ਵਿੱਤ ਤੇ ਠੇਕਾ ਕਮੇਟੀ ਦੀ ਚੋਣ ਨੇ ਰਚਿਆ ਨਵਾਂ ਸਿਆਸੀ ਇਤਿਹਾਸ -ਵਿੱਤ ਤੇ ਠੇਕਾ ਕਮੇਟੀ ਦੀ ਚੋਣ ਨੇ ਰਚਿਆ ਨਵਾਂ ਸਿਆਸੀ ਇਤਿਹਾਸ-
Publish Date: Sat, 29 Aug 2026 08:23 PM (IST)
Updated Date: Sat, 29 Aug 2026 08:25 PM (IST)
ਆਪ ਦੇ ਯੁਵਰਾਜ ਸਿੰਘ ਸਿੱਧੂ ਤੇ ਕਾਂਗਰਸ ਦੇ ਗੌਰਵ ਭੱਟੀ ਦੀ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰ ਵਜੋਂ ਚੋਣ ਵੋਟਿੰਗ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਅੰਦਰੂਨੀ ਕਲੇਸ਼ ਤੇ ਕਰਾਸ ਵੋਟਿੰਗ ਕਰਕੇ ਲੱਗਾ ਝਟਕਾ ਫ਼ੋਟੋ ਨੰਬਰ-26,27,28,29,30,31 ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ : ਨਗਰ ਨਿਗਮ ਲੁਧਿਆਣਾ ਦੀ ਵਿੱਤ ਤੇ ਠੇਕਾ ਕਮੇਟੀ (ਐੱਫ ਐਂਡ ਸੀਸੀ) ਦੇ ਦੋ ਮੈਂਬਰਾਂ ਦੀ ਚੋਣ ਨੇ ਸ਼ਨਿਚਰਵਾਰ ਨੂੰ ਨਵਾਂ ਸਿਆਸੀ ਇਤਿਹਾਸ ਰਚ ਦਿੱਤਾ। ਗੁਰੂ ਨਾਨਕ ਦੇਵ ਭਵਨ ਵਿਖੇ ਹੋਈ ਹਾਈ-ਵੋਲਟੇਜ ਵੋਟਿੰਗ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਅੰਦਰੂਨੀ ਕਲੇਸ਼ ਤੇ ਕਰਾਸ ਵੋਟਿੰਗ ਦਾ ਝਟਕਾ ਲੱਗਾ। ਇੱਕ ਸੀਟ ’ਤੇ ‘ਆਪ’ ਦੇ ਯੁਵਰਾਜ ਸਿੰਘ ਸਿੱਧੂ ਜੇਤੂ ਰਹੇ, ਜਦਕਿ ਦੂਜੀ ਸੀਟ ਕਾਂਗਰਸ ਦੇ ਗੌਰਵ ਭੱਟੀ ਨੇ ਜਿੱਤ ਕੇ ਸੱਤਾਧਾਰੀ ਧਿਰ ਦੇ ਸਿਆਸੀ ਸਮੀਕਰਨ ਵਿਗਾੜ ਦਿੱਤੇ। ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੁੱਤਰ ਤੇ ਵਾਰਡ ਨੰਬਰ 50 ਤੋਂ ਕੌਂਸਲਰ ਯੁਵਰਾਜ ਸਿੰਘ ਸਿੱਧੂ ਨੇ ਸਭ ਤੋਂ ਵੱਧ 37 ਵੋਟਾਂ ਹਾਸਲ ਕਰ ਕੇ ਪਹਿਲੀ ਸੀਟ ਆਪਣੇ ਨਾਮ ਕੀਤੀ। ਦੂਜੇ ਪਾਸੇ ਕਾਂਗਰਸ ਦੇ ਕੌਂਸਲਰ ਗੌਰਵ ਭੱਟੀ ਨੇ 29.22 ਅੰਕ ਹਾਸਲ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਜੇਤੂ ਐਲਾਨੇ ਗਏ। ‘ਆਪ’ ਦੇ ਦੂਜੇ ਉਮੀਦਵਾਰ ਤੇ ਵਿਧਾਇਕ ਮਦਨ ਲਾਲ ਬੱਗਾ ਦੇ ਪੁੱਤਰ ਅਮਨ ਬੱਗਾ ਨੂੰ ਕਰੀਬ 27.40 ਅੰਕ ਮਿਲੇ, ਉਹ ਜਿੱਤ ਤੋਂ ਪਿੱਛੇ ਰਹਿ ਗਏ। ਭਾਜਪਾ ਦੀ ਉਮੀਦਵਾਰ ਰੁਚੀ ਗੁਲਾਟੀ 15 ਵੋਟਾਂ ਨਾਲ ਚੌਥੇ ਸਥਾਨ ’ਤੇ ਰਹੀ। ਇਹ ਚੋਣ ਸਿਰਫ਼ ਨਗਰ ਨਿਗਮ ਦੀਆਂ ਦੋ ਅਹਿਮ ਸੀਟਾਂ ਦਾ ਮੁਕਾਬਲਾ ਨਹੀਂ ਸੀ, ਸਗੋਂ ‘ਆਪ’ ਅੰਦਰ ਚੱਲ ਰਹੀ ਧੜੇਬੰਦੀ ਅਤੇ ਕੌਂਸਲਰਾਂ ਦੀ ਨਾਰਾਜ਼ਗੀ ਦੀ ਵੀ ਵੱਡੀ ਪ੍ਰੀਖਿਆ ਸੀ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿੱਚ ਚੱਲ ਰਹੀ ਸਿਆਸੀ ਸਰਗਰਮੀ ਅਤੇ ਨਾਰਾਜ਼ ਕੌਂਸਲਰਾਂ ਨੂੰ ਮਨਾਉਣ ਲਈ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਰਟੀ ਆਪਣੇ ਦੋਵੇਂ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ। ਗੌਰਵ ਭੱਟੀ ਦੀ ਜਿੱਤ ਨੂੰ ਸਿਆਸੀ ਤੌਰ ’ਤੇ ਹੋਰ ਵੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਐੱਫ ਐਂਡ ਸੀਸੀ ਮੈਂਬਰਾਂ ਦੀ ਚੋਣ ਕਰਵਾਉਣ ਲਈ ਉਨ੍ਹਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਸ਼ੁਰੂ ਹੋਈ ਇਹ ਲੜਾਈ ਆਖ਼ਰਕਾਰ ਭੱਟੀ ਦੀ ਜਿੱਤ ਨਾਲ ਮੁਕੰਮਲ ਹੋਈ। ਚੋਣ ਪ੍ਰਕਿਰਿਆ ਦੌਰਾਨ ਮੇਅਰ ਇੰਦਰਜੀਤ ਕੌਰ ਨੇ ਚੋਣ ਅਧਿਕਾਰੀ ਵਜੋਂ ਪਹਿਲੀ ਵੋਟ ਪਾ ਕੇ ਵੋਟਿੰਗ ਦੀ ਸ਼ੁਰੂਆਤ ਕੀਤੀ। ਨਗਰ ਨਿਗਮ ਦੇ 94 ਕੌਂਸਲਰਾਂ ਅਤੇ 6 ਵਿਧਾਇਕਾਂ ਸਮੇਤ ਕੁੱਲ 100 ਵੋਟਰਾਂ ਨੇ ਬੈਲਟ ਪੇਪਰ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਚੋਣ ਦੌਰਾਨ ਸੱਤ ਵੋਟਾਂ ਰੱਦ ਹੋਣਾ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਬੈਲਟ ਪੇਪਰਾਂ ’ਤੇ ਗਲਤ ਜਾਂ ਦੋਹਰੀ ਨਿਸ਼ਾਨੀ ਲੱਗਣ ਕਾਰਨ ਇਹ ਵੋਟਾਂ ਨਾਜਾਇਜ਼ ਕਰਾਰ ਦਿੱਤੀਆਂ ਗਈਆਂ, ਜਿਸ ਨਾਲ ਉਮੀਦਵਾਰਾਂ ਦੇ ਸਿਆਸੀ ਗਣਿਤ ’ਤੇ ਵੀ ਅਸਰ ਪਿਆ। ਕੁੱਲ ਮਿਲਾ ਕੇ ਐੱਫ ਐਂਡ ਸੀਸੀ ਦੀ ਇਹ ਚੋਣ ਨਗਰ ਨਿਗਮ ਦੀ ਆਮ ਚੋਣ ਨਹੀਂ, ਸਗੋਂ ਲੁਧਿਆਣਾ ਦੀ ਸਿਆਸਤ ਵਿੱਚ ਤਾਕਤ ਦੇ ਬਦਲਦੇ ਸੰਤੁਲਨ ਦਾ ਵੱਡਾ ਸੰਕੇਤ ਬਣ ਕੇ ਸਾਹਮਣੇ ਆਈ ਹੈ। ਇੱਕ ਪਾਸੇ ਯੁਵਰਾਜ ਸਿੱਧੂ ਦੀ ਜਿੱਤ ਨਾਲ ‘ਆਪ’ ਇੱਕ ਸੀਟ ਬਚਾਉਣ ਵਿੱਚ ਕਾਮਯਾਬ ਰਹੀ, ਜਦਕਿ ਗੌਰਵ ਭੱਟੀ ਦੀ ਜਿੱਤ ਨੇ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੀ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਸੱਤਾਧਾਰੀ ਧਿਰ ਦੀ ਅੰਦਰੂਨੀ ਇਕਜੁੱਟਤਾ ’ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲੀ ਤੇ ਦੂਸਰੀ ਪਸੰਦ ਨੇ ਨਤੀਜਿਆਂ ’ਚ ਕੀਤਾ ਉਲਟਫੇਰ ਸੱਤਾਧਾਰੀ ਧਿਰ ਕੋਲ 48 ਕੌਂਸਲਰ ਸਨ। ਪੰਜ ਵਿਧਾਇਕਾਂ ਤੇ ਇਕ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੋਟ ਮਿਲਾ ਕੇ ਇਹ ਗਿਣਤੀ 54 ਬਣਦੀ ਸੀ। ਦੋ ਉਮੀਦਵਾਰ ਮੈਦਾਨ ਵਿੱਚ ਹੋਣ ਕਾਰਨ ਯੋਜਨਾ ਮੁਤਾਬਕ 27-27 ਵੋਟ ਦੋਵਾਂ ਉਮੀਦਵਾਰਾਂ ਨੂੰ ਦਿਵਾਉਣ ਦੀ ਕੋਸ਼ਿਸ਼ ਸੀ। ਇਸ ਤੋਂ ਬਾਅਦ ਜੋੜ-ਤੋੜ ਰਾਹੀਂ ਹਰੇਕ ਉਮੀਦਵਾਰ ਦੀ ਗਿਣਤੀ 32 ਤੱਕ ਪਹੁੰਚਾਉਣ ਦੀ ਰਣਨੀਤੀ ਬਣਾਈ ਗਈ ਸੀ। ਕੌਂਸਲਰ ਯੁਵਰਾਜ ਸਿੱਧੂ ਨੂੰ ਪਹਿਲੀ ਪਸੰਦ ਦੇ ਸਭ ਤੋਂ ਵੱਧ 37 ਵੋਟ ਮਿਲੇ। ਅਮਨ ਬੱਗਾ ਨੂੰ 22, ਗੌਰਵ ਭੱਟੀ ਨੂੰ 19 ਅਤੇ ਭਾਜਪਾ ਦੀ ਰੁਚੀ ਗੁਲਾਟੀ ਨੂੰ 15 ਵੋਟ ਮਿਲੇ। ਇਸ ਦੌਰਾਨ ਛੇ ਵੋਟ ਰੱਦ ਹੋ ਗਏ। ਪਹਿਲੇ ਪੜਾਅ ਵਿੱਚ ਅਮਨ ਬੱਗਾ ਨੂੰ ਸੱਤਾਧਾਰੀ ਧਿਰ ਦੀ ਪਲਾਨਿੰਗ ਦੇ ਬਾਵਜੂਦ ਪੰਜ ਵੋਟ ਘੱਟ ਮਿਲੇ। ਇਸ ਤੋਂ ਸਪੱਸ਼ਟ ਹੋਇਆ ਕਿ ਸੱਤਾਧਾਰੀ ਧਿਰ ਦੇ ਕੁਝ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ। ਇਸੇ ਤਰ੍ਹਾਂ ਭਾਜਪਾ ਦੇ 19 ਕੌਂਸਲਰਾਂ ਵਿੱਚੋਂ ਉਸ ਦੀ ਉਮੀਦਵਾਰ ਰੁਚੀ ਗੁਲਾਟੀ ਨੂੰ ਸਿਰਫ਼ 15 ਵੋਟ ਮਿਲੇ, ਭਾਵ ਚਾਰ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ। ਕਾਂਗਰਸ ਕੋਲ 24 ਕੌਂਸਲਰ ਹੋਣ ਦੇ ਬਾਵਜੂਦ ਗੌਰਵ ਭੱਟੀ ਨੂੰ 19 ਵੋਟ ਮਿਲੇ, ਜਿਸ ਤੋਂ ਪੰਜ ਕਾਂਗਰਸੀ ਕੌਂਸਲਰਾਂ ਵੱਲੋਂ ਵੀ ਕਰਾਸ ਵੋਟਿੰਗ ਕਰਨ ਦਾ ਸੰਕੇਤ ਮਿਲਿਆ। ਦੂਜੇ ਮੈਂਬਰ ਦੀ ਦੌੜ ਵਿੱਚ ਤਿੰਨ ਉਮੀਦਵਾਰ ਬਚੇ ਸਨ। ਜਿੱਤ ਲਈ 32 ਵੋਟਾਂ ਦੀ ਲੋੜ ਸੀ। ਇਸ ਤੋਂ ਬਾਅਦ ਸਭ ਤੋਂ ਘੱਟ ਵੋਟ ਲੈਣ ਵਾਲੀ ਭਾਜਪਾ ਉਮੀਦਵਾਰ ਰੁਚੀ ਗੁਲਾਟੀ ਨੂੰ ਚੋਣ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਮਿਲੀਆਂ 15 ਵੋਟਾਂ ਦੀ ਸੈਕਿੰਡ ਪ੍ਰੈਫਰੈਂਸ ਦੇ ਆਧਾਰ ’ਤੇ ਜਾਂਚ ਕੀਤੀ ਗਈ। ਇਨ੍ਹਾਂ 15 ਵੋਟਾਂ ਵਿੱਚੋਂ ਚਾਰ ਵੋਟਰਾਂ ਨੇ ਸੈਕਿੰਡ ਪ੍ਰੈਫਰੈਂਸ ਨਹੀਂ ਦਿੱਤੀ। ਬਾਕੀ 11 ਵੋਟਾਂ ਵਿੱਚੋਂ 10 ਵੋਟਾਂ ਗੌਰਵ ਭੱਟੀ ਨੂੰ ਅਤੇ ਸਿਰਫ਼ ਇੱਕ ਵੋਟ ਅਮਨ ਬੱਗਾ ਨੂੰ ਮਿਲੀ। ਇਸ ਨਾਲ ਭੱਟੀ ਦੀ ਗਿਣਤੀ 29 ਅਤੇ ਬੱਗਾ ਦੀ 23 ਹੋ ਗਈ। ਇਸ ਤੋਂ ਬਾਅਦ ਯੁਵਰਾਜ ਸਿੱਧੂ ਨੂੰ ਮਿਲੀਆਂ 37 ਵੋਟਾਂ ਦੀ ਵੀ ਸੈਕਿੰਡ ਪ੍ਰੈਫਰੈਂਸ ਦੇ ਆਧਾਰ ’ਤੇ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 15 ਵੋਟਰਾਂ ਨੇ ਸੈਕਿੰਡ ਪ੍ਰੈਫਰੈਂਸ ਨਹੀਂ ਦਿੱਤੀ, ਜਦਕਿ ਬਾਕੀ 22 ਵੋਟਾਂ ਵਿੱਚੋਂ 20 ਦੀ ਸੈਕਿੰਡ ਪ੍ਰੈਫਰੈਂਸ ਅਮਨ ਬੱਗਾ, ਇਕ ਗੌਰਵ ਭੱਟੀ ਅਤੇ ਇਕ ਰੁਚੀ ਗੁਲਾਟੀ ਦੇ ਹੱਕ ਵਿੱਚ ਸੀ। ਹਰੇਕ ਵੋਟ ਦੀ ਵੈਲਿਊ 0.22 ਨਿਰਧਾਰਤ ਕੀਤੀ ਗਈ। ਇਸ ਹਿਸਾਬ ਨਾਲ ਅਮਨ ਬੱਗਾ ਨੂੰ 4.40 ਅਤੇ ਭੱਟੀ ਤੇ ਗੁਲਾਟੀ ਨੂੰ 0.22-0.22 ਵੋਟ ਮਿਲੇ। ਅੰਤਿਮ ਗਿਣਤੀ ਵਿੱਚ ਗੌਰਵ ਭੱਟੀ 29.22 ਅਤੇ ਅਮਨ ਬੱਗਾ 27.40 ’ਤੇ ਰਹੇ। ਇਸ ਤਰ੍ਹਾਂ ਅਮਨ ਬੱਗਾ 1.82 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ। ਵੋਟਿੰਗ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਗੁਰੂ ਨਾਨਕ ਦੇਵ ਭਵਨ ਵਿੱਚ ਵੋਟਿੰਗ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਡੀਸੀਪੀ ਹਰਪਾਲ ਸਿੰਘ ਗਰੇਵਾਲ ਦੀ ਨਿਗਰਾਨੀ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਰਹੀ। ਵੋਟਿੰਗ ਕੇਂਦਰ ਅਤੇ ਭਵਨ ਦੇ ਆਲੇ-ਦੁਆਲੇ ਸੁਰੱਖਿਆ ਦਾ ਸਖ਼ਤ ਪਹਿਰਾ ਰਿਹਾ। ਮੀਡੀਆ ਕਰਮੀਆਂ ਨੂੰ ਵੋਟਿੰਗ ਕੇਂਦਰ ਤੋਂ ਰੱਖਿਆ ਦੂਰ ਵਿੱਤ ਤੇ ਠੇਕਾ ਕਮੇਟੀ ਦੀ ਚੋਣ ਦੌਰਾਨ ਗੁਰੂ ਨਾਨਕ ਦੇਵ ਭਵਨ ਦੇ ਅੰਦਰ ਸਿਰਫ਼ ਕੌਂਸਲਰਾਂ ਅਤੇ ਵਿਧਾਇਕਾਂ ਨੂੰ ਹੀ ਦਾਖ਼ਲੇ ਦੀ ਇਜਾਜ਼ਤ ਦਿੱਤੀ ਗਈ। ਮੀਡੀਆ ਕਰਮੀਆਂ ਅਤੇ ਕੌਂਸਲਰਾਂ ਦੇ ਪ੍ਰਤੀਨਿਧੀਆਂ ਨੂੰ ਵੋਟਿੰਗ ਹਾਲ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਵੋਟ ਪਾਉਣ ਲਈ ਅੰਦਰ ਜਾਣ ਵਾਲੇ ਮੈਂਬਰਾਂ ਨੂੰ ਮੋਬਾਈਲ ਫੋਨ ਨਾਲ ਲਿਜਾਣ ਤੋਂ ਵੀ ਰੋਕਿਆ ਗਿਆ। ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਗੁਰੂ ਨਾਨਕ ਦੇਵ ਭਵਨ ਕਿਸੇ ਹਾਈ-ਪ੍ਰੋਫਾਈਲ ਚੋਣ ਕੇਂਦਰ ਵਰਗਾ ਨਜ਼ਰ ਆਇਆ। ਖ਼ਬਰ ਦਾ ਬਾਕਸ ਗੌਰਵ ਭੱਟੀ ਦੀ ਜਿੱਤ ਨੇ ਖੋਲ੍ਹੇ ਵਿਰੋਧੀਆਂ ਦੇ ‘ਗਠਜੋੜ’ ਦੇ ਪੱਤੇ : ਵਿਧਾਇਕ ਭੋਲਾ ਹਲਕਾ ਲੁਧਿਆਣਾ ਪੂਰਬੀ ਤੋਂ ਆਪ ਵਿਧਾਇਕ ਦਲਜੀਤ ਸਿੰਘ ਭੋਲਾ ਨੇ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ (ਐੱਫ ਐਂਡ ਸੀਸੀ) ਦੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਗੌਰਵ ਭੱਟੀ ਦੀ ਜਿੱਤ ਨੂੰ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਸਾਂਝੀ ਜਿੱਤ ਕਰਾਰ ਦਿੱਤਾ ਹੈ। ਵਿਧਾਇਕ ਭੋਲਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਗੌਰਵ ਭੱਟੀ ਦੀ ਜਿੱਤ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਵਿਰੋਧੀ ਪਾਰਟੀਆਂ ਭਾਵੇਂ ਜਨਤਾ ਅੱਗੇ ਇੱਕ-ਦੂਜੇ ਦੀਆਂ ਵਿਰੋਧੀ ਬਣ ਕੇ ਪੇਸ਼ ਹੁੰਦੀਆਂ ਹੋਣ, ਪਰ ਆਪਣੇ ਸਿਆਸੀ ਹਿੱਤਾਂ ਲਈ ਇਕੱਠੀਆਂ ਹੋਣ ਵਿੱਚ ਦੇਰ ਨਹੀਂ ਲਗਾਉਂਦੀਆਂ। ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਤੇ ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਵੱਖ-ਵੱਖ ਰੂਪਾਂ ਵਿੱਚ ਸੱਤਾ ਦਾ ਸੁੱਖ ਮਾਣਦੇ ਰਹੇ ਹਨ। ਹੁਣ ਨਗਰ ਨਿਗਮ ਦੀ ਇਸ ਚੋਣ ਨੇ ਵੀ ਉਨ੍ਹਾਂ ਦੀ ਆਪਸੀ ਸਿਆਸੀ ਨੇੜਤਾ ਨੂੰ ਜਨਤਾ ਸਾਹਮਣੇ ਲਿਆ ਦਿੱਤਾ ਹੈ। ਭੋਲਾ ਨੇ ਕਿਹਾ ਕਿ ਆਪ ਕਿਸੇ ਰਵਾਇਤੀ ਸਿਆਸੀ ਪਰਿਵਾਰ ਜਾਂ ਪੁਰਾਣੇ ਗੱਠਜੋੜਾਂ ਦੀ ਪਾਰਟੀ ਨਹੀਂ, ਸਗੋਂ ਆਮ ਲੋਕਾਂ ਦੀ ਸਰਕਾਰ ਹੈ। ਨਿਗਮ ਦੀ ਚੋਣ ਲੋਕਤੰਤਰੀ ਤਰੀਕੇ ਨਾਲ ਨੇਪਰੇ ਚੜ੍ਹੀ : ਵਿਧਾਇਕ ਸਿੱਧੂ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵੀ ਸਮੂਹ ਕੌਂਸਲਰਾਂ ਅਤੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ ਲੋਕਤੰਤਰਿਕ ਪ੍ਰਕਿਰਿਆ ਅਨੁਸਾਰ ਚੋਣ ਹੋਈ ਹੈ ਅਤੇ ਹੁਣ ਜੇਤੂ ਮੈਂਬਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸ਼ਹਿਰ ਦੇ ਵਿਕਾਸ ਤੇ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇਣ। ਹਾਈ ਕੋਰਟ ਦੇ ਦਖ਼ਲ ਨਾਲ ਲੋਕਤੰਤਰ ਦੀ ਹੋਈ ਜਿੱਤ : ਬਾਂਸਲ ਭਾਜਪਾ ਦੇ ਸੀਨੀਅਰ ਆਗੂ ਪ੍ਰਵੀਨ ਬਾਂਸਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਈ ਕੋਰਟ ਦੇ ਦਖ਼ਲ ਨਾਲ ਆਖ਼ਰਕਾਰ ਲੋਕਤੰਤਰ ਦੀ ਜਿੱਤ ਹੋਈ ਹੈ। ਆਪ ਦੇ ਉਮੀਦਵਾਰ ਨੂੰ ਹਰਾ ਕੇ ਵਿਰੋਧੀ ਧਿਰ ਦਾ ਕੌਂਸਲਰ ਐਫ ਐਂਡ ਸੀਸੀ ਦਾ ਮੈਂਬਰ ਬਣ ਗਿਆ ਹੈ। ਇਸ ਫ਼ੈਸਲੇ ਨੇ ਸੱਤਾ ਧਿਰ ਦੀ ਕਾਰਗੁਜ਼ਾਰੀ ’ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਮਾਮਲੇ ਨੂੰ ਆਪਣੇ ਹੱਕ ਵਿੱਚ ਕਰਨ ਲਈ ਪੁਲਿਸ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੱਕ ਵੀ ਮਦਦ ਲਈ ਗਈ ਅਤੇ ਕਈ ਪੱਧਰਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੋਈ, ਪਰ ਆਖ਼ਰਕਾਰ ਕੋਈ ਸਫ਼ਲਤਾ ਹਾਸਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਅੰਤਿਮ ਫ਼ੈਸਲਾ ਲੋਕਾਂ ਦੀ ਰਾਏ ਤੇ ਸੰਵਿਧਾਨਕ ਪ੍ਰਕਿਰਿਆ ਅਨੁਸਾਰ ਹੀ ਹੁੰਦਾ ਹੈ। ਜਦੋਂ ਸੱਤਾ ਦੀ ਵਰਤੋਂ ਲੋਕ-ਹਿੱਤ ਦੀ ਬਜਾਏ ਨਿੱਜੀ ਜਾਂ ਸਿਆਸੀ ਹਿੱਤਾਂ ਲਈ ਕੀਤੀ ਜਾਂਦੀ ਹੈ ਤਾਂ ਇਸ ਦਾ ਜਵਾਬ ਲੋਕਤੰਤਰੀ ਢੰਗ ਨਾਲ ਮਿਲਦਾ ਹੈ। ਵਿਧਾਇਕ ਸਿੱਧੂ ਦਾ ਸਿਆਸੀ ਕੱਦ ਵਧਿਆ, ਵਿਧਾਇਕ ਬੱਗਾ ਨੂੰ ਮਿਲੀ ਨਿਰਾਸ਼ਾ ਵਿੱਤ ਤੇ ਠੇਕਾ ਕਮੇਟੀ ਦੀ ਚੋਣ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਸਿਆਸੀ ਸਾਖ ਦਾਅ ’ਤੇ ਲੱਗੀ ਹੋਈ ਸੀ। ਵਿਧਾਇਕ ਸਿੱਧੂ ਦੇ ਸਪੁੱਤਰ ਯੁਵਰਾਜ ਸਿੰਘ ਸਿੱਧੂ ਦੀ ਜਿੱਤ ਨਾਲ ਜਿੱਥੇ ਵਿਧਾਇਕ ਸਿੱਧੂ ਦਾ ਸਿਆਸੀ ਕੱਦ ਉੱਚਾ ਹੋਇਆ ਹੈ, ਉੱਥੇ ਹੀ ਵਿਧਾਇਕ ਬੱਗਾ ਦੇ ਸਪੁੱਤਰ ਅਮਨ ਬੱਗਾ ਖੁਰਾਣਾ ਦੀ ਹਾਰ ਨਾਲ ਵਿਧਾਇਕ ਬੱਗਾ ਨੂੰ ਨਿਰਾਸ਼ਾ ਮਿਲੀ ਹੈ। ਵਿਧਾਇਕ ਬੱਗਾ ਨੂੰ ਆਪਣੇ ਹੀ ਹਲਕੇ ਦੇ ਕੁਝ ਕੌਂਸਲਰਾਂ ਦੀ ਅੰਦਰੂਨੀ ਵਿਰੋਧਤਾ ਅਤੇ ਪਰਿਵਾਰਵਾਦ ਨੂੰ ਹੱਲਾਸ਼ੇਰੀ ਦੇਣ ਦੀਆਂ ਚੱਲੀਆਂ ਚਰਚਾਵਾਂ ਨੇ ਹਾਰ ਦਾ ਮੂੰਹ ਦਿਖਾਇਆ ਹੈ।