- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
’ਅਕਾਲੀਦਲ ਵਾਰਿਸ ਪੰਜਾਬ ਦੇ’ ਜੱਥੇਬੰਦੀ ਦਾ ਲਾਹਣਤੀ ਪੱਥਰ ਡਾ. ਕੰਗ ਨੇ ਲੈਣ ਤੋਂ ਕੀਤਾ ਇਨਕਾਰ

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਪਿਛਲੇ ਦਿਨੀ ਪੰਜਾਬ ਦੇ ਮਾਨਸਾ ਜਿਲੇ੍ਹ ਅੰਦਰ ਨਸ਼ਿਆਂ ਨੂੰ ਨਕੇਲ ਪਾਉਣ ਲਈ ਸਰਗਰਮ ਨੌਜਵਾਨ ਪਰਮਿੰਦਰ ਸਿੰਘ ਝੋਟੇ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਕਤਲ ਕਰ ਦਿੱਤੇ ਜਾਣ ਤੋਂ ਬਾਅਦ ਸੂਬਾ ਸਰਕਾਰ ਖਿਲਾਫ ਵਿਆਪਕ ਰੋਹ ਭੜਕ ਉੱਠਿਆ ਤੇ ਨਸ਼ਿਆਂ ਦਾ ਮੁੱਦਾ ਇਕ ਵਾਰ ਫਿਰ ਅਸਮਾਨੀ ਗੂੰਜ ਉੱਠਿਆ। ਇਹ ਗੂੰਜ ਵਿਦੇਸ਼ੀ ਧਰਤੀ ’ਤੇ ਵੀ ਸੁਣਾਈ ਦਿੱਤੀ। ਐਕਸ਼ਨ ਕਮੇਟੀ ਵੱਲੋਂ ਝੋਟੇ ਦੇ ਕਤਲ ਲਈ ਇਨਸਾਫ ਤੇ ਨਸ਼ਿਆਂ ਦੇ ਮੁੱਦੇ ’ਤੇ ਰੋਸ ਵੱਜੋਂ ਆਪ ਸਰਕਾਰ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਵਿਰੋਧ ਪੱਤਰ ਸੌਂਪਣ ਦਾ ਫੈਸਲਾ ਕੀਤਾ ਗਿਆ ਸੀ। ਜਿਸ ਦੇ ਤਹਿਤ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਰਗਰਮ ਆਗੂ ਹਰਬੀਰ ਸਿੰਘ ਇਆਲੀ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਆਪ ਦੇ ਹਲਕਾ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ ਨੂੰ ਵਿਰੋਧ ਪੱਤਰ ਸੌਂਪਣ ਗਏ। ਇਸ ਮੌਕੇ ਹਰਵੀਰ ਸਿੰਘ ਇਆਲੀ ਨੇ ਦੱਸਿਆ ਕਿ ਉਹ ਡਾ. ਕੰਗ ਨੂੰ ਇਸ ਪੱਤਰ ਰਾਹੀਂ ਇਹ ਦੱਸਣ ਲਈ ਆਏ ਸਨ ਕਿ ਆਪ ਦੀ ਸਰਕਾਰ ਬਣੀ ਨੂੰ ਪੰਜ ਸਾਲ ਦਾ ਸਮਾਂ ਲਗਭਗ ਖਤਮ ਹੋਣ ਦੇ ਨੇੜੇ ਹੈ, ਕੀ ਹੁਣ ਨਸ਼ਾ ਪੰਜਾਬ ਦੀ ਧਰਤੀ ਤੋਂ ਖਤਮ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਆਪ ਸਰਕਾਰ ਸੱਚਮੁੱਚ ਇਸ ਗੰਭੀਰ ਮੁੱਦੇ ’ਤੇ ਸਰਗਰਮ ਹੁੰਦੀ ਤਾਂ ਅੱਜ ਪਰਮਿੰਦਰ ਸਿੰਘ ਝੋਟੇ ਵਰਗੇ ਦਲੇਰ ਨੌਜਵਾਨ ਨੂੰ ਸ਼ਹੀਦੀ ਨਾ ਦੇਣੀ ਪੈਂਦੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਅਰਥੀਆਂ ਇਸ ਭਿਆਨਕ ਚਿੱਟੇ ਨਸ਼ੇ ਦੇ ਮਾਰੂ ਰੋਗ ਨਾਲ ਰੋਜਾਨਾ ਸਿਵਿਆਂ ਵੱਲ ਵਧ ਰਹੀਆਂ ਹਨ ਪਰ ਸਰਕਾਰ ਖਾਮੋਸ਼ ਹੈ। ਕਾਨੂੰਨ ਵਿਵਸਥਾ ਦਾ ਪੂਰੀ ਤਰ੍ਹਾਂ ਜਨਾਜਾ ਨਿਕਲ ਚੁੱਕਿਆ ਹੈ ਤੇ ਭਿ੍ਰਸ਼ਟਾਚਾਰ ਸਿਖਰਾਂ ’ਤੇ ਹੈ। ਹਰਬੀਰ ਇਆਲੀ ਨੇ ਡਾਕਟਰ ਕੰਗ ਨੂੰ ਪੁੱਛਿਆ ਕਿ ਉਹ ਸੌਂਹ ਖਾ ਕੇ ਦੱਸਣ ਕੀ ਪੰਜਾਬ ਨਸ਼ਾ ਮੁਕਤ ਹੋ ਗਿਆ ਹੈ। ਇਸ ਮੌਕੇ ਡਾ. ਕੰਗ ਨੇ ਜੱਥੇਬੰਦੀ ਵੱਲੋਂ ਦਿੱਤਾ ਵਿਰੋਧ ਪੱਤਰ ਲੈਣ ਤੋਂ ਜਦੋਂ ਇਨਕਾਰ ਕੀਤਾ ਤਾਂ ਆਗੂਆਂ ਨੇ ਇਹ ਪੱਤਰ ਗੱਡੀ ਵਿੱਚ ਬੈਠਿਆਂ ਕੰਗ ਦੀ ਬੁੱਕਲ ਵਿੱਚ ਸੁੱਟ ਦਿੱਤਾ, ਜਿਸਨੂੰ ਉਹਨਾਂ ਤੁਰੰਤ ਬਾਹਰ ਵਗਾਹ ਮਾਰਿਆ ’ਤੇ ਮੁੱਲਾਂਪੁਰ ਦੇ ਗੁਰੂ ਘਰ ਵਿਖੇ ਆ ਕੇ ਸਹੁੰ ਖਾਣ ਲਈ ਕਿਹਾ, ਜਿਸ ਤੇ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਧਰਨਾ ਮਾਰ ਦਿੱਤਾ ਤੇ ਜ਼ਬਰਦਸਤ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਬਾਅਦ ’ਚ ਇਹ ਪੱਤਰ ਡੀਐੱਸਪੀ ਲੁਧਿਆਣਾ ਰਾਜੇਸ਼ ਕੁਮਾਰ ਵੱਲੋਂ ਲੈਣ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ।
ਇਸ ਮੌਕੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਜੱਥੇਦਾਰ ਜਗਤਾਰ ਸਿੰਘ ਲਤਾਲਾ, ਗੁਰਮੀਤ ਸਿੰਘ ਬਲੀਪੁਰ, ਸੁਰਿੰਦਰ ਸਿੰਘ ਮਿੱਠੂ, ਲਖਬੀਰ ਸਿੰਘ, ਗੁਰਜੀਤ ਸਿੰਘ ਸੇਖੋਂ, ਜਗਜੀਤ ਸਿੰਘ ਦਾਖਾ, ਜਗਦੀਪ ਸਿੰਘ ਸਵੱਦੀ, ਰਾਮ ਮਾਸਰਾ ਸਿੰਘ ਚੱਕ ਕਲਾ, ਗੋਲਡੀ ਤਲਵੰਡੀ, ਇਕਬਾਲ ਸਿੰਘ ਦਾਖਾ, ਗੁਰਦੀਪ ਸਿੰਘ ਬਾਬਾ, ਨਿਰਮਲ ਸਿੰਘ ਕੈਲਪੁਰ, ਰਣਜੀਤ ਸਿੰਘ ਬੜੈਚ, ਅਜੇ ਪਾਲ ਸਿੰਘ ਹਾਂਸ, ਲਖਵੀਰ ਸਿੰਘ ਦੇਤਵਾਲ, ਧਨਰਾਜ ਸਿੰਘ ਪੰਡੋਰੀ, ਗੁਰਪ੍ਰੀਤ ਬੋਪਾ ਰਾਏ, ਮਾਸਟਰ ਗੁਰਦੀਪ ਸਿੰਘ, ਜਸਪ੍ਰੀਤ ਸਿੰਘ ਜੱਸੂ ਬੱਦੋਵਾਲ, ਸਰਪੰਚ ਬਲਵਿੰਦਰ ਸਿੰਘ ਪਮਾਲ, ਜਸਪ੍ਰੀਤ ਸਿੰਘ ਜੱਸਾ ਜਾਂਗਪੁਰ, ਪੰਚ ਪ੍ਰਦੀਪ ਸਿੰਘ, ਜਗਜੀਤ ਸਿੰਘ, ਬਲਵੀਰ ਚੰਦ ਬੀਰਾ, ਸੱਜਣ ਕੁਮਾਰ ਬਾਂਸਲ, ਕਰਮਜੀਤ ਸਿੰਘ ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।