- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਨਾਲ ਸਬੰਧਤ ਸੋਸ਼ਲ ਮੀਡੀਆ ਕੁਮੈਂਟ ਮਾਮਲੇ ’ਚ ਮੁਅੱਤਲ ਜੇਈ ਦੇ ਹੱਕ ’ਚ ਉਤਰੀਆਂ ਮੁਲਾਜ਼ਮ ਜਥੇਬੰਦੀਆਂ

-ਕਿਹਾ, ਹਫ਼ਤੇ ’ਚ ਨਿਆਂ ਨਾ ਮਿਲਿਆ ਤਾਂ ਸੰਘਰਸ਼ ਕਰਾਂਗੇ ਤੇਜ਼
-ਜੁਆਇੰਟ ਫੋਰਮ ਤੇ ਬਿਜਲੀ ਏਕਤਾ ਮੰਚ ਵੱਲੋਂ ਚੀਫ਼ ਇੰਜੀਨੀਅਰ ਨੂੰ ਮੰਗ ਪੱਤਰ,
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਬੰਧਤ ਸੋਸ਼ਲ ਮੀਡੀਆ ਪੋਸਟ ’ਤੇ ਹੋਏ ਕਥਿਤ ਕੁਮੈਂਟ ਦੇ ਮਾਮਲੇ ’ਚ ਮੁਅੱਤਲ ਕੀਤੇ ਜੇਈ ਦਵਿੰਦਰ ਸਿੰਘ ਦੀ ਬਹਾਲੀ ਨੂੰ ਲੈ ਕੇ ਬਿਜਲੀ ਮੁਲਾਜ਼ਮ ਜਥੇਬੰਦੀਆਂ ਨੇ ਰੋਸ ਪ੍ਰਗਟਾਇਆ। ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਦੇ ਆਗੂਆਂ ਦੇ ਵਫ਼ਦ ਨੇ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਜੇਈ ਨੂੰ ਮੁੜ ਉਸੇ ਸਟੇਸ਼ਨ ’ਤੇ ਤਾਇਨਾਤ ਕਰਨ ਦੀ ਮੰਗ ਕੀਤੀ। ਵਫ਼ਦ ਵਿੱਚ ਆਈਟੀਆਈ ਇੰਪਲਾਈਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪਿਸ਼ੋਰ, ਰਛਪਾਲ ਸਿੰਘ ਪਾਲੀ, ਟੀਐੱਸਯੂ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ, ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਸੂਬਾ ਜਥੇਬੰਦਕ ਸਕੱਤਰ ਗੁਰਜੰਟ ਸਿੰਘ ਰਾਜਗੜ੍ਹ, ਸਰਕਲ ਖੰਨਾ ਦੇ ਆਗੂ ਬਲਵਿੰਦਰ ਸਿੰਘ ਰਾਮਗੜ੍ਹ ਤੇ ਰਾਜਿੰਦਰ ਸਿੰਘ ਘਣੀਵਾਲ ਤੇ ਐੱਮਐੱਸਯੂ ਵੱਲੋਂ ਪਾਰਸ ਸ਼ਾਮਲ ਸਨ।
ਜਥੇਬੰਦੀਆਂ ਦੇ ਆਗੂਆਂ ਅਨੁਸਾਰ ਅਮਲੋਹ ਡਵੀਜ਼ਨ ਅਧੀਨ ਟੋਹੜਾ ਸਬ-ਡਵੀਜ਼ਨ ’ਚ ਤਾਇਨਾਤ ਜੇਈ ਦਵਿੰਦਰ ਸਿੰਘ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਲੈ ਕੇ ਮੁਲਾਜ਼ਮਾਂ ’ਚ ਰੋਸ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਸੀ ਅਤੇ ਉਸ ਨੂੰ ਅਚਾਨਕ ਮੁਅੱਤਲ ਕਰਕੇ ਬਠਿੰਡਾ ਤਬਦੀਲ ਕਰਨਾ ਉੱਚਿਤ ਨਹੀਂ ਹੈ।
ਵਫ਼ਦ ਨੇ ਚੀਫ਼ ਇੰਜੀਨੀਅਰ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਮੁਅੱਤਲੀ ਦੇ ਹੁਕਮਾਂ ਦੀ ਮੁੜ ਸਮੀਖਿਆ ਕੀਤੀ ਜਾਵੇ ਅਤੇ ਜੇਈ ਦਵਿੰਦਰ ਸਿੰਘ ਨੂੰ ਉਸੇ ਸਟੇਸ਼ਨ ’ਤੇ ਬਹਾਲ ਕੀਤਾ ਜਾਵੇ। ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਆਗੂਆਂ ਨੂੰ ਮਾਮਲੇ ਦੀ ਜਾਂਚ ਕਰਵਾ ਕੇ ਜਲਦ ਬਣਦੀ ਕਾਰਵਾਈ ਅਤੇ ਇਨਸਾਫ਼ ਦਾ ਭਰੋਸਾ ਦਿੱਤਾ।
ਜਥੇਬੰਦੀਆਂ ਦੇ ਆਗੂਆਂ ਮੁਤਾਬਕ 11 ਸਤੰਬਰ ਨੂੰ ਸ਼ਾਮ ਕਰੀਬ 5 ਵਜੇ ਜੇਈ ਦਵਿੰਦਰ ਸਿੰਘ ਨੂੰ ਟੋਹੜਾ ਸਬ-ਡਵੀਜ਼ਨ ਬੁਲਾਇਆ ਗਿਆ। ਉੱਥੇ ਉਸ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਬੰਧਤ ਇੱਕ ਸੋਸ਼ਲ ਮੀਡੀਆ ਪੋਸਟ ’ਤੇ ਇਤਰਾਜ਼ਯੋਗ ਕੁਮੈਂਟ ਕਰਨ ਦਾ ਦੋਸ਼ ਲਾਇਆ ਤੇ ਇਸ ਤੋਂ ਬਾਅਦ ਉਸ ਨੂੰ ਮੁਅੱਤਲ ਕਰਦਿਆਂ ਟੋਹੜਾ ਸਬ-ਡਵੀਜ਼ਨ ਤੋਂ ਰਿਲੀਵ ਕਰਕੇ ਬਠਿੰਡਾ ਤਬਦੀਲ ਕਰ ਦਿੱਤਾ ਗਿਆ।
ਆਗੂਆਂ ਨੇ ਦਾਅਵਾ ਕੀਤਾ ਕਿ ਜਿਸ ਸੋਸ਼ਲ ਮੀਡੀਆ ਖਾਤੇ ਤੋਂ ਕੁਮੈਂਟ ਕੀਤਾ ਗਿਆ ਦੱਸਿਆ ਜਾ ਰਿਹਾ ਹੈ, ਉਹ ਜੇਈ ਦਵਿੰਦਰ ਸਿੰਘ ਦਾ ਖਾਤਾ ਨਹੀਂ ਹੈ। ‘ਦਵਿੰਦਰ ਮੇਹਰਾ’ ਨਾਮ ਵਾਲੇ ਖਾਤੇ ਤੋਂ ਕੁਮੈਂਟ ਹੋਇਆ ਦੱਸਿਆ ਜਾ ਰਿਹਾ ਹੈ, ਜਦਕਿ ਜੇਈ ਵੱਲੋਂ ਖੁਦ ਇਸ ਕੁਮੈਂਟ ਤੋਂ ਇਨਕਾਰ ਕੀਤਾ ਗਿਆ ਹੈ। ਜਥੇਬੰਦੀਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਤਕਨੀਕੀ ਤਰੀਕੇ ਨਾਲ ਉਸ ਦੀ ਸ਼ਖ਼ਸੀਅਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ, ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਜੇਈ ਵੱਲੋਂ ਕੁਝ ਗਲਤ ਕੰਮਾਂ ਨੂੰ ਮੰਨਣ ਤੋਂ ਇਨਕਾਰ ਕਰਨ ਕਾਰਨ ਕੁਝ ਵਿਅਕਤੀ ਉਸ ਨਾਲ ਨਿੱਜੀ ਰੰਜਿਸ਼ ਰੱਖਦੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਜਾਂ ਸੁਤੰਤਰ ਤੌਰ ’ਤੇ ਤਸਦੀਕ ਨਹੀਂ ਹੋ ਸਕੀ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਹਫ਼ਤੇ ਤਕ ਜੇਈ ਦਵਿੰਦਰ ਸਿੰਘ ਨੂੰ ਉਸੇ ਸਟੇਸ਼ਨ ’ਤੇ ਬਹਾਲ ਕਰਕੇ ਮਾਮਲੇ ਦਾ ਨਿਤਾਰਾ ਨਾ ਕੀਤਾ, ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਆਗੂਆਂ ਅਨੁਸਾਰ ਬਿਜਲੀ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਵੀ 16 ਸਤੰਬਰ ਨੂੰ ਪਟਿਆਲਾ ਸਥਿਤ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਦੇ ਤਿੰਨਾਂ ਗੇਟਾਂ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਹੈ। ਅਗਲੇ ਸੰਘਰਸ਼ ਦੀ ਰੂਪ-ਰੇਖਾ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਤੈਅ ਕੀਤੀ ਜਾਵੇਗੀ। ਆਗੂਆਂ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਨਾਲ ਕਿਸੇ ਵੀ ਤਰ੍ਹਾਂ ਦੀ ਕਥਿਤ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਦਵਿੰਦਰ ਸਿੰਘ ਦੇ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ’ਤੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਅਗਲਾ ਸੰਘਰਸ਼ ਉਲੀਕਿਆ ਜਾਵੇਗਾ।