- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਦੀ ਲੀਡ-ਬਿਜਲੀ ਕੱਟ ਵਾਪਸੀ ਦੇ ਐਲਾਨ ’ਤੇ ਵੀ ਨਹੀਂ ਮੰਨੇ ਡਾਇੰਗ ਕਾਰੋਬਾਰੀ, ਅੱਜ ਕਰਨਗੇ ਚੱਕਾ ਜਾਮ

-ਬਿਜਲੀ ਕੱਟ ਵਾਪਸੀ ਦੇ ਐਲਾਨ ’ਤੇ ਵੀ ਨਹੀਂ ਮੰਨੇ ਡਾਇੰਗ ਕਾਰੋਬਾਰੀ, ਚੱਕਾ ਜਾਮ ਕਰਨ ਦੀ ਦਿੱਤੀ ਚਿਤਾਵਨੀ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਦੀਆਂ ਸਨਅਤਾਂ ’ਤੇ ਲਗਾਏ ਜਾ ਰਹੇ ਲੰਮੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਲੁਧਿਆਣਾ ਦੇ ਡਾਇੰਗ ਕਾਰੋਬਾਰੀਆਂ ਵੱਲੋਂ ਸੋਮਵਾਰ ਨੂੰ ਚੱਕਾ ਜਾਮ ਅਤੇ ਧਰਨੇ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਪਾਵਰਕਾਮ ਵੱਲੋਂ ਉਦਯੋਗਿਕ ਫੀਡਰਾਂ ’ਤੇ ਲੱਗੇ ਪਾਵਰਕੱਟ ਵਾਪਸ ਲੈਣ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਡਾਇੰਗ ਕਾਰੋਬਾਰੀਆਂ ਨੇ ਆਪਣਾ ਪ੍ਰੋਗਰਾਮ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕੱਟ ਨਾ ਲਾਉਣ ਦੇ ਭਰੋਸੇ ਦਿੱਤੇ ਗਏ, ਪਰ ਦੋ ਦਿਨ ਬਾਅਦ ਹੀ ਉਦਯੋਗ ਨੂੰ ਲੰਮੇ ਕੱਟਾਂ ਦਾ ਸਾਹਮਣਾ ਕਰਨਾ ਪਿਆ। ਇਸ ਲਈ ਹੁਣ ਸਿਰਫ਼ ਐਲਾਨਾਂ ਦੀ ਬਜਾਏ ਜ਼ਮੀਨੀ ਪੱਧਰ ’ਤੇ ਕਾਰਵਾਈ ਚਾਹੀਦੀ ਹੈ।
ਲੁਧਿਆਣਾ ਡਾਇੰਗ ਐਸੋਸੀਏਸ਼ਨ ਵੱਲੋਂ ਸੋਮਵਾਰ ਨੂੰ ਚੰਡੀਗੜ੍ਹ ਰੋਡ ’ਤੇ ਵਰਧਮਾਨ ਚੌਕ ’ਚ ਦੁਪਹਿਰੇ 2.30 ਵਜੇ ਧਰਨਾ ਦਿੱਤਾ ਜਾਵੇਗਾ। ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਇਲਾਵਾ ਡਾਇੰਗ ਯੂਨਿਟਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਇਸ ਵਿੱਚ ਸ਼ਾਮਲ ਹੋਣਗੇ। ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਬਿਜਲੀ ਕੱਟਾਂ ਦੀ ਸਮੱਸਿਆ ਦਾ ਸਥਾਈ ਹੱਲ ਨਾ ਹੋਇਆ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਪਾਵਰਕਾਮ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਥਰਮਲ ਪਲਾਂਟ (ਟੀਐੱਸਪੀਐੱਲ) ਦੀਆਂ ਯੂਨਿਟਾਂ ਦੇ ਬੰਦ ਹੋਣ, ਐੱਨਪੀਐੱਲ ਤੋਂ ਘੱਟ ਉਪਲਬਧਤਾ ਅਤੇ ਆਰਐੱਸਡੀ ਦੀਆਂ ਘੱਟ ਚੱਲ ਰਹੀਆਂ ਯੂਨਿਟਾਂ ਕਾਰਨ ਗਰਿੱਡ ਸੁਰੱਖਿਆ ਦੇ ਮੱਦੇਨਜ਼ਰ ਲੁਧਿਆਣਾ ਸਰਕਲ ਦੇ ਕੈਟਾਗਰੀ-2 ਅਤੇ ਕੈਟਾਗਰੀ-3 ਇੰਡਸਟਰੀ ਫੀਡਰਾਂ ’ਤੇ ਬਿਜਲੀ ਕਟੌਤੀ ਕੀਤੀ ਗਈ ਸੀ। ਹੁਣ ਰਾਜਪੁਰਾ ਯੂਨਿਟ ਦੇ ਮੁੜ ਚਾਲੂ ਹੋਣ ਤੋਂ ਬਾਅਦ ਪਾਵਰਕਾਮ ਨੇ ਅੱਜ ਇੰਡਸਟਰੀ ’ਤੇ ਕੱਟ ਨਾ ਲਾਉਣ ਦੀ ਜਾਣਕਾਰੀ ਦਿੱਤੀ ਹੈ। ਡਾਇੰਗ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਰੋਧ ਦੇ ਦਬਾਅ ਹੇਠ ਪਾਵਰਕਾਮ ਵੱਲੋਂ ਕੱਟ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੋਵੇ। ਉਨ੍ਹਾਂ ਮੁਤਾਬਕ ਪਿਛਲੇ ਸੋਮਵਾਰ ਨੂੰ ਵੀ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਉਦਯੋਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਕੱਟ ਨਾ ਲਗਾਉਣ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ ਦੋ ਦਿਨ ਬਾਅਦ ਉਦਯੋਗ ਨੂੰ ਕਰੀਬ 10 ਘੰਟਿਆਂ ਦੀ ਨਿਰਧਾਰਤ ਬਿਜਲੀ ਕਟੌਤੀ ਦਾ ਸਾਹਮਣਾ ਕਰਨਾ ਪਿਆ।
ਕਾਰੋਬਾਰੀਆਂ ਨੇ ਕਿਹਾ ਕਿ ਉਦਯੋਗ ’ਤੇ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਕੱਟਾਂ ਤੋਂ ਇਲਾਵਾ ਦਿਨ ਦੇ ਸਮੇਂ ਵੀ ਕਈ ਘੰਟੇ ਬਿਜਲੀ ਗੁਲ ਰਹਿਣ ਕਾਰਨ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਡਾਇੰਗ ਯੂਨਿਟਾਂ ਦਾ ਕੰਮ ਪੂਰੀ ਤਰ੍ਹਾਂ ਬਿਜਲੀ ’ਤੇ ਨਿਰਭਰ ਹੈ। ਲੰਮੇ ਕੱਟਾਂ ਕਾਰਨ ਮਸ਼ੀਨਰੀ, ਮਜ਼ਦੂਰਾਂ, ਆਰਡਰਾਂ ਤੇ ਤਿਆਰ ਮਾਲ ਦੀ ਪੂਰੀ ਲੜੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਕਾਰਨ ਪਹਿਲਾਂ ਹੀ ਆਰਥਿਕ ਦਬਾਅ ਹੇਠ ਚੱਲ ਰਹੇ ਉਦਯੋਗ ਨੂੰ ਬਿਨਾਂ ਕੰਮ ਦੇ ਵੀ ਮੁਲਾਜ਼ਮਾਂ ਨੂੰ ਤਨਖ਼ਾਹ ਦੇਣੀ ਪੈ ਰਹੀ ਹੈ। ਸਰਕਾਰ ਨੂੰ ਇੰਡਸਟਰੀ ਦੀ ਸਮੱਸਿਆ ਦਾ ਸਿਆਸੀ ਨਜ਼ਰੀਏ ਨਾਲ ਨਹੀਂ, ਸਗੋਂ ਵਿਹਾਰਕ ਤਰੀਕੇ ਨਾਲ ਸਥਾਈ ਹੱਲ ਕਰਨਾ ਚਾਹੀਦਾ ਹੈ।
ਡਾਇੰਗ ਕਾਰੋਬਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਅੱਜ ਕੱਟ ਨਾ ਲਗਾਉਣ ਦੇ ਐਲਾਨ ਨਾਲ ਉਨ੍ਹਾਂ ਦਾ ਵਿਰੋਧ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਦੀ ਮੰਗ ਹੈ ਕਿ ਇੰਡਸਟਰੀ ’ਤੇ ਲਗਾਏ ਜਾ ਰਹੇ ਪਾਵਰਕੱਟ ਪੂਰੀ ਤਰ੍ਹਾਂ ਵਾਪਸ ਲਏ ਜਾਣ ਅਤੇ ਉਤਪਾਦਨ ਤੇ ਰੁਜ਼ਗਾਰ ਨੂੰ ਬਚਾਉਣ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।
-ਬਾਕਸ-
-ਪਾਵਰਕਾਮ ਤੋਂ ਸਨਅਤਕਾਰਾਂ ਦਾ ਘਟਿਆ ਭਰੋਸਾ
38) ਸੈਕਟਰੀ ਬੌਬੀ ਜਿੰਦਲ।
39) ਡਾਇਰੈਕਟਰ ਕਮਲ ਦੇਵ ਚੌਹਾਨ।
ਪੰਜਾਬ ਡਾਇਰਜ਼ ਐਸੋਸੀਏਸ਼ਨ ਦੇ ਸੈਕਟਰੀ ਬੌਬੀ ਜਿੰਦਲ ਅਤੇ ਡਾਇਰੈਕਟਰ ਕਮਲ ਦੇਵ ਚੌਹਾਨ ਨੇ ਕਿਹਾ ਕਿ ਪਾਵਰਕਾਮ ਦੇ ਵਾਰ-ਵਾਰ ਬਦਲਦੇ ਐਲਾਨਾਂ ਕਾਰਨ ਉਦਯੋਗ ਦਾ ਭਰੋਸਾ ਘਟਿਆ ਹੈ। ਜਦੋਂ ਇੱਕ ਪਾਸੇ ਕੱਟ ਨਾ ਲਗਾਉਣ ਦਾ ਭਰੋਸਾ ਦਿੱਤਾ ਜਾਂਦਾ ਹੈ ਅਤੇ ਦੂਜੇ ਪਾਸੇ ਕੁੱਝ ਦਿਨਾਂ ਬਾਅਦ ਲੰਮੇ ਕੱਟ ਲੱਗ ਜਾਂਦੇ ਹਨ, ਤਾਂ ਸਿਰਫ਼ ਮੌਖਿਕ ਭਰੋਸੇ ਦੇ ਆਧਾਰ ’ਤੇ ਵਿਰੋਧ ਵਾਪਸ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸੋਮਵਾਰ ਦਾ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਤੈਅ ਪ੍ਰੋਗਰਾਮ ਅਨੁਸਾਰ ਹੀ ਹੋਵੇਗਾ। ਮਕਸਦ ਕਿਸੇ ਅਧਿਕਾਰੀ ਨਾਲ ਟਕਰਾਅ ਪੈਦਾ ਕਰਨਾ ਨਹੀਂ, ਸਗੋਂ ਉਦਯੋਗ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਦਿਵਾਉਣਾ ਹੈ।
-ਬਾਕਸ-
-ਸਰਕਾਰ ਦੇ 24 ਘੰਟੇ ਬਿਜਲੀ ਦੇ ਦਾਅਵੇ ਫੋਕੇ, ਪੰਜਾਬ ਹਨੇਰੇ ’ਚ ਡੁੱਬਿਆ : ਬੈਂਸ
40) ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ।
ਪੰਜਾਬ ਵਿੱਚ ਵਿਗੜ ਰਹੀ ਬਿਜਲੀ ਸਪਲਾਈ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਕੀਤੇ ਜਾ ਰਹੇ ਦਾਅਵੇ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹਨ, ਜਦਕਿ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਲੰਮੇ ਤੇ ਅਣਐਲਾਨੇ ਬਿਜਲੀ ਕੱਟਾਂ ਕਾਰਨ ਆਮ ਲੋਕਾਂ, ਦੁਕਾਨਦਾਰਾਂ, ਕਿਸਾਨਾਂ ਅਤੇ ਸਨਅਤਕਾਰਾਂ ਨੂੰ ਭਾਰੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ।
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬਿਜਲੀ ਸੰਕਟ ਦਾ ਸਭ ਤੋਂ ਵੱਧ ਅਸਰ ਪੰਜਾਬ ਦੀ ਇੰਡਸਟਰੀ ’ਤੇ ਪੈ ਰਿਹਾ ਹੈ। ਵਾਰ-ਵਾਰ ਬਿਜਲੀ ਬੰਦ ਹੋਣ ਕਾਰਨ ਫੈਕਟਰੀਆਂ ਵਿੱਚ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਮਹਿੰਗੇ ਡੀਜ਼ਲ ਨਾਲ ਜਨਰੇਟਰ ਚਲਾ ਕੇ ਸਨਅਤੀ ਯੂਨਿਟਾਂ ਨੂੰ ਚਲਾਉਣਾ ਕਾਰੋਬਾਰੀਆਂ ਲਈ ਲਗਾਤਾਰ ਵਧਦਾ ਆਰਥਿਕ ਬੋਝ ਬਣ ਗਿਆ ਹੈ। ਇਸ ਕਾਰਨ ਪੰਜਾਬ ਦਾ ਉਦਯੋਗ ਹੋਰ ਸੂਬਿਆਂ ਵੱਲ ਜਾਣ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਇਕ ਪਾਸੇ ਕਿਸਾਨਾਂ ਨੂੰ ਫ਼ਸਲਾਂ ਲਈ ਲੋੜ ਅਨੁਸਾਰ ਬਿਜਲੀ ਨਹੀਂ ਮਿਲ ਰਹੀ, ਜਿਸ ਕਾਰਨ ਫ਼ਸਲਾਂ ’ਤੇ ਮਾੜਾ ਅਸਰ ਪੈਣ ਦਾ ਖਦਸ਼ਾ ਹੈ, ਜਦਕਿ ਦੂਜੇ ਪਾਸੇ ਆਮ ਲੋਕ ਅਤੇ ਦੁਕਾਨਦਾਰ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹਨ।