ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ
Publish Date: Mon, 27 Jul 2026 08:59 PM (IST)
Updated Date: Tue, 28 Jul 2026 04:10 AM (IST)
ਸ਼ਹੀਦ ਊਧਮ ਸਿੰਘ ਸਾਂਝੀਵਾਲਤਾ ਦੇ ਪ੍ਰਤੀਕ ਸਨ : ਹਰਕੇਸ਼ ਚੌਧਰੀ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦਾ ਰਸਮੀ ਉਦਘਾਟਨ ਤਰਕਸ਼ੀਲ ਸੁਸਾਇਟੀ ਕੈਲਗਰੀ ਦੇ ਆਗੂ ਗੋਪਾਲ ਕਾਉਂਕੇ, ਡਾਕਟਰ ਹਰਬੰਸ ਗਰੇਵਾਲ, ਲੇਖਕ ਅਮਰੀਕ ਤਲਵੰਡੀ, ਜਗਤਾਰ ਹਿੱਸੋਵਾਲ, ਜਸ਼ ਚੁਟਾਨੀ, ਹਰਕੇਸ਼ ਚੌਧਰੀ ਅਤੇ ਮਾਸਟਰ ਉਜਾਗਰ ਸਿੰਘ ਨੇ ਸਮਾਗਮ ਦਾ ਰਸਮੀ ਉਦਘਾਟਨ ਮੋਬੱਤੀਆਂ ਜਗਾ ਕੇ ਕੀਤਾ ਅਤੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਲਿਆ ਗਿਆ। ਇਸ ਮੌਕੇ ਲੋਕ ਕਲਾਂ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਸਾਂਝੀਵਾਲਤਾ ਦੇ ਪ੍ਰਤੀਕ ਸਨ। ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਧਰਮਾਂ ਰੰਗਾਂ, ਨਸਲਾਂ ਤੋਂ ਉੱਪਰ ਉੱਠ ਕੇ ਲੜੀ ਸੀ। ਅੱਜ ਦੇਸ਼ ਦੇ ਹਾਕਮ ਲੋਕਾਂ ਵਿੱਚ ਧਰਮਾਂ ਦੇ ਨਾਮ ਤੇ ਵੰਡੀਆਂ ਪਾ ਰਹੇ ਹਨ । ਇਸ ਮੌਕੇ ਦਰਸ਼ਕਾਂ ਨੇ ਬੈਨਰ , ਪੋਸਟਰ ਅਤੇ ਮੋਮਬੱਤੀਆਂ ਜਗਾ ਕੇ ਜੰਤਰ-ਮੰਤਰ ’ਤੇ ਚੱਲ ਰਹੇ ਵਿਦਿਆਰਥੀਆਂ ਦੇ ਸੰਘਰਸ਼ ਅਤੇ ਏਕਤਾ ਦੀ ਸ਼ਲਾਘਾ ਕੀਤੀ ਅਤੇ ਨੀਟ ਦਾ ਪੇਪਰ ਲੀਕ ਮਾਮਲੇ ਵਿੱਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਉਪਰੰਤ ਰੰਗਮੰਚ ਰੰਗਨਗਰੀ ਵੱਲੋਂ ਲੇਖਕ ਨਿਰਦੇਸ਼ਕ ਤਰਲੋਚਨ ਸਿੰਘ ਦੀ ਨਿਰਦੇਸ਼ਨਾਂ ਹੇਠ ਨਾਟਕ “ਵਗਦੇ ਪਾਣੀ ਦੀਆਂ ਲਹਿਰਾਂ ਨੂੰ ਮੋੜ”ਪੇਸ਼ ਕੀਤਾ ਗਿਆ। ਨਾਟਕ ਵਿਚਲੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਗੋਪਾਲ ਕਾਉਂਕੇ ਕਿਹਾ ਕਿ ਉਹ ਨਾਟਕ ਦੀ ਸਹਿਜਤਾ ਨੂੰ ਦੇਖ ਕੇ ਹੈਰਾਨ ਸਨ , ਕਿਉਕਿ ਨਾਟਕ ਨੇ ਸਪੱਸ਼ਟ ਸੰਕੇਤ ਕੀਤਾ ਕਿ ਆਪਣੇ ਬਜ਼ੁਰਗਾਂ ਨਾਲ ਸੰਵਾਦ ਬੜਾ ਜ਼ਰੂਰੀ ਹੈ। ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣਾ ਜ਼ਰੂਰੀ ਹੈ । ਸਮਾਗਮ ਦੌਰਾਨ ਸੁਖਵਿੰਦਰ ਸਿੰਘ ਗਿੱਲ ਮੁੱਲਾਂਪੁਰ ਨੇ ਲੋਕ ਕਲਾ ਮੰਚ ਨੂੰ ਆਪਣੀਆਂ ਹੱਥ ਲਿਖਤਾਂ ਪੰਜ ਕਿਤਾਬਾਂ ਭੇਂਟ ਕੀਤੀਆਂ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਦੀਪਕ ਰਾਏ ਨੇ ਬਾਖੂਬੀ ਨਿਭਾਈ। ਮੰਚ ਵੱਲੋਂ ਨਾਟਕ ਟੀਮ, ਗੋਪਾਲ ਕਾਉਂਕੇ ਅਤੇ ਪੱਤਰਕਾਰ ਜਸ਼ ਚੁਟਾਨੀ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਗਟ ਸਿੰਘ, ਗੁਰਜੀਤ ਸਿੰਘ, ਕਮਲਜੀਤ ਮੋਹੀ, ਬਲਵਿੰਦਰ ਸਿੰਘ, ਮਾਸਟਰ ਕੀਰਤਪਾਲ ਸਿੰਘ, ਬਲਦੇਵ ਸਿੰਘ ,ਬਾਬਾ ਤੇਜਾ ਸਿੰਘ, ਜਰਨੈਲ ਸਿੰਘ , ਹਰਜੀਤ ਸਿੰਘ, ਹਰਮਿੰਦਰ ਸਿੰਘ ਬੱਲੀ ਅਤੇ ਮਾਸਟਰ ਸੁਖਦੇਵ ਸਿੰਘ ਆਦਿ ਹਾਜ਼ਰ ਸਨ।