- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਵਾ ਮੁਕਤ ਹੋਏ ਡਾ.ਮਾਨਵ ਇੰਦਰਾ ਸਿੰਘ ਗਿੱਲ ਅਤੇ ਨਿਰਮਲ ਸਿੰਘ ਜੌੜਾ

- ਵੀਸੀ ਡਾ. ਸਤਿਬੀਰ ਸਿੰਘ ਗੋਸਲ ਤੇ ’ਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਗਿੱਲ ਤੇ ਜੌੜਾ ਨੂੰ ਵਿਦਾਇਗੀ ਪਾਰਟੀ ਦਿੱਤੀ
ਫੋਟੋ ਨੰਬਰ-1,2
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਪੀਏਯੂ ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵ ਇੰਦਰਾ ਸਿੰਘ ਗਿੱਲ ਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਨਿਰਮਲ ਸਿੰਘ ਜੌੜਾ ਸੇਵਾ ਮੁਕਤ ਹੋ ਗਏ। ਉਨ੍ਹਾਂ ਦੇ ਸਨਮਾਨ ’ਚ ਵਾਈਸ-ਚਾਂਸਲਰ ਦੇ ਕਮੇਟੀ ਹਾਲ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੋਵਾਂ ਅਧਿਕਾਰੀਆਂ ਦੀ ਅਕਾਦਮਿਕ, ਵਿੱਦਿਅਕ ਤੇ ਪ੍ਰਸ਼ਾਸਨਿਕ ਕੁਸ਼ਲਤਾ ਦੀ ਸ਼ਲਾਘਾ ਕੀਤੀ। ਡਾ. ਮਾਨਵ ਇੰਦਰਾ ਸਿੰਘ ਗਿੱਲ ਦੇ ਯੋਗਦਾਨ ਦੀ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਡਾ. ਗਿੱਲ ਦੇ ਕੰਮ ਨੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਆਕਾਰ ਦਿੱਤਾ ਤੇ ਯੂਨੀਵਰਸਿਟੀ ਦੀ ਵਿਗਿਆਨਕ ਨੀਂਹ ਨੂੰ ਮਜ਼ਬੂਤ ਕੀਤਾ। ਇਸੇ ਤਰ੍ਹਾਂ ਕੈਂਪਸ ਵਿੱਚ ਜੀਵੰਤ ਸੱਭਿਆਚਾਰਕ ਅਤੇ ਖੇਡਾਂ ਦਾ ਮਾਹੌਲ ਉਸਾਰਨ ਲਈ ਡਾ. ਜੌੜਾ ਦੀ ਭੂਮਿਕਾ ਦੀ ਸਾਰਥਕਤਾ ਨੂੰ ਪ੍ਰਮਾਣਿਕ ਕੀਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੀ ਅਕਾਦਮਿਕ ਯਾਤਰਾ ਦੌਰਾਨ ਡਾ. ਮਾਨਵ ਇੰਦਰਾ ਸਿੰਘ ਗਿੱਲ ਦਾ ਸਫ਼ਰ ਵਚਨਬੱਧਤਾ ਅਤੇ ਸਮਰਪਣ ਦੀ ਬੇਮਿਸਾਲ ਉਦਾਹਰਨ ਸੀ। 1992 ਵਿੱਚ ਪੀਏਯੂ ਦਾ ਹਿੱਸਾ ਬਣਨ ਹੋਣ ਤੋਂ ਬਾਅਦ ਉਨ੍ਹਾਂ ਨੇ ਕਈ ਮੁੱਖ ਅਹੁਦਿਆਂ 'ਤੇ ਸੇਵਾ ਨਿਭਾਈ, ਜਿਸ ਵਿੱਚ ਦੋ ਕਾਲਜਾਂ ਦੇ ਡੀਨ, ਖੋਜ ਅਤੇ ਵਿਸਥਾਰ ਦੇ ਵਧੀਕ ਨਿਰਦੇਸ਼ਕ, ਪਮੇਟੀ ਦੇ ਡਾਇਰੈਕਟਰ, ਰਜਿਸਟਰਾਰ, ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਸ਼ਾਮਲ ਸਨ। ਉਨ੍ਹਾਂ ਦੇ ਵਿਗਿਆਨਕ ਯੋਗਦਾਨ ਨੇ ਕਈ ਖੋਜ ਸਿਫ਼ਾਰਸ਼ਾਂ ਦਿੱਤੀਆਂ ਜਦੋਂ ਕਿ ਉਨ੍ਹਾਂ ਦੀ ਸਲਾਹ ਨੇ ਬਹੁਤ ਸਾਰੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਅਗਵਾਈ ਕੀਤੀ, ਨਾਲ ਹੀ ਉਨ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਾਰਜ ਕਰਕੇ ਯੂਨੀਵਰਸਿਟੀ ਦੇ ਅਕਾਦਮਿਕ ਦ੍ਰਿਸ਼ ਨੂੰ ਹੋਰ ਅਮੀਰ ਬਣਾਇਆ। ਇਸੇ ਲੜੀ ਵਿੱਚ ਡਾ. ਨਿਰਮਲ ਜੌੜਾ ਦੀ ਸਿਰਜਣਾਤਮਕਤਾ ਉਨ੍ਹਾਂ ਦੀ ਸਫਲਤਾ ਦੀ ਜ਼ਾਮਨ ਬਣੀ। ਪੰਜਾਬ ਯੂਨੀਵਰਸਿਟੀ ਵਿੱਚ ਇੰਚਾਰਜ ਯੁਵਕ ਸੇਵਾਵਾਂ ਅਤੇ ਬਾਅਦ ਵਿੱਚ ਪੀਏਯੂ ਵਿੱਚ ਡਾਇਰੈਕਟਰ ਵਿਦਿਆਰਥੀ ਭਲਾਈ ਵਜੋਂ ਉਨ੍ਹਾਂ ਦਾ ਕਾਰਜਕਾਲ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵੱਲ ਧਿਆਨ ਕੇਂਦਰਿਤ ਦੀ ਅਦੁੱਤੀ ਕੋਸ਼ਿਸ਼ ਵਜੋਂ ਯਾਦ ਕੀਤਾ ਜਾਵੇਗਾ। ਸਮਾਰੋਹ ਦਾ ਸੰਚਾਲਨ ਸੰਸਥਾਈ ਸਹਿਯੋਗ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਦੁਆਰਾ ਕੀਤਾ ਗਿਆ।
ਯੂਨੀਵਰਸਿਟੀ ਨੇ ਸੋਚ, ਸੂਝ ਤੇ ਕਦਰਾਂ-ਕੀਮਤਾਂ ਨੂੰ ਦਿੱਤੇ ਨਵੇਂ ਆਕਾਸ਼ : ਡਾ. ਗਿੱਲ
ਡਾ. ਮਾਨਵ ਇੰਦਰਾ ਸਿੰਘ ਗਿੱਲ ਨੇ ਯੂਨੀਵਰਸਿਟੀ ਨਾਲ ਆਪਣੇ ਲੰਬੇ ਸਮੇਂ ਦੇ ਸਬੰਧਾਂ ਨੂੰ ਗਿਆਨ ਹਾਸਿਲ ਕਰਨ ਦੀ ਲਮੇਰੀ ਯਾਤਰਾ ਵਜੋਂ ਪ੍ਰਤੀ ਬਿੰਬਤ ਕੀਤਾ ਜਿਸਨੇ ਨਾ ਸਿਰਫ ਉਨਾਂ ਦੇ ਬੌਧਿਕ ਵਿਕਾਸ ਵਿੱਚ ਭੂਮਿਕਾ ਨਿਭਾਈ ਸਗੋਂ ਸੋਚ, ਸੂਝ ਅਤੇ ਕਦਰਾਂ-ਕੀਮਤਾਂ ਨੂੰ ਨਵੇਂ ਆਕਾਸ਼ ਦਿੱਤੇ। ਉਨਾਂ ਪੀਏਯੂ ਦੇ ਸਹਿਯੋਗੀਆਂ ਅਤੇ ਵਿਦਿਆਰਥੀਆਂ ਵੱਲੋਂ ਨਿਰੰਤਰ ਯੋਗਦਾਨ ਲਈ ਉਨਾਂ ਦਾ ਦਿਲੀ ਧੰਨਵਾਦ ਕੀਤਾ।
ਪੀਏਯੂ ’ਚ ਤੈਅ ਹੁੰਦੇ ਨੇ ਸ਼ਖ਼ਸੀਅਤ ਵਿਕਾਸ ਦੇ ਕਈ ਪੜਾਅ : ਡਾ. ਜੌੜਾ
ਨਿਰਦੇਸ਼ਕ ਵਿਦਿਆਰਥੀ ਭਲਾਈ ਨਿਰਮਲ ਸਿੰਘ ਜੌੜਾ ਨੇ ਭਾਵੁਕ ਹੁੰਦੇ ਹੋਏ ਪੀਏਯੂ ਨੂੰ ਇੱਕ ਸੰਸਥਾ ਤੋਂ ਵਧੇਰੇ ਅਜਿਹਾ ਕਾਰਜ ਸਥਲ ਕਿਹਾ ਜਿੱਥੇ ਨਾ ਸਿਰਫ ਵਿੱਦਿਆ ਮਿਲਦੀ ਹੈ ਬਲਕਿ ਮਨੁੱਖੀ ਸ਼ਖਸੀਅਤ ਦੇ ਵਿਕਾਸ ਦੇ ਕਈ ਪੜਾਅ ਤੈਅ ਹੁੰਦੇ ਹਨ। ਉਨ੍ਹਾਂ ਨੇ ਸੰਸਥਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਦੀ ਸੱਭਿਆਚਾਰਕ ਭਾਵਨਾ ਨੂੰ ਸਰਹੱਦਾਂ ਤੋਂ ਪਾਰ ਲਿਜਾਣ ਦੀ ਇਜਾਜ਼ਤ ਦਿੱਤੀ।