ਦੋਰਾਹਾ ਰੇਲਵੇ ਪੁਲ ਦਾ ਕੰਮ ਮੁੜ ਸ਼ੁਰੂ, ਵਿਕਾਸ ’ਤੇ ਲੱਗੀ ਸਿਆਸੀ ਰੁਕਾਵਟ ਹੋਈ ਦੂਰ
ਦੋਰਾਹਾ ਰੇਲਵੇ ਪੁੱਲ ਦਾ ਕੰਮ ਮੁੜ ਸ਼ੁਰੂ, ਵਿਕਾਸ ’ਤੇ ਲੱਗੀ ਸਿਆਸੀ ਰੁਕਾਵਟ ਹੋਈ ਦੂਰ
Publish Date: Wed, 28 Jan 2026 07:15 PM (IST)
Updated Date: Thu, 29 Jan 2026 04:10 AM (IST)

- ਰੋਪੜ, ਚੰਡੀਗੜ੍ਹ, ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲਿਆਂ ਲਈ ਵੱਡੀ ਰਾਹਤ : ਬਿੱਟੂ ਫੋਟੋ ਨੰਬਰ-18 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ਦੋਰਾਹਾ ਰੇਲਵੇ ਪੁਲ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਹੋਣ ਤੋਂ ਬਾਅਦ ਹੁਣ ਮੁੜ ਸ਼ੁਰੂ ਹੋਣਾ ਇਲਾਕੇ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਇਸ ਪੁੱਲ ਦੇ ਪੂਰਾ ਹੋਣ ਨਾਲ ਰੋਪੜ, ਚੰਡੀਗੜ੍ਹ ਅਤੇ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਰਾਹਤ ਮਿਲੇਗੀ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲਗਭਗ 70 ਕਰੋੜ ਰੁਪਏ ਦੀ ਲਾਗਤ ਨਾਲ ਇਸ ਮਹੱਤਵਪੂਰਨ ਰੇਲਵੇ ਪੁੱਲ ਨੂੰ ਪੂਰਾ ਕੀਤਾ ਜਾਵੇਗਾ। ਬਿੱਟੂ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਇਕ ਪੁੱਲ ਨਹੀਂ, ਸਗੋਂ ਇਲਾਕੇ ਦੇ ਵਿਕਾਸ ਦੀ ਨਵੀਂ ਰਫ਼ਤਾਰ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਧੂਰੀ ਵਿਖੇ 54 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਪੁੱਲ ਦਾ ਕੰਮ ਵੀ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਬਿੱਟੂ ਨੇ ਵਿਰੋਧੀ ਪਾਰਟੀਆਂ ’ਤੇ ਤੰਜ ਕਸਦਿਆਂ ਕਿਹਾ ਕਿ ਇਹ ਖੁਸ਼ੀ ਦਾ ਮੌਕਾ ਹੈ, ਇਸ ਲਈ ਉਹ ਇਹ ਨਹੀਂ ਦੱਸਣਾ ਚਾਹੁੰਦੇ ਕਿ ਇਨ੍ਹਾਂ ਜਨ-ਹਿਤੈਸ਼ੀ ਕੰਮਾਂ ਦੇ ਪਿੱਛੇ ਕਿਹੜੀ ਲੁਕਮੀ ਸਿਆਸਤ ਚੱਲ ਰਹੀ ਸੀ ਅਤੇ ਕਿਵੇਂ ਸਾਲਾਂ ਤੱਕ ਵਿਕਾਸ ਨੂੰ ਰੋਕ ਕੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਿਰਫ਼ ਬਿਆਨਬਾਜ਼ੀ ਕੀਤੀ, ਅੱਜ ਉਹੀ ਵਿਕਾਸ ਦੇ ਨਾਂ ’ਤੇ ਸਵਾਲ ਚੁੱਕ ਰਹੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਹੁਣ ਇਹ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਦੀ ਪ੍ਰਾਥਮਿਕਤਾ ਸਿਆਸਤ ਨਹੀਂ, ਸਗੋਂ ਲੋਕਾਂ ਦੀ ਸੁਵਿਧਾ ਅਤੇ ਇਨਫਰਾਸਟਰਕਚਰ ਦਾ ਵਿਕਾਸ ਹੈ। ਦੋਰਾਹਾ ਤੇ ਧੂਰੀ ਦੇ ਇਹ ਰੇਲਵੇ ਪੁੱਲ ਪੂਰੇ ਹੋਣ ਨਾਲ ਨਾ ਸਿਰਫ਼ ਆਵਾਜਾਈ ਸੁਖਾਲੀ ਹੋਵੇਗੀ, ਸਗੋਂ ਵਪਾਰ ਅਤੇ ਉਦਯੋਗ ਨੂੰ ਵੀ ਵੱਡਾ ਫ਼ਾਇਦਾ ਮਿਲੇਗਾ।