ਫੇਸਬੁੱਕ ਪਿਆਰ ਦਾ ਖ਼ੌਫ਼ਨਾਕ ਅੰਤ : ਵਿਆਹ ਦੇ 3 ਮਹੀਨਿਆਂ ਬਾਅਦ ਨਵ-ਵਿਆਹੀ ਪਤਨੀ ਪਿਸਤੌਲ ਤੇ ਕਾਰਤੂਸ ਲੈ ਕੇ ਫ਼ਰਾਰ, ਮੁਕੱਦਮਾ ਦਰਜ ਫੇਸਬੁੱਕ ’ਤੇ ਹੋਈ ਦੋਸਤੀ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝੇ ਜੋੜੇ ਦੇ ਰਿਸ਼ਤੇ ਵਿੱਚ ਤਿੰਨ ਮਹੀਨਿਆਂ ਅੰਦਰ ਹੀ ਤਕਰਾਰ ਸਾਹਮਣੇ ਆ ਗਈ। ਇੱਕ ਕਾਰ ਬਾਜ਼ਾਰ ਦੇ ਮਾਲਕ ਨੇ ਆਪਣੀ ਪਤਨੀ ’ਤੇ ਘਰੋਂ ਲਾਇਸੈਂਸੀ ਪਿਸਤੌਲ ਅਤੇ ਛੇ ਜ਼ਿੰਦਾ ਕਾਰਤੂਸ ਚੋਰੀ ਕਰਕੇ ਲੈ ਜਾਣ ਦਾ ਦੋਸ਼ ਲਗਾਇਆ ਹੈ। ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਹੰਬੜਾਂ ਦੀ ਰਹਿਣ ਵਾਲੀ ਔਰਤ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
Publish Date: Sat, 17 Oct 2026 11:15 AM (IST)
Updated Date: Sat, 17 Oct 2026 11:16 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਫੇਸਬੁੱਕ ’ਤੇ ਹੋਈ ਦੋਸਤੀ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝੇ ਜੋੜੇ ਦੇ ਰਿਸ਼ਤੇ ਵਿੱਚ ਤਿੰਨ ਮਹੀਨਿਆਂ ਅੰਦਰ ਹੀ ਤਕਰਾਰ ਸਾਹਮਣੇ ਆ ਗਈ। ਇੱਕ ਕਾਰ ਬਾਜ਼ਾਰ ਦੇ ਮਾਲਕ ਨੇ ਆਪਣੀ ਪਤਨੀ ’ਤੇ ਘਰੋਂ ਲਾਇਸੈਂਸੀ ਪਿਸਤੌਲ ਅਤੇ ਛੇ ਜ਼ਿੰਦਾ ਕਾਰਤੂਸ ਚੋਰੀ ਕਰਕੇ ਲੈ ਜਾਣ ਦਾ ਦੋਸ਼ ਲਗਾਇਆ ਹੈ। ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਹੰਬੜਾਂ ਦੀ ਰਹਿਣ ਵਾਲੀ ਔਰਤ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ ਦੇ ਰਹਿਣ ਵਾਲੇ ਚਿਤਵਨਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਹੰਬੜਾਂ ਦੀ ਰਹਿਣ ਵਾਲੀ ਭਗਵੰਤ ਕੌਰ ਨਾਲ ਹੋਇਆ ਸੀ। ਦੋਵਾਂ ਦੀ ਜਾਣ-ਪਛਾਣ ਫੇਸਬੁੱਕ ਰਾਹੀਂ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਵਾ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਤਨੀ ਘਰੋਂ ਉਸ ਦਾ ਵੈਬਲੇ ਕੰਪਨੀ ਦਾ .30 ਬੋਰ ਪਿਸਤੌਲ, ਨੰਬਰ 4519, ਅਤੇ ਛੇ ਜ਼ਿੰਦਾ ਕਾਰਤੂਸ ਲੈ ਗਈ।
ਮਾਮਲੇ ਦੀ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਔਰਤ ਕਥਿਤ ਤੌਰ ’ਤੇ ਆਪਣੇ ਪਤੀ ਨੂੰ ਪਹਿਲਾਂ ਤੋਂ ਹੀ ਪਰੇਸ਼ਾਨ ਕਰ ਰਹੀ ਸੀ। ਪੁਲਿਸ ਨੇ ਸ਼ਿਕਾਇਤ ਅਤੇ ਜਾਂਚ ਦੇ ਆਧਾਰ ’ਤੇ ਔਰਤ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 305 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਤਫ਼ਤੀਸ਼ੀ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਜਾਂਚ ਦੇ ਆਧਾਰ ’ਤੇ ਕੀਤੀ ਜਾਵੇਗੀ।