ਗੱਡੀ ’ਚ ਡੀਜ਼ਲ ਦੀ ਜਗ੍ਹਾ ਗਲਤੀ ਨਾਲ ਪੈਟਰੋਲ ਪੈ ਜਾਣ ਕਾਰਨ ਦੋ ਧਿਰਾਂ ’ਚ ਵਿਵਾਦ, ਚਾਰ ਹਥਿਆਰਬੰਦ ਸਾਥੀਆਂ ਨਾਲ ਮੁੜ ਆ ਕੇ ਭੰਨੀ ਕਾਰ
ਇਸ ਸਬੰਧੀ ਟੈਗੋਰ ਨਗਰ ਵਾਸੀ ਰਾਜੂ ਸ਼ਰਮਾ, ਜੋ ਆਰਤੀ ਚੌਂਕ ਸਥਿਤ ਕੁਬੇਰ ਪੈਟਰੋਲ ਪੰਪ ਦੇ ਮਾਲਕ ਹਨ, ਵੱਲੋਂ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਜੂ ਸ਼ਰਮਾ ਨੇ ਦੱਸਿਆ ਕਿ ਆਰਤੀ ਚੌਂਕ ਸਥਿਤ ਉਨ੍ਹਾਂ ਦਾ ਪੈਟਰੋਲ ਪੰਪ ਦਿਨ ਰਾਤ ਖੁੱਲਾ ਰਹਿੰਦਾ ਹੈ। ਦੇਰ ਰਾਤ ਪੰਪ ’ਤੇ ਇੱਕ ਪੰਜਾਬ ਨੰਬਰ ਦੀ ਵਾਕਸਵੈਗਨ ਵੈਂਟੋ ਗੱਡੀ ਡੀਜ਼ਲ ਪਵਾਉਣ ਲਈ ਆਈ ਸੀ।
Publish Date: Tue, 01 Sep 2026 10:58 AM (IST)
Updated Date: Tue, 01 Sep 2026 11:03 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਆਰਤੀ ਚੌਂਕ ਸਥਿਤ ਕੁਬੇਰ ਪੈਟਰੋਲ ਪੰਪ ’ਤੇ ਮਾਮੂਲੀ ਤਕਰਾਰ ਨੇ ਉਸ ਵੇਲੇ ਗੰਭੀਰ ਰੂਪ ਧਾਰ ਲਿਆ ਜਦੋਂ ਦੋ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਨੇ ਪਿਸਤੌਲ ਕੱਢ ਕੇ ਹਵਾ ’ਚ ਗੋਲੀ ਚਲਾ ਦਿੱਤੀ। ਫਾਇਰਿੰਗ ਤੋਂ ਬਾਅਦ ਮੁਲਜ਼ਮ ਆਪਣੇ ਸਾਥੀਆਂ ਸਮੇਤ ਫਰਾਰ ਹੋ ਗਿਆ ਪਰ ਕੁਝ ਸਮੇਂ ਬਾਅਦ ਉਹ ਚਾਰ ਹੋਰ ਹਥਿਆਰਬੰਦ ਵਿਅਕਤੀਆਂ ਨਾਲ ਮੁੜ ਪੈਟਰੋਲ ਪੰਪ ’ਤੇ ਪਹੁੰਚ ਗਿਆ ਅਤੇ ਉਥੇ ਖੜ੍ਹੀ ਕਾਰ ਦੀ ਭੰਨਤੋੜ ਕਰ ਦਿੱਤੀ। ਪੈਟਰੋਲ ਪੰਪ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਘਟਨਾ ਕੈਦ ਹੋਣ ਦੀ ਗੱਲ ਸਾਹਮਣੇ ਆਈ ਹੈ।
ਇਸ ਸਬੰਧੀ ਟੈਗੋਰ ਨਗਰ ਵਾਸੀ ਰਾਜੂ ਸ਼ਰਮਾ, ਜੋ ਆਰਤੀ ਚੌਂਕ ਸਥਿਤ ਕੁਬੇਰ ਪੈਟਰੋਲ ਪੰਪ ਦੇ ਮਾਲਕ ਹਨ, ਵੱਲੋਂ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਜੂ ਸ਼ਰਮਾ ਨੇ ਦੱਸਿਆ ਕਿ ਆਰਤੀ ਚੌਂਕ ਸਥਿਤ ਉਨ੍ਹਾਂ ਦਾ ਪੈਟਰੋਲ ਪੰਪ ਦਿਨ ਰਾਤ ਖੁੱਲਾ ਰਹਿੰਦਾ ਹੈ। ਦੇਰ ਰਾਤ ਪੰਪ ’ਤੇ ਇੱਕ ਪੰਜਾਬ ਨੰਬਰ ਦੀ ਵਾਕਸਵੈਗਨ ਵੈਂਟੋ ਗੱਡੀ ਡੀਜ਼ਲ ਪਵਾਉਣ ਲਈ ਆਈ ਸੀ।
ਇਸ ਦੌਰਾਨ ਪੰਪ ਦੇ ਮੁਲਾਜ਼ਮ ਤੋਂ ਗਲਤੀ ਨਾਲ ਗੱਡੀ ’ਚ ਡੀਜ਼ਲ ਦੀ ਥਾਂ ਪੈਟਰੋਲ ਪੈ ਗਿਆ। ਇਸ ਗੱਲ ਤੋਂ ਬਾਅਦ ਗੱਡੀ ਦੇ ਚਾਲਕ ਅਤੇ ਪੰਪ ਦੇ ਮੁਲਾਜ਼ਮ ਵਿਚਕਾਰ ਬਹਿਸ ਹੋਣ ਲੱਗੀ। ਇਸੇ ਦੌਰਾਨ ਇੱਕ ਦਿੱਲੀ ਨੰਬਰ ਦੀ ਗੱਡੀ ਵੀ ਪੰਪ ’ਤੇ ਪੈਟਰੋਲ ਪਵਾਉਣ ਲਈ ਆ ਗਈ।
ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਨੰਬਰ ਦੀ ਵੈਂਟੋ ਗੱਡੀ ਦੇ ਚਾਲਕ ਨੇ ਦਿੱਲੀ ਨੰਬਰ ਦੀ ਗੱਡੀ ਨੂੰ ਪੰਪ ਤੋਂ ਪੈਟਰੋਲ ਪਵਾਉਣ ਤੋਂ ਰੋਕ ਦਿੱਤਾ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਵਧ ਗਈ ਅਤੇ ਦੋਵਾਂ ਪਾਸਿਆਂ ਦੇ ਵਿਅਕਤੀਆਂ ਵਿੱਚ ਝਗੜਾ ਹੋ ਗਿਆ। ਇਸੇ ਦੌਰਾਨ ਦਿੱਲੀ ਨੰਬਰ ਦੀ ਗੱਡੀ ਵਿੱਚ ਸਵਾਰ ਇੱਕ ਵਿਅਕਤੀ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਲਈ। ਉਸ ਨੇ ਪਿਸਤੌਲ ਲਹਿਰਾਉਂਦਿਆਂ ਹਵਾ ’ਚ ਫਾਇਰ ਕਰ ਦਿੱਤਾ।
ਗੋਲੀ ਚੱਲਣ ਦੀ ਘਟਨਾ ਨਾਲ ਪੈਟਰੋਲ ਪੰਪ ’ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਫਾਇਰਿੰਗ ਤੋਂ ਬਾਅਦ ਦਿੱਲੀ ਨੰਬਰ ਦੀ ਗੱਡੀ ’ਚ ਸਵਾਰ ਵਿਅਕਤੀ ਆਪਣੇ ਸਾਥੀਆਂ ਸਮੇਤ ਉਥੋਂ ਫਰਾਰ ਹੋ ਗਿਆ। ਦੂਜੀ ਧਿਰ ਦਾ ਵਿਅਕਤੀ ਵੀ ਆਪਣੀ ਗੱਡੀ ਪੰਪ ’ਤੇ ਹੀ ਖੜ੍ਹੀ ਕਰਕੇ ਉਥੋਂ ਚਲਾ ਗਿਆ।
ਕੁਝ ਸਮੇਂ ਬਾਅਦ ਦਿੱਲੀ ਨੰਬਰ ਵਾਲਾ ਫਿਰ ਮੁੜਿਆ ਵਾਪਸ ਕਾਰ ਦੀ ਕੀਤੀ ਭੰਨ ਤੋੜ
ਸ਼ਿਕਾਇਤ ਮੁਤਾਬਕ ਮਾਮਲਾ ਇੱਥੇ ਖ਼ਤਮ ਨਹੀਂ ਹੋਇਆ। ਰਾਤ ਕਰੀਬ 3.30 ਵਜੇ ਦਿੱਲੀ ਨੰਬਰ ਦੀ ਗੱਡੀ ਵਾਲਾ ਵਿਅਕਤੀ ਮੁੜ ਪੈਟਰੋਲ ਪੰਪ ’ਤੇ ਪਹੁੰਚਿਆ। ਇਸ ਵਾਰ ਉਸ ਦੇ ਨਾਲ ਚਾਰ ਹੋਰ ਵਿਅਕਤੀ ਵੀ ਸਨ ਅਤੇ ਉਨ੍ਹਾਂ ਕੋਲ ਹਥਿਆਰ ਹੋਣ ਦੀ ਗੱਲ ਕਹੀ ਗਈ ਹੈ। ਪੰਪ ’ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਉਥੇ ਖੜ੍ਹੀ ਪੰਜਾਬ ਨੰਬਰ ਦੀ ਵਾਕਸਵੈਗਨ ਵੈਂਟੋ ਗੱਡੀ ਦੀ ਭੰਨਤੋੜ ਕਰ ਦਿੱਤੀ। ਇਸ ਤੋਂ ਬਾਅਦ ਸਾਰੇ ਵਿਅਕਤੀ ਮੌਕੇ ਤੋਂ ਚਲੇ ਗਏ।
ਪੰਪ ਮਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ, ਸੀ.ਸੀ.ਟੀ.ਵੀ. ਫੁਟੇਜ ਵੀ ਮੌਜੂਦ
ਰਾਜੂ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਘਟਨਾ ਦੀ ਫੁਟੇਜ ਮੌਜੂਦ ਹੈ। ਪੁਲਿਸ ਵੱਲੋਂ ਹੁਣ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਫਾਇਰਿੰਗ ਕਰਨ ਵਾਲੇ ਵਿਅਕਤੀ ਅਤੇ ਉਸ ਦੇ ਨਾਲ ਆਏ ਹੋਰ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ। ਚੌਕੀ ਘੁਮਾਰ ਮੰਡੀ ਦੇ ਇੰਚਾਰਜ ਏਐਸਆਈ ਦਵਿੰਦਰ ਪਾਲ ਵੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ।
ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ, ਦਿੱਲੀ ਨੰਬਰ ਦੀ ਗੱਡੀ ਅਤੇ ਹੋਰ ਉਪਲਬਧ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਫਾਇਰਿੰਗ ਵਿੱਚ ਵਰਤੇ ਗਏ ਹਥਿਆਰ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
ਛੋਟੀ ਤਕਰਾਰ ਤੋਂ ਫਾਇਰਿੰਗ ਤੱਕ ਪਹੁੰਚ ਰਹੇ ਮਾਮਲੇ ਚਿੰਤਾ ਦਾ ਵਿਸ਼ਾ
ਲੁਧਿਆਣਾ ਵਿੱਚ ਮਾਮੂਲੀ ਗੱਲਾਂ ਨੂੰ ਲੈ ਕੇ ਸ਼ੁਰੂ ਹੋਣ ਵਾਲੇ ਝਗੜਿਆਂ ਦਾ ਫਾਇਰਿੰਗ ਤੱਕ ਪਹੁੰਚਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਗੱਡੀ, ਰਸਤਾ, ਪਾਰਕਿੰਗ ਜਾਂ ਹੋਰ ਛੋਟੇ ਵਿਵਾਦਾਂ ਦੌਰਾਨ ਬਹਿਸ ਤੋਂ ਬਾਅਦ ਹਥਿਆਰ ਕੱਢਣ ਅਤੇ ਗੋਲੀ ਚਲਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਆਰਤੀ ਚੌਂਕ ਦੇ ਪੈਟਰੋਲ ਪੰਪ ’ਤੇ ਵਾਪਰੀ ਘਟਨਾ ਵਿੱਚ ਵੀ ਇੱਕ ਛੋਟੀ ਜਿਹੀ ਗੱਲ ਤੋਂ ਸ਼ੁਰੂ ਹੋਇਆ ਵਿਵਾਦ ਪਹਿਲਾਂ ਝਗੜੇ ਅਤੇ ਫਿਰ ਕਥਿਤ ਹਵਾਈ ਫਾਇਰਿੰਗ ਤੱਕ ਪਹੁੰਚ ਗਿਆ।
ਇਸ ਤੋਂ ਬਾਅਦ ਮੁੜ ਹਥਿਆਰਬੰਦ ਵਿਅਕਤੀਆਂ ਦੇ ਪਹੁੰਚਣ ਅਤੇ ਕਾਰ ਦੀ ਭੰਨਤੋੜ ਕਰਨ ਨਾਲ ਮਾਮਲੇ ਦੀ ਗੰਭੀਰਤਾ ਹੋਰ ਵਧ ਗਈ। ਪੁਲਿਸ ਹੁਣ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਉਧਰੋਂ ਇਸ ਮਾਮਲੇ ਵਿੱਚ ਚੌਂਕੀ ਘੁਮਾਰ ਮੰਡੀ ਦੇ ਇੰਚਾਰਜ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।