- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੂੜੇ ਦੇ ਢੇਰ ਕੋਲੋਂ ਮਿਲਿਆ ਡਰੋਨ, ਜਾਂਚ ’ਚ ਖਿਡੌਣਾ ਨਿਕਲਿਆ

-ਇਲਾਕੇ ’ਚ ਫੈਲੀ ਅਫਵਾਹ ਦੌਰਾਨ ਜਾਂਚ ਉਪਰੰਤ ਪੁਲਿਸ ਨੇ ਕਿਹਾ, ਖ਼ਤਰੇ ਦੀ ਕੋਈ ਗੱਲ ਨਹੀਂ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਸੁਭਾਸ਼ ਨਗਰ ਦੀ ਤਿਕੋਣੀ ਪਾਰਕ ਨੇੜੇ ਸੋਮਵਾਰ ਸਵੇਰੇ ਕੂੜੇ ਦੇ ਢੇਰ ਕੋਲ ਡ੍ਰੋਨ ਪਿਆ ਮਿਲਣ ਤੋਂ ਬਾਅਦ ਇਲਾਕੇ ’ਚ ਹਲਚਲ ਮਚ ਗਈ। ਸਵੇਰੇ ਜਦੋਂ ਲੋਕਾਂ ਦੀ ਨਜ਼ਰ ਕੂੜੇ ਦੇ ਢੇਰ ਕੋਲ ਪਏ ਡਰੋਨ ’ਤੇ ਪਈ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਡ੍ਰੋਨ ਮਿਲਣ ਦੀ ਖ਼ਬਰ ਫੈਲਦੇ ਹੀ ਇਲਾਕੇ ’ਚ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਣ ਲੱਗੀਆਂ ਅਤੇ ਕੁਝ ਸਮੇਂ ਲਈ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ’ਤੇ ਸੁਭਾਸ਼ ਨਗਰ ਚੌਕੀ ਦੇ ਇੰਚਾਰਜ ਗੁਰਦਿਆਲ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਡ੍ਰੋਨ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡ੍ਰੋਨ ਦੀ ਬਾਰੀਕੀ ਨਾਲ ਜਾਂਚ ਕਰਵਾਈ, ਤਾਂ ਜੋ ਇਸ ਦਾ ਸੱਚ ਸਾਹਮਣੇ ਆ ਸਕੇ।
ਪੁਲਿਸ ਦੀ ਜਾਂਚ ਤੋਂ ਬਾਅਦ ਸ਼ਾਮ ਤੱਕ ਸਪਸ਼ਟ ਹੋ ਗਿਆ ਕਿ ਕੂੜੇ ਦੇ ਢੇਰ ਕੋਲੋਂ ਮਿਲਿਆ ਡਰੋਨ ਕੋਈ ਨਿਗਰਾਨੀ ਜਾਂ ਖ਼ਤਰਨਾਕ ਉਪਕਰਨ ਨਹੀਂ, ਸਗੋਂ ਖਿਡੌਣਾ ਡ੍ਰੋਨ ਹੈ। ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਇਲਾਕਾ ਵਾਸੀਆਂ ਨੇ ਵੀ ਰਾਹਤ ਦਾ ਸਾਹ ਲਿਆ। ਸੁਭਾਸ਼ ਨਗਰ ਚੌਕੀ ਦੇ ਇੰਚਾਰਜ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਹੁਣ ਸਪੱਸ਼ਟ ਹੋ ਚੁੱਕਾ ਹੈ ਕਿ ਇਹ ਟੋਆਏ ਡ੍ਰੋਨ ਹੈ ਤੇ ਇਸ ਤੋਂ ਕਿਸੇ ਤਰ੍ਹਾਂ ਦਾ ਖ਼ਤਰਾ ਨਹੀਂ ਹੈ। ਲੋਕਾਂ ਨੂੰ ਇਸ ਸਬੰਧੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਚੌਕੀ ਇੰਚਾਰਜ ਅਨੁਸਾਰ ਜਾਪਦਾ ਇੰਜ ਹੈ ਕਿ ਕਿਸੇ ਬੱਚੇ ਦਾ ਡ੍ਰੋਨ ਇੱਥੇ ਡਿੱਗ ਪਿਆ ਹੋਵੇਗਾ ਅਤੇ ਜਦੋਂ ਅਫਵਾਹਾਂ ਫੈਲੀਆਂ ਤਾਂ ਡਰਦੇ ਮਾਰੇ ਉਹ ਡ੍ਰੋਨ ਚੁੱਕਣ ਨਹੀਂ ਆਇਆ। ਫਿਲਹਾਲ ਪੁਲਿਸ ਵੱਲੋਂ ਇਹ ਪਤਾ ਲਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਖਿਡੌਣਾ ਡ੍ਰੋਨ ਕੂੜੇ ਦੇ ਢੇਰ ਨੇੜੇ ਕਿਵੇਂ ਪੁੱਜਿਆ। ਇਸ ਸਬੰਧੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਸ਼ੁਰੂਆਤੀ ਤੌਰ ’ਤੇ ਡ੍ਰੋਨ ਨੂੰ ਲੈ ਕੇ ਫੈਲੀਆਂ ਅਫਵਾਹਾਂ ’ਤੇ ਜਾਂਚ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ।