਕਤਰਾਉਂਦੇ ਆ ਰਹੇ ਹਨ। ਜਿਸ ਦਿਨ ਤੋਂ ਰਾਜਾ ਵੜਿੰਗ ਮੁੜ ਪੰਜਾਬ ਕਾਂਗਰਸ ਦੇ ਪ੍ਰ਼ਧਾਨ ਬਣੇ ਹਨ। ਊਸ ਦਿਨ ਤੋਂ ਆਸ਼ੂ ਸਾਬਕਾ ਮੁੱਖ ਮੰਤਰੀ ਤੇ ਐਮਪੀ ਚਰਨਜੀਤ ਸਿੰਘ ਚੰਨੀ ਦੀ ਗੱਡੀ ਵਿੱਚ ਸਵਾਰ ਹਨ। ਆਸ਼ੂ ਨੇ ਸਾਫ਼ ਸੰਕੇਤ ਦੇ ਦਿੱਤਾ ਹੈ ਕਿ ਉਹ ਵੜਿੰਗ ਦੀ ਥਾਂ ’ਤੇ ਚੰਨੀ ਦੇ ਨਾਲ ਖੜ੍ਹੇ ਹਨ। ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਵਿੱਚ ਜੋ ਸਮਾਗਮ ਕੀਤਾ ਜਾ ਰਿਹਾ ਹੈ, ਉਹ ਸਮਾਗਮ ਵੀ ਆਸ਼ੂ ਦੇ ਹਲਕਾ ਲੁਧਿਆਣਾ ਪੱਛਮੀ ਦੇ ਗੁਰੂ ਨਾਨਕ ਦੇਵ ਭਵਨ ਵਿਖੇ ਹੋ ਰਿਹਾ ਹੈ। ਜਦੋਂ ਆਸ਼ੂ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਨਾ ਟੈਲੀਫ਼ੋਨ ਚੁੱਕਿਆ ਅਤੇ ਨਾ ਹੀ ਵੱਟਸਐਪ ਸੁਨੇਹੇ ਦਾ ਜਵਾਬ ਦਿੱਤਾ। ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸ ਮੀਟਿੰਗ ਵਿੱਚ ਆਸ਼ੂ ਤੇ ਉਨ੍ਹਾਂ ਦਾ ਧੜ੍ਹਾ ਗੈਰ ਹਾਜ਼ਰ ਰਹਿ ਸਕਦਾ ਹੈ।
-ਬਾਕਸ-
-ਲੁਧਿਆਣਾ ’ਚ ਕਾਂਗਰਸੀ ਆਗੂਆਂ ਦੀ ਸਥਿਤੀ
ਲੁਧਿਆਣਾ ਸ਼ਹਿਰ ਵਿੱਚ 6 ਵਿਧਾਨ ਸਭਾ ਹਲਕਾ ਪੈਂਦੇ ਹਨ। ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਹਲਕਾ ਲੁਧਿਆਣਾ ਦੱਖਣੀ ਤੋਂ ਸਾਬਕਾ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ, ਹਲਕਾ ਲੁਧਿਆਣਾ ਪੂਰਬੀ ਤੋਂ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਸਾਬਕਾ ਮੰਤਰੀ ਰਾਕੇਸ਼ ਪਾਂਡੇ, ਵਿਧਾਨ ਸਭਾ ਹਲਕਾ ਕੇਂਦਰੀ ਤੋਂ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਹਲਕਾ ਲੁਧਿਆਣਾ ਪੱਛਮੀ ਤੋਂ ਪਵਨ ਦੀਵਾਨ ਅਤੇ ਉਨ੍ਹਾਂ ਦੇ ਸਮਰਥੱਕ ਪ੍ਰਧਾਨ ਤੇ ਐੱਮਪੀ ਰਾਜਾ ਵੜਿੰਗ ਦੇ ਨਾਲ ਚੱਲਦੇ ਹਨ। ਜਦਕਿ ਹਲਕਾ ਆਤਮ ਨਗਰ ਤੋਂ ਚੋਣ ਲੜਨ ਵਾਲੇ ਕਮਲਜੀਤ ਸਿੰਘ ਕੜਵਲ, ਹਲਕਾ ਲੁਧਿਆਣਾ ਦੱਖਣੀ ਤੋਂ ਚੋਣ ਲੜਨ ਵਾਲੇ ਈਸ਼ਵਰਜੋਤ ਸਿੰਘ ਚੀਮਾ, ਸਾਬਕਾ ਕੌਂਸਲਰ ਸੰਨੀ ਭੱਲਾ, ਕੌਂਸਲਰ ਪਤੀ ਇੰਦਰਜੀਤ ਸਿੰਘ ਇੰਦੀ, ਕੌਂਸਲਰ ਪਤੀ ਪੰਕਜ ਕਾਕਾ, ਕੌਂਸਲਰ ਦਿਲਰਾਜ ਸਿੰਘ, ਦਾਰਾ ਬੱਬਰ ਸਮੇਤ ਹੋਰ ਆਗੂ ਭਾਰਤ ਭੂਸ਼ਣ ਆਸ਼ੂ ਦੀ ਹਾਂ ’ਚ ਹਾਂ ਮਿਲਾਉਂਦੇ ਹਨ।
-ਬਾਕਸ-
-ਕਾਂਗਰਸ ਦੇ ਸਮਾਗਮ ਵਿੱਚ ਜਾਵਾਂਗਾ : ਚੀਮਾ
ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਉਹ 6 ਅਗਸਤ ਨੂੰ ਕਾਂਗਰਸ ਪਾਰਟੀ ਦੀ ਲੁਧਿਆਣਾ ਸ਼ਹਿਰ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਜ਼ਰੂਰ ਹਾਜ਼ਰੀ ਭਰਨਗੇ। ਚੀਮਾ ਨੇ ਕਿਹਾ ਕਿ ਉਹ ਕਾਂਗਰਸ ਦੇ ਸੱਚੇ ਸਿਪਾਹੀ ਹਨ ਤੇ ਹਮੇਸ਼ਾ ਰਹਿਣਗੇ।