ਪ੍ਰਦਰਸ਼ਨ ਦੀ ਭੇਂਟ ਚੜ੍ਹੀ ਐਮਰਜੈਂਸੀ : ਲੁਧਿਆਣਾ ਜਾਮ 'ਚ ਫਸੀ ਆਕਸੀਜਨ ਵਾਲੀ ਐਂਬੂਲੈਂਸ, ਲੋਕ ਪਰੇਸ਼ਾਨ
ਬਸਤੀ ਜੋਧੇਵਾਲ ਚੌਂਕ ਨੇੜੇ ਲੁਧਿਆਣਾ-ਦਿੱਲੀ ਮੁੱਖ ਹਾਈਵੇਅ’ਤੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਵੱਲੋਂ ਲਗਾਏ ਧਰਨੇ ਕਾਰਨ ਲੱਗੇ ਭਾਰੀ ਜਾਮ ਨੇ ਐਮਰਜੈਂਸੀ ਸੇਵਾਵਾਂ ਨੂੰ ਵੀ ਪ੍ਰਭਾਵਿਤ ਕਰ ਦਿੱਤਾ
Publish Date: Sun, 09 Aug 2026 02:13 PM (IST)
Updated Date: Sun, 09 Aug 2026 02:24 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਬਸਤੀ ਜੋਧੇਵਾਲ ਚੌਂਕ ਨੇੜੇ ਲੁਧਿਆਣਾ-ਦਿੱਲੀ ਮੁੱਖ ਹਾਈਵੇਅ’ਤੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਵੱਲੋਂ ਲਗਾਏ ਧਰਨੇ ਕਾਰਨ ਲੱਗੇ ਭਾਰੀ ਜਾਮ ਨੇ ਐਮਰਜੈਂਸੀ ਸੇਵਾਵਾਂ ਨੂੰ ਵੀ ਪ੍ਰਭਾਵਿਤ ਕਰ ਦਿੱਤਾ। ਹਾਈਵੇ ਦੇ ਦੋਵੇਂ ਪਾਸਿਆਂ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਦੌਰਾਨ ਆਕਸੀਜਨ ਲੱਗੇ ਇੱਕ ਮਰੀਜ਼ ਨੂੰ ਹਸਪਤਾਲ ਲੈ ਕੇ ਜਾ ਰਹੀ ਐਂਬੂਲੈਂਸ ਵੀ ਜਾਮ ਵਿੱਚ ਫਸ ਗਈ।
ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਡਰਾਈਵਰ ਨੇ ਕੁਝ ਸਮੇਂ ਤੱਕ ਰਾਹ ਖੁੱਲ੍ਹਣ ਦੀ ਉਡੀਕ ਕੀਤੀ ਪਰ ਜਦੋਂ ਅੱਗੇ ਜਾਣ ਲਈ ਰਸਤਾ ਨਹੀਂ ਮਿਲਿਆ ਤਾਂ ਉਸ ਨੂੰ ਐਂਬੂਲੈਂਸ ਵਾਪਸ ਮੋੜਨੀ ਪਈ। ਇਸ ਤੋਂ ਬਾਅਦ ਮਰੀਜ਼ ਨੂੰ ਕਿਸੇ ਹੋਰ ਰਸਤੇ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ। ਆਕਸੀਜਨ ’ਤੇ ਮਰੀਜ਼ ਹੋਣ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਵੀ ਚਿੰਤਾ ਦਾ ਮਾਹੌਲ ਬਣਿਆ ਰਿਹਾ।
ਧਰਨੇ ਕਾਰਨ ਲੁਧਿਆਣਾ-ਦਿੱਲੀ ਹਾਈਵੇਅ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਦਾ ਅਸਰ ਆਲੇ ਦੁਆਲੇ ਦੀਆਂ ਸੜਕਾਂ ਅਤੇ ਗਲੀਆਂ ’ਤੇ ਵੀ ਪਿਆ ਅਤੇ ਉੱਥੇ ਵੀ ਭਾਰੀ ਜਾਮ ਲੱਗ ਗਏ। ਆਮ ਲੋਕਾਂ ਦੇ ਨਾਲ-ਨਾਲ ਐਮਰਜੈਂਸੀ ਕੰਮ ਲਈ ਜਾਣ ਵਾਲੇ ਲੋਕਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਸੁਤੰਤਰ ਨਗਰ ਇਲਾਕੇ ਵਿੱਚ 25 ਸਾਲਾ ਹਰਜਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕਰੀਬ 200 ਲੋਕਾਂ ਵੱਲੋਂ ਬਸਤੀ ਜੋਧੇਵਾਲ ਚੌਂਕ ਨੇੜੇ ਧਰਨਾ ਦਿੱਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਪੁਲਿਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।