- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ:ਤੀਰਥ ਯਾਤਰਾ ’ਤੇ ਦਰਬਾਰ ਸਾਹਿਬ ਗਿਆ ਬਜ਼ੁਰਗ ਇੱਕ ਹਫਤਾ ਪਹਿਲਾਂ ਲਾਪਤਾ

-ਪਰਿਵਾਰਕ ਮੈਂਬਰਾਂ ਅਨੁਸਾਰ ਪ੍ਰਸ਼ਾਸਨ ਨਹੀਂ ਕਰ ਰਿਹਾ ਉਨ੍ਹਾਂ ਦੀ ਮਦਦ
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ
ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਫਤਿਹਗੜ੍ਹ ਗੁਜਰਾਂ ਦਾ ਇੱਕ ਬਜ਼ੁਰਗ ਕਰੀਬ ਇੱਕ ਹਫਤਾ ਪਹਿਲਾਂ ਮੁੱਖ ਮੰਤਰੀ ਤੀਰਥ ਯਾਤਰਾ ਦੇ ਵਿੱਚ ਦਰਬਾਰ ਸਾਹਿਬ ਗਿਆ, ਜਿੱਥੇ ਜਥੇ ਦੇ ਨਾਲੋਂ ਵਿਛੜ ਕੇ ਲਾਪਤਾ ਹੋ ਗਿਆ ਲਾਪਤਾ ਹੋਏ ਬਜ਼ੁਰਗ ਦੀ ਪਛਾਣ ਚਮਨ ਲਾਲ ਪੁੱਤਰ ਚੰਨਣ ਲਾਲ ਵਾਸੀ ਫਤਿਹਗੜ੍ਹ ਗੁਜਰਾਂ ਪੁਲਿਸ ਥਾਣਾ ਕੂਮਕਲਾਂ ਵਜੋਂ ਹੋਈ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਲਾਪਤਾ ਹੋਏ ਬਜ਼ੁਰਗ ਚਮਨ ਲਾਲ ਦੀ ਪਤਨੀ ਅਮਰ ਕੌਰ ਅਤੇ ਨੂੰ ਬਲਜੀਤ ਕੌਰ ਨੇ ਦੱਸਿਆ ਕਿ ਉਹ 12 ਸਤੰਬਰ ਨੂੰ ਆਪਣੇ ਪਿੰਡ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਵਿੱਚ ਦਰਬਾਰ ਸਾਹਿਬ ਗਏ ਸਨ। ਉਨ੍ਹਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਬਜ਼ੁਰਗ ਚਮਨ ਲਾਲ ਵੀ ਸਨ ਦਰਬਾਰ ਸਾਹਿਬ ਵਿੱਚ ਬਹੁਤ ਜ਼ਿਆਦਾ ਭੀੜ ਹੋਣ ਕਾਰਨ ਉਹ ਤਾਂ ਮੱਥਾ ਟੇਕਣ ਨਹੀਂ ਗਏ ਪਰ ਬਜ਼ੁਰਗ ਚਮਨ ਲਾਲ ਜੱਥੇ ਦੇ ਨਾਲ ਮੱਥਾ ਟੇਕਣ ਦਰਬਾਰ ਸਾਹਿਬ ਦੇ ਅੰਦਰ ਚਲਾ ਗਿਆ, ਜਿੱਥੇ ਉਹ ਮੁੜ ਜਥੇ ਨਾਲ ਵਾਪਸ ਨਹੀਂ ਆਇਆ। ਉਸ ਸਮੇਂ ਉਹਨਾਂ ਦੇ ਨਾਲ ਗਈ ਸੰਗਤ ਨੇ ਲਾਪਤਾ ਹੋਏ ਬਜ਼ੁਰਗ ਦੀ ਕਾਫੀ ਭਾਲ ਕੀਤੀ, ਪਰ ਉਸਦਾ ਕੋਈ ਪਤਾ ਨਹੀਂ ਲੱਗਿਆ। ਹੁਣ ਉਹਨਾਂ ਦੇ ਪਰਿਵਾਰ ਦੇ ਕੁੱਝ ਮੈਂਬਰ ਕਰੀਬ ਇੱਕ ਹਫਤੇ ਤੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਜ਼ੁਰਗ ਦੀ ਭਾਲ ਕਰ ਰਹੇ ਹਨ।
ਇਸ ਸਬੰਧੀ ਜਦੋਂ ਆਪਣੇ ਦਾਦੇ ਦੀ ਭਾਲ ਕਰਨ ਗਏ ਸੁਖਚੈਨ ਸਿੰਘ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਉਹ ਮਜ਼ਦੂਰੀ ਕਰਦੇ ਹਨ ਅਤੇ ਪਰਿਵਾਰ ਵਿੱਚ ਉਹ ਇਕੱਲੇ ਹੀ ਕਮਾਉਣ ਵਾਲੇ ਹਨ। ਉਹਨਾਂ ਦੇ ਦਾਦਾ ਜੀ ਕਰੀਬ ਇੱਕ ਹਫਤਾ ਪਹਿਲਾਂ ਲਾਪਤਾ ਹੋ ਗਏ ਹਨ। ਉਹਨਾਂ ਦੇ ਪਰਿਵਾਰ ਦੇ ਕਰੀਬ ਪੰਜ-ਛੇ ਲੋਕ ਆਪਣੇ ਬਜ਼ੁਰਗ ਦੀ ਭਾਲ ਕਰ ਰਹੇ ਹਨ। ਭਾਵੇਂ ਪਹਿਲਾਂ ਸੀਸੀਟੀਵੀ ਕੈਮਰੇ ਵੀ ਦੇਖੇ ਗਏ ਸਨ ਪਰ ਉਹਨਾਂ ਦੇ ਬਜ਼ੁਰਗ ਦਾ ਕੋਈ ਪਤਾ ਨਹੀਂ ਲੱਗ ਰਿਹਾ ਬਜ਼ੁਰਗ ਦੇ ਪੋਤਰੇ ਸੁਖਚੈਨ ਨੇ ਸਰਕਾਰ ਅਤੇ ਪ੍ਰਸ਼ਾਸਨ ’ਤੇ ਗਿਲ੍ਹਾ ਕਰਦਿਆਂ ਕਿਹਾ ਕਿ ਜਿੰਨੀ ਮਦਦ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਿਲਣੀ ਚਾਹੀਦੀ ਸੀ, ਉਹ ਮਦਦ ਨਹੀਂ ਮਿਲ ਰਹੀ ਅਸੀਂ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਾਂ ਅਤੇ ਰੋਜ਼ ਕਮਾ ਕੇ ਆਪਣਾ ਰੋਜ਼ੀ-ਰੋਟੀ ਚਲਾਉਂਦੇ ਹਾਂ ਹੁਣ ਇੰਨੇ ਦਿਨ ਤੋਂ ਉਹ ਆਪਣੇ ਕਈ ਪਰਿਵਾਰਿਕ ਮੈਂਬਰਾਂ ਨਾਲ ਆਪਣੇ ਦਾਦੇ ਦੀ ਭਾਲ ਕਰ ਰਹੇ ਹਨ ਪਿੱਛੇ ਕੋਈ ਨਾ ਤਾਂ ਕਮਾਉਣ ਵਾਲਾ ਹੈ ਅਤੇ ਨਾ ਹੀ ਉਹਨਾਂ ਕੋਲ ਇਨੇ ਸਾਧਨ ਹਨ ਕਿ ਉਹ ਇੰਨੀ ਦੂਰ ਹਰ ਰੋਜ਼ ਆਪਣੇ ਦਾਦੇ ਦੀ ਭਾਲ ਵਿੱਚ ਆ ਸਕਣ। ਉਹਨਾਂ ਮੰਗ ਕੀਤੀ ਕਿ ਇਹ ਤਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਅਤੇ ਸਰਕਾਰ ਆਪਣੇ ਕੁਝ ਬੰਦੇ ਲਾ ਕੇ ਉਹਨਾਂ ਦੇ ਦਾਦੇ ਦੀ ਭਾਲ ਕਰੇ।
-ਬਾਕਸ-
-ਮੇਰੇ ਧਿਆਨ ’ਚ ਨਹੀਂ : ਐੱਸਡੀਐੱਮ ਭੁੱਲਰ
ਇਸ ਸਬੰਧੀ ਜਦੋਂ ਐਸਡੀਐਮ ਜਸਲੀਨ ਕੌਰ ਭੁੱਲਰ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਹ ਪੁਲਿਸ ਨੂੰ ਆਖ ਕੇ ਇਹ ਸਾਰੇ ਮਾਮਲੇ ਦੀ ਜਾਂਚ ਕਰਵਾਉਂਦੇ ਹਨ।