ਡਾ. ਏਐੱਸ ਅਟਵਾਲ ਯਾਦਗਾਰੀ ਭਾਸ਼ਣ ਕਰਵਾਇਆ
ਡਾ. ਏਐੱਸ ਅਟਵਾਲ ਯਾਦਗਾਰੀ ਭਾਸ਼ਣ ਕਰਵਾਇਆ
Publish Date: Mon, 23 Feb 2026 06:08 PM (IST)
Updated Date: Tue, 24 Feb 2026 04:07 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ,
ਲੁਧਿਆਣਾ : ਪੀਏਯੂ. ਦੇ ਕੀਟ ਵਿਗਿਆਨ ਵਿਭਾਗ ਵਿਖੇ ਖੇਤੀਬਾੜੀ ਦੀਆਂ ਲੋੜਾਂ ਅਤੇ ਵਾਤਾਵਰਨ ਦੀ ਸੰਭਾਲ ਵਿਸ਼ੇ ’ਤੇ ਡਾ. ਏਐੱਸ ਅਟਵਾਲ ਯਾਦਗਾਰੀ ਭਾਸ਼ਣ ਕਰਵਾਇਆ ਗਿਆ। ਇਸ ਵਿੱਚ ਉੱਘੇ ਵਾਤਾਵਰਨ ਵਿਗਿਆਨੀ ਅਤੇ ਜੰਗਲੀ ਜੀਵਨ ਮਾਹਿਰ ਸਰਤਾਜ ਘੁੰਮਣ ਮਹਿਮਾਨ ਵਕਤਾ ਵਜੋਂ ਸ਼ਾਮਿਲ ਹੋਏ। ਭਾਸ਼ਣ ਵਜੋਂ ਸਰਤਾਜ ਘੁੰਮਣ ਨੇ ਵਿਗਿਆਨ ਅਤੇ ਕਲਾ ਨੂੰ ਕੁਦਰਤ ਅਤੇ ਵਾਤਾਵਰਨ ਦੇ ਪ੍ਰਸੰਗ ਵਿਚ ਸੰਜੋਅ ਕੇ ਬਹੁਤ ਭਾਵਪੂਰਤ ਭਾਸ਼ਣ ਦਿੱਤਾ। ਉਨਾਂ ਕੁਦਰਤ ਦੀ ਕਾਸ਼ਤਕਾਰੀ ਸੰਬੰਧੀ ਪੰਛੀਆਂ ਨੂੰ ਠੇਠ ਕਿਸਾਨ ਆਖ ਕੇ ਸ਼ਾਨਦਾਰ ਤਸਵੀਰਾਂ ਅਤੇ ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ। ਇਸ ਦੌਰਾਨ ਉਨਾਂ ਨਾਰਕੋਂਡਮ ਦੀਪ ਵਿਖੇ ਹਾਸਲ ਕੀਤੇ ਤਜਰਬੇ ਤਕਨੀਕੀ ਭਾਸ਼ਾ ਵਿੱਚ ਸਾਂਝੇ ਕਰਦਿਆਂ ਵੱਖ-ਵੱਖ ਜੀਵ ਪ੍ਰਜਾਤੀਆਂ ਦੀਆਂ ਆਦਤਾਂ ਅਤੇ ਵਾਤਾਵਰਨ ਸੰਭਾਲ ਲਈ ਪਾਏ ਜਾਂਦੇ ਕੁਦਰਤੀ ਯੋਗਦਾਨ ਦੀ ਚਰਚਾ ਕੀਤੀ।
ਇਸ ਦੌਰਾਨ ਉਨਾਂ ਮਨੁੱਖ ਵੱਲੋਂ ਕੁਦਰਤ ਉੱਪਰ ਕਬਜ਼ੇ ਨਾਲ ਹੋਣ ਵਾਲੇ ਵਾਤਾਵਰਨ ਦੇ ਨੁਕਸਾਨ ਨੂੰ ਵਿਸਥਾਰ ਨਾਲ ਸਮਝਾਇਆ ਅਤੇ ਪੰਛੀਆਂ ਵੱਲੋਂ ਜੈਵ ਅਤੇ ਵਨਸਪਤੀ ਭਿੰਨਤਾ ਬਰਕਰਾਰ ਰੱਖਣ ਦੇ ਕੁਦਰਤੀ ਚੱਕਰ ਦੀ ਗੱਲ ਕੀਤੀ। ਘੁੰਮਣ ਨੇ ਅੰਤ ਵਿੱਚ ਮਨੁੱਖ ਕੁਦਰਤ ਅਤੇ ਵਿਕਾਸ ਵਿਚਕਾਰ ਸੁਮੇਲ ਬਣਾ ਕੇ ਵਾਤਾਵਰਨ ਦੀ ਸੰਭਾਲ ਸੰਬੰਧੀ ਮੁੱਲਵਾਨ ਨੁਕਤੇ ਪੇਸ਼ ਕੀਤੇ। ਵਿਸ਼ੇਸ਼ ਤੌਰ ਤੇ ਸ਼ੈਸਨ ਵਿੱਚ ਸ਼ਾਮਿਲ ਹੋਏ ਡਾ. ਅਜਮੇਰ ਸਿੰਘ ਢੱਟ ਨੇ ਸਰਤਾਜ ਘੁੰਮਣ ਵੱਲੋਂ ਪੇਸ਼ ਕੀਤੇ ਨੁਕਤਿਆਂ ਦੀ ਤਾਰੀਫ ਕਰਦਿਆਂ ਪੰਜਾਬ ਦੀ ਖੇਤੀਬਾੜੀ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਜੈਵਿਕ ਚੱਕਰ ਦੀ ਬਿਹਤਰੀ ਲਈ ਹੋਰ ਕੰਮ ਕਰਨ ਦਾ ਸੱਦਾ ਦਿੱਤਾ। ਇਸ ਸ਼ੈਸਨ ਦਾ ਸੰਚਾਲਨ ਵਿਭਾਗ ਦੇ ਮੁਖੀ ਡਾ. ਮਨਮੀਤ ਭੁੱਲਰ ਵੱਲੋਂ ਕੀਤਾ ਗਿਆ।