ਈਡੀ ਨੇ ਘਰ ਦੇ ਦਰਵਾਜ਼ੇ ਬੰਦ ਕਰ ਕੇ ਬਾਹਰਲਿਆਂ ਦੀ ਆਵਾਜਾਈ ’ਤੇ ਰੋਕ ਲਾਈ ਜਨਰਲ ਲਈ-ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਦੇ ਘਰ ਈਡੀ ਦੀ ਛਾਪੇਮਾਰੀ
Publish Date: Wed, 23 Sep 2026 08:35 PM (IST)
Updated Date: Thu, 24 Sep 2026 04:03 AM (IST)
- ਗਮਾਡਾ ਮਾਮਲੇ ਨਾਲ ਜੁੜੀਆਂ ਕੜੀਆਂ ਦੀ ਜਾਂਚ ਲਈ ਈਡੀ ਦੀ ਕਾਰਵਾਈ - ਛਾਪੇਮਾਰੀ ਦੀ ਭਿਣਕ ਲੱਗਣ ਤੋਂ ਪਹਿਲਾਂ ਦਫ਼ਤਰ ਨੂੰ ਲੱਗੇ ਤਾਲੇ ਫ਼ੋਟੋ ਨੰਬਰ-41, 42, 44, 45 ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਾਊਸਿੰਗ ਤੇ ਸ਼ਹਿਰ ਵਿਕਾਸ ਵਿਭਾਗ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਦੱਸੇ ਜਾ ਰਹੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਹਲਕਾ ਸਾਹਨੇਵਾਲ ਦੇ ਕੋਹਾੜਾ ਵਿਖੇ ਸਥਿਤ ਘਰ ’ਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਈਡੀ ਵੱਲੋਂ ਗਮਾਡਾ ਨਾਲ ਸਬੰਧਤ ਮਾਮਲੇ ’ਚ ਪੰਜਾਬ ਤੇ ਚੰਡੀਗੜ੍ਹ ਸਣੇ ਕਈ ਥਾਈਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਈਡੀ ਦੀ ਟੀਮ ਦੁਪਹਿਰ ਸਮੇਂ ਸਾਹਨੇਵਾਲ ਅਧੀਨ ਪੈਂਦੇ ਪਿੰਡ ਕੁਹਾੜਾ ਨੇੜੇ ਪ੍ਰਿੰਸ ਦੇ ਘਰ ਪੁੱਜੀ ਤੇ ਘਰ ਦੇ ਦਰਵਾਜ਼ੇ ਬੰਦ ਕਰ ਕੇ ਬਾਹਰੀ ਵਿਅਕਤੀਆਂ ਦੀ ਆਵਾਜਾਈ ’ਤੇ ਰੋਕ ਲਾ ਦਿੱਤੀ ਗਈ। ਟੀਮ ਵੱਲੋਂ ਘਰ ਅੰਦਰ ਕਥਿਤ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਈਡੀ ਵੱਲੋਂ ਇਸ ਕਾਰਵਾਈ ਸਬੰਧੀ ਕੋਈ ਅਧਿਕਾਰਤ ਬਿਆਨ ਜਾਂ ਕਿਸੇ ਬਰਾਮਦਗੀ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਦੌਰਾਨ ਮੰਤਰੀ ਮੁੰਡੀਆਂ ਦੇ ਕੋਹਾੜਾ ਸਥਿਤ ਦਫ਼ਤਰ ਨੂੰ ਵੀ ਤਾਲਾ ਲੱਗਾ ਹੋਣ ਤੇ ਨੇੜਲੇ ਹੋਟਲ ਨੂੰ ਬੰਦ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਕਾਰਵਾਈਆਂ ਦਾ ਆਪਸ ’ਚ ਕੀ ਸਬੰਧ ਹੈ, ਇਸ ਬਾਰੇ ਵੀ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋਈ। ਦੱਸਣਯੋਗ ਹੈ ਕਿ ਈਡੀ ਵੱਲੋਂ ਗਮਾਡਾ ਦੇ ਦਫ਼ਤਰ ਤੇ ਪੰਜਾਬ ਦੇ ਕਈ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਈਡੀ ਦੀ ਜਾਂਚ ਪੂਰੀ ਹੋਣ ਤੇ ਅਧਿਕਾਰਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਉਕਤ ਘਰ ’ਤੇ ਛਾਪੇਮਾਰੀ ਦਾ ਅਸਲ ਕਾਰਨ ਕੀ ਸੀ ਅਤੇ ਜਾਂਚ ਦੌਰਾਨ ਕੀ ਕੁਝ ਸਾਹਮਣੇ ਆਇਆ। ਮੰਤਰੀ ਮੁੰਡੀਆਂ ਵੱਲੋਂ ਹੀ ਕੱਟੀ ਗਈ ਗ਼ੈਰ ਕਾਨੂੰਨੀ ਕਾਲੋਨੀ ’ਚ ਰਹਿੰਦਾ ਹੈ ਪ੍ਰਿੰਸ ਮੰਤਰੀ ਹਰਦੀਪ ਸਿੰਘ ਮੁੰਡੀਆ ਉੱਪਰ ਭਾਵੇਂ ਪੇਂਡੂ ਖੇਤਰ ਅੰਦਰ ਬਣਦੀਆਂ ਗ਼ੈਰ ਕਾਨੂੰਨੀ ਕਾਲੋਨੀਆਂ ’ਤੇ ਰੋਕ ਲਾਉਣਾ ਤੇ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਹੈ, ਪਰ ਜਿਸ ਕਾਲੋਨੀ ’ਚ ਮੰਤਰੀ ਮੰਡੀਆਂ ਦਾ ਭਤੀਜਾ ਪ੍ਰਿੰਸ ਰਹਿੰਦਾ ਹੈ ਅਤੇ ਜਿਸ ਘਰ ’ਚ ਈਡੀ ਦੀ ਰੇਡ ਹੋਈ ਹੈ, ਇਹ ਘਰ ਮੰਤਰੀ ਮੁੰਡੀਆ ਵੱਲੋਂ ਕੱਟੀ ਗਈ ਜਸ਼ਨ ਇਨਕਲੇਵ ਨਾਮ ਦੀ ਗ਼ੈਰ ਕਾਨੂੰਨੀ ਕਾਲੋਨੀ ’ਚ ਹੈ। ਲੋਕਾਂ ਦਾ ਕਹਿਣਾ ਹੈ ਕਿ ਦੂਜੀਆਂ ਗ਼ੈਰ-ਕਾਨੂੰਨੀ ਕਾਲੋਨੀਆਂ ’ਤੇ ਤਾਂ ਗਲਾਡਾ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ, ਪਰ ਇਥੇ ਮੰਤਰੀ ਵੱਲੋਂ ਧੜੱਲੇ ਨਾਲ ਗ਼ੈਰ-ਕਾਨੂੰਨੀ ਕਾਲੋਨੀ ਉਸਾਰੀ ਗਈ ਹੈ ਤੇ ਉਸ ’ਚ ਘਰ ਵੀ ਬਣ ਚੁੱਕੇ ਹਨ। ਅੱਜ ਤੱਕ ਕਿਸੇ ਨੇ ਇਸ ਕਾਲੋਨੀ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਆਲੀਸ਼ਾਨ ਹੋਟਲ ਬਾਰੇ ਵੀ ਖੜ੍ਹੇ ਹੋਏ ਸਵਾਲ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਮੰਤਰੀ ਮੁੰਡੀਆਂ ਖ਼ੁਦ ਨੂੰ ਆਮ ਘਰਾਂ ਵਿਚੋਂ ਆਇਆ ਆਖਦੇ ਹਨ, ਪਰ ਉਨ੍ਹਾਂ ਦੀ ਗ਼ੈਰ ਕਾਨੂੰਨੀ ਕਾਲੋਨੀ ਵਿਚ ਹੀ ਦਫ਼ਤਰ ਦੇ ਪਿੱਛੇ ਬਣ ਰਿਹਾ ਆਲੀਸ਼ਾਨ ਹੋਟਲ ਕਈ ਸਵਾਲ ਖੜ੍ਹੇ ਕਰ ਰਿਹਾ ਹੈ ਕਿ ਵਿਧਾਇਕ ਤੇ ਉਸ ਤੋਂ ਬਾਅਦ ਮੰਤਰੀ ਬਣ ਕੇ ਇੰਨਾ ਪੈਸਾ ਕਿੱਥੋਂ ਆਇਆ ਕਿ ਆਲੀਸ਼ਾਨ ਹੋਟਲ ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਘੋੜਿਆਂ ਦੇ ਫਾਰਮ ਦੀ ਵੀ ਚਰਚਾ ਵਿਧਾਇਕ ਬਣਨ ਮਗਰੋਂ ਹਰਦੀਪ ਮੁੰਡੀਆਂ ਦੇ ਭਰਾ ਤੇ ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਵੱਲੋਂ ਜਸ਼ਨ ਇਨਕਲੇਵ ’ਚ ਹੀ ਘੋੜਿਆਂ ਦਾ ਫਾਰਮ ਹਾਊਸ ਬਣਾਇਆ ਗਿਆ ਹੈ। ਜਿਸ ’ਚ ਮਹਿੰਗੇ-ਮਹਿੰਗੇ ਘੋੜੇ ਰੱਖੇ ਗਏ ਹਨ। ਇਸ ਘੋੜਿਆਂ ਦੇ ਫਾਰਮ ਦੀ ਵੀ ਕਾਫ਼ੀ ਚਰਚਾ ਚੱਲ ਰਹੀ ਹੈ।