ਪੁਰਾਣੀ ਰੰਜਿਸ਼ ਤਹਿਤ ਹਥਿਆਰਬੰਦਾਂ ਨੇ ਮੋਟਰਸਾਈਕਲ ਸਵਾਰ ਤੇ ਕੀਤਾ ਹਮਲਾ
ਪੁਰਾਣੀ ਰੰਜਿਸ਼ ਦੇ ਚੱਲਦੇ ਹਥਿਆਰਬੰਦਾਂ ਨੇ ਮੋਟਰਸਾਈਕਲ ਸਵਾਰ ਤੇ ਕੀਤਾ ਹਮਲਾ
Publish Date: Tue, 27 Jan 2026 07:03 PM (IST)
Updated Date: Wed, 28 Jan 2026 04:10 AM (IST)
ਤਫਤੀਸ਼ ਦੌਰਾਨ ਮੁਲਾਜ਼ਮਾਂ ਦੀ ਹੋਈ ਪਛਾਣ, ਪਰਚਾ ਦਰਜ
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਪੁਰਾਣੀ ਰੰਜਿਸ਼ ਦੇ ਚੱਲਦੇ ਮੋਟਰ ਸਾਈਕਲ ਸਵਾਰ ਵਿਅਕਤੀ ਉੱਪਰ ਉਸ ਦੇ ਪਿੰਡ ਦੇ ਹੀ ਰਹਿਣ ਵਾਲੇ ਹਮਲਾਵਰ ਨੇ ਆਪਣੇ ਸਾਥੀਆਂ ਸਮੇਤ ਰਾਹ ਵਿੱਚ ਘੇਰ ਕੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਵੱਲੋਂ ਪਿੰਡ ਪਹਾੜਵਾਲ ਦੇ ਰਹਿਣ ਵਾਲੇ ਨਾਜਰ ਸਿੰਘ ਦੇ ਬਿਆਨ ਉੱਪਰ ਉਸ ਦੇ ਪਿੰਡ ਦੇ ਹੀ ਵਾਸੀ ਸੁਖਜਿੰਦਰ ਸਿੰਘ ਉਰਫ ਨੀਟਾ ਗੁਰਚਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਲੱਖੋਵਾਲ ਦੇ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਨਾਜਰ ਸਿੰਘ ਮੁਤਾਬਕ ਉਹ ਇੱਕ ਫੈਕਟਰ ਵਿੱਚ ਸਕਿਉਰਟੀ ਡਿਊਟੀ ਕਰਦਾ। ਵਾਰਦਾਤ ਵਾਲੇ ਦਿਨ ਉਹ ਆਪਣੀ ਫੈਕਟਰੀ ਦੀ ਨਾਈਟ ਸ਼ਿਫਟ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਫੈਕਟਰੀ ਵੱਲ ਜਾ ਰਿਹਾ ਸੀ।
ਮੁੱਦਈ ਮੁਤਾਬਕ ਹਮੇਸ਼ਾ ਦੀ ਤਰ੍ਹਾਂ ਉਸ ਦੀ 12 ਬੋਰ ਦੀ ਲਾਇਸੈਂਸੀ ਬੰਦੂਕ ਵੀ ਉਸ ਦੇ ਕੋਲ ਸੀ। ਜਦੋਂ ਉਹ ਪਹਾੜੂਵਾਲ ਰੋਡ ਸਥਿਤ ਟੀਕੇ ਫੈਕਟਰੀ ਕੋਲੋਂ ਥੋੜ੍ਹਾ ਅੱਗੇ ਪੁੱਜਾ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਸੜਕ ਤੇ ਰੁਕਣ ਦਾ ਇਸ਼ਾਰਾ ਕੀਤਾ। ਉਸ ਵੇਲੇ ਉਨ ਨੌਜਵਾਨਾਂ ਤੋਂ ਖਤਰਾ ਭਾਂਪ ਕੇ ਆਪਣਾ ਮੋਟਰਸਾਈਕਲ ਤੇਜ਼ ਕਰਕੇ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਤਿੰਨਾਂ ਨੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤਾ। ਹਾਲਾਂਕਿ ਜੈਕਟ ਅਤੇ ਹੋਰ ਮੋਟੇ ਕੱਪੜੇ ਪਾਏ ਹੋਣ ਕਾਰਨ ਉਸ ਦੇ ਫੱਟ ਤਾਂ ਨਹੀਂ ਲੱਗੇ ਪਰ ਗੁੱਝੀਆਂ ਸੱਟਾਂ ਕਾਫੀ ਲੱਗੀਆਂ। ਕਿਸੇ ਤਰ੍ਹਾਂ ਉਹ ਜਾਨ ਬਚਾ ਕੇ ਆਪਣੀ ਫੈਕਟਰੀ ਪੁੱਜਾ ਤੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਜਮਾਲਪੁਰ ਪੁਲਿਸ ਕੋਲ ਦਰਜ ਕਰਵਾ ਦਿੱਤੀ ।ਉਸ ਨੇ ਨਿਜੀ ਤੌਰ ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਹਮਲਾ ਸੁਖਜਿੰਦਰ ਸਿੰਘ ਗੁਰਚਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਆਪਣੇ ਇਕ ਹੋਰ ਅਣਪਛਾਤੇ ਸਾਥੀ ਨਾਲ ਮਿਲ ਕੇ ਪੁਰਾਣੀ ਰੰਜਸ ਦੇ ਚੱਲਦੇ ਕੀਤਾ ਸੀ। ਇਸ ਜਾਣਕਾਰੀ ਦੇ ਅਧਾਰ ਤੇ ਪੁਲਿਸ ਨੇ ਤਿੰਨਾਂ ਮੁਲਜਮਾਂ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।