ਡਾ.ਵੀਪੀ ਸੇਠੀ ਡਾ.ਐੱਮਐੱਸ ਸਵਾਮੀਨਾਥਨ ਪੁਰਸਕਾਰ ਨਾਲ ਸਨਮਾਨਿਤ
ਡਾ.ਵੀਪੀ ਸੇਠੀ ਡਾ.ਐੱਮਐੱਸ ਸਵਾਮੀਨਾਥਨ ਪੁਰਸਕਾਰ ਨਾਲ ਸਨਮਾਨਿਤ
Publish Date: Tue, 24 Mar 2026 07:13 PM (IST)
Updated Date: Wed, 25 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਮਕੈਨੀਕਲ ਇੰਜਨੀਅਰਿੰਗ ਵਿਭਾਗ ਪੀਏਯੂ ਦੇ ਮੁਖੀ ਅਤੇ ਪ੍ਰੋਫੈਸਰ ਡਾ.ਵੀਪੀ ਸੇਠੀ ਨੂੰ ਉਨ੍ਹਾਂ ਵੱਲੋਂ ਵਿਸ਼ੇ ਨਾਲ ਸੰਬੰਧਿਤ ਯੋਗਦਾਨ ਲਈ ਡਾ.ਐੱਮਐੱਸ ਸਵਾਮੀਨਾਥਨ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਬੀਤੇ ਦਿਨੀਂ ਖੇਤੀਬਾੜੀ, ਬਾਗਬਾਨੀ ਅਤੇ ਸਹਾਇਕ ਖੇਤਰਾਂ ਰਾਹੀਂ ਸਥਿਰ ਹਿਮਾਲਿਅਨ ਵਾਤਾਵਰਨ ਵਿਸ਼ੇ ਤੇ ਹਿਮਾਲਿਆਨ ਫੋਰੈਸਟ ਰਿਸਰਚ ਇੰਸਟੀਚਿਊਟ ਸ਼ਿਮਲਾ ਵਿਖੇ ਕਰਵਾਈ ਗਈ 13ਵੀਂ ਕੌਮਾਂਤਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ। ਸਾਂਝੇ ਤੌਰ ਤੇ ਇਸ ਕਾਨਫਰੰਸ ਨੂੰ ਜੰਗਲਾਤ, ਖੋਜ ਅਤੇ ਵਿੱਦਿਅਕ ਸੰਸਥਾਨ ਅਤੇ ਰਾਸ਼ਟਰੀ ਔਸ਼ਧੀ ਪੌਦਾ ਬੋਰਡ ਵੱਲੋਂ ਆਈਸੀਏਆਰ ਦੇ ਪਲਾਂਟ ਜੈਨੇਟਿਕ ਸਰੋਤਾਂ ਬਾਰੇ ਰਾਸ਼ਟਰੀ ਬਿਊਰੋ ਦੇ ਸਹਿਯੋਗ ਨਾਲ ਕਰਵਾਈ ਗਈ ਸੀ। ਇਸ ਕਾਨਫਰੰਸ ਦੇ ਮੁੱਖ ਮਹਿਮਾਨ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਦੇ ਵਾਈਸ ਚਾਂਸਲਰ ਪ੍ਰੋ. ਮਹਾਂਵੀਰ ਸਨ। ਡਾ. ਸੇਠੀ ਨੂੰ ਖੇਤੀਬਾੜੀ ਨਾਲ ਸੰਬੰਧਿਤ ਧਿਰਾਂ ਤੱਕ ਲੋੜੀਂਦਾ ਗਿਆਨ ਪਹੁੰਚਾਉਣ ਲਈ ਦਿੱਤੇ ਭਰਪੂਰ ਯੋਗਦਾਨ ਬਦਲੇ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ। ਡਾ. ਸੇਠੀ ਨੇ ਵਿਸ਼ੇਸ਼ ਤੌਰ ਤੇ ਗਰੀਨ ਹਾਊਸ ਇੰਜਨੀਅਰਿੰਗ ਲਈ ਸਾਫਟਵੇਅਰ ਕੇਂਦਰਿਤ ਡਿਜ਼ਾਇਨ ਬਾਰੇ ਪੁਸਤਕ ਲਿਖਣ ਦਾ ਵੱਡਮੁੱਲਾ ਕਾਰਜ ਕੀਤਾ ਜੋ 2025 ਵਿਚ ਸੀਆਰਸੀ ਪ੍ਰੈਸ ਅਮਰੀਕਾ ਵੱਲੋਂ ਪ੍ਰਕਾਸ਼ਿਤ ਹੋਈ। ਜ਼ਿਕਰਯੋਗ ਹੈ ਕਿ ਡਾ. ਸੇਠੀ ਦੇ ਨਾਂ ਹੇਠ 100 ਤੋਂ ਵਧੇਰੇ ਖੋਜ ਅਤੇ ਰਿਵਿਊ ਲੇਖ ਕੌਮੀ ਅਤੇ ਕੌਮਾਂਤਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਵੱਖ-ਵੱਖ ਦੇਸ਼ਾਂ ਵਿੱਚ ਹੋਈਆਂ ਕਾਨਫਰੰਸਾਂ ’ਚ ਆਪਣੇ ਪੇਪਰ ਪੇਸ਼ ਕੀਤੇ। ਕੈਨੇਡਾ ਦੀ ਗੁਲੇਫ ਯੂਨੀਵਰਸਿਟੀ ਦੇ ਵਿਜ਼ਟਿੰਗ ਖੋਜ ਅਧਿਆਪਕ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਵੀ ਉਨ੍ਹਾਂ ਨੂੰ ਮਿਲਿਆ। ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਦੇ ਤੌਰ ਤੇ ਉਨ੍ਹਾਂ ਖੇਤੀਬਾੜੀ ਵਿੱਚ ਨਵੀਆਂ ਡਿਜ਼ੀਟਲ ਲੋੜਾਂ ਅਨੁਸਾਰ ਪਾਠਕ੍ਰਮ ਸ਼ਾਮਿਲ ਕਰਵਾਏ ਅਤੇ ਨਾਲ ਹੀ ਸਮਾਰਟ ਖੇਤੀਬਾੜੀ ਬਾਰੇ ਡਿਜ਼ੀਟਲ ਇਨੋਵੇਸ਼ਨਜ਼ ਸਕੂਲ਼ ਸਥਾਪਿਤ ਕਰਨ ਲਈ ਭਰਪੂਰ ਯੋਗਦਾਨ ਪਾਇਆ। ਇਸ ਪ੍ਰਾਪਤੀ ਬਦਲੇ ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਡਾ. ਸੇਠੀ ਨੂੰ ਮੁਬਾਰਕਵਾਦ ਦਿੱਤੀ।