- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਦੀ ਬੌਟਮ-ਬਹਾਦਰਕੇ ਰੋਡ ਸਬਜ਼ੀ ਮੰਡੀ ’ਚ ਪਾਰਕਿੰਗ ਦੇ ਨਾਂ ’ਤੇ ਵਸੂਲੀ, ਅੰਦਰ ਕਬਜ਼ਿਆਂ ਨੇ ਵਧਾਈ ਭੀੜ!

-ਸਹੂਲਤਾਂ ਗਾਇਬ, ਪਰਚੀਆਂ ਦੀ ਵਸੂਲੀ ਜਾਰੀ, ਮਾਰਕੀਟ ਕਮੇਟੀ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
23)
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਇੱਥੋਂ ਦੀ ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ ਵਿੱਚ ਪਾਰਕਿੰਗ ਅਤੇ ਕਥਿਤ ਕਬਜ਼ਿਆਂ ਦਾ ਮੁੱਦਾ ਇੱਕ ਵਾਰ ਮੁੜ ਚਰਚਾ ਵਿੱਚ ਆ ਗਿਆ ਹੈ। ਮੰਡੀ ਦੇ ਅੰਦਰ ਵਾਹਨਾਂ ਦੀ ਭਾਰੀ ਭੀੜ ਕਾਰਨ ਜਿੱਥੇ ਆਮ ਲੋਕਾਂ, ਵਪਾਰੀਆਂ ਤੇ ਆੜ੍ਹਤੀਆਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਲਈ ਜਗ੍ਹਾ ਲੱਭਣੀ ਮੁਸ਼ਕਲ ਹੋ ਰਹੀ ਹੈ, ਉੱਥੇ ਆੜ੍ਹਤੀ ਭਾਈਚਾਰੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮਾਰਕੀਟ ਕਮੇਟੀ ਦਾ ਧਿਆਨ ਸਹੂਲਤਾਂ ਮੁਹੱਈਆ ਕਰਵਾਉਣ ਦੀ ਬਜਾਏ ਵੱਧ ਤੋਂ ਵੱਧ ਵਸੂਲੀ ਵੱਲ ਜ਼ਿਆਦਾ ਹੈ।
ਸੂਤਰਾਂ ਮੁਤਾਬਕ ਮੰਡੀ ਦੇ ਅੰਦਰ ਬਣੇ ਰੈਂਪਾਂ ਅਤੇ ਹੋਰ ਥਾਵਾਂ ਦੀ ਵਰਤੋਂ ਨੂੰ ਲੈ ਕੇ ਵੀ ਕਥਿਤ ਤੌਰ ’ਤੇ ਵਸੂਲੀ ਕੀਤੀ ਜਾ ਰਹੀ ਹੈ। ਉੱਥੇ ਹੀ ਮਾਰਕੀਟ ਕਮੇਟੀ 'ਤੇ ਦੋਸ਼ ਹੈ ਕਿ 50 ਦੀ ਪਾਰਕਿੰਗ ਪਰਚੀ ਹੋਣ ਦੇ ਬਾਵਜੂਦ ਕਈ ਮਾਮਲਿਆਂ ਵਿੱਚ ‘ਮਲਟੀਪਲ’ ਦੇ ਨਾਂ ’ਤੇ 100 ਤੱਕ ਵਸੂਲੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਜਿਸਦਾ ਮਾਮਲਾ ਕਈ ਬਾਰ ਭਖਿਆ, ਪਰ ਮਾਰਕੀਟ ਵੱਲੋਂ ਇਸਦਾ ਧਿਆਨ ਵੀ ਨਹੀਂ ਦਿੱਤਾ ਗਿਆ। ਸਵਾਲ ਇਹ ਹੈ ਕਿ ਜੇਕਰ ਵਾਧੂ ਰਕਮ ਲਈ ਜਾ ਰਹੀ ਹੈ ਤਾਂ ਉਸ ਦੀ ਸਪੱਸ਼ਟ ਪਰਚੀ ਜਾਂ ਕੋਈ ਨਿਸ਼ਾਨੀ ਕਿਉਂ ਨਹੀਂ ਦਿੱਤੀ ਜਾਂਦੀ?
ਆੜ੍ਹਤੀ ਭਾਈਚਾਰੇ ਦਾ ਕਹਿਣਾ ਹੈ ਕਿ ਮੰਡੀ ਅੰਦਰ ਵਧ ਰਹੀ ਭੀੜ ਦਾ ਇੱਕ ਵੱਡਾ ਕਾਰਨ ਕਥਿਤ ਤੌਰ ’ਤੇ ਹੋ ਰਹੇ ਕਬਜ਼ੇ ਅਤੇ ਗੈਰ-ਨਿਰਧਾਰਤ ਥਾਵਾਂ ਦੀ ਵਰਤੋਂ ਹੈ। ਉਨ੍ਹਾਂ ਮੁਤਾਬਕ ਕਈ ਸਾਲ ਪਹਿਲਾਂ ਵੀ ਅਜਿਹੇ ਹਾਲਾਤ ਪੈਦਾ ਹੋਣ ’ਤੇ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ, ਪਰ ਹੁਣ ਲੰਮਾ ਸਮਾਂ ਬੀਤਣ ਦੇ ਬਾਵਜੂਦ ਸਥਿਤੀ ਮੁੜ ਵਿਗੜਦੀ ਦਿਖਾਈ ਦੇ ਰਹੀ ਹੈ।
ਆੜ੍ਹਤੀਆਂ ਨੇ ਸਵਾਲ ਕੀਤਾ ਕਿ ਜੇਕਰ ਮੰਡੀ ਵਿਚ ਪਾਰਕਿੰਗ ਲਈ ਜਗ੍ਹਾ ਹੀ ਨਹੀਂ ਬਚ ਰਹੀ ਤਾਂ ਪਾਰਕਿੰਗ ਦੇ ਨਾਂ ’ਤੇ ਵਸੂਲੀ ਕਿਸ ਸਹੂਲਤ ਦੇ ਬਦਲੇ ਕੀਤੀ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਮੰਡੀ ਵਿਚ ਆਉਣ ਵਾਲੇ ਛੋਟੇ ਵਾਹਨ ਚਾਲਕਾਂ ਅਤੇ ਆਮ ਲੋਕਾਂ ’ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ।
ਦੂਜੇ ਪਾਸੇ ਮੰਡੀ ਨਾਲ ਜੁੜੇ ਅਧਿਕਾਰੀਆਂ ਦੀ ਐਸਆਈਆਰ ਡਿਊਟੀ ਲੱਗੀ ਹੋਣ ਕਾਰਨ ਵੀ ਰੋਜ਼ਾਨਾ ਪ੍ਰਬੰਧਨ ਅਤੇ ਨਿਗਰਾਨੀ ਪ੍ਰਭਾਵਿਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਮਾਰਕੀਟ ਕਮੇਟੀ ਮੰਡੀ ਦੀ ਪਾਰਕਿੰਗ, ਕਥਿਤ ਕਬਜ਼ਿਆਂ ਅਤੇ ਵਸੂਲੀ ਨਾਲ ਜੁੜੇ ਸਵਾਲਾਂ ਦਾ ਕੀ ਜਵਾਬ ਦਿੰਦੀ ਹੈ।