- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਐੱਸਪੀ ਡਾ. ਆਹਲੂਵਾਲੀਆ ਦੋਰਾਹਾ ਥਾਣੇ ਤੇ ਪੁਲਿਸ ਚੌਂਕੀ ਦਾ ਅਚਾਨਕ ਕੀਤਾ ਦੌਰਾ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਪੁਲਿਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ : ਐੱਸਐੱਸਪੀ
ਪੁਲਿਸ ਅਧਿਕਾਰੀਆਂ ਨੂੰ ਚੌਕਸ ਰਹਿਣ, ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਦੀਆਂ ਸਖ਼ਤ ਹਦਾਇਤਾਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਐੱਸਐੱਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਅੱਜ ਦੋਰਾਹਾ ਥਾਣੇ ਅਤੇ ਦੋਰਾਹਾ ਪੁਲਿਸ ਚੌਂਕੀ ਦਾ ਅਚਾਨਕ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਥਾਣੇ ਵਿੱਚ ਮੌਜੂਦ ਪੁਲਿਸ ਸਟਾਫ ਦੀ ਹਾਜ਼ਰੀ, ਡਿਊਟੀ ਰਜਿਸਟਰ, ਮਾਲਖਾਨਾ, ਰਿਕਾਰਡ ਅਤੇ ਸ਼ਿਕਾਇਤ ਰਜਿਸਟਰ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਸਟਾਫ ਨੂੰ ਜ਼ਰੂਰੀ ਹਦਾਇਤਾਂ ਦਿੰਦਿਆਂ ਕਿਹਾ ਕਿ ਹਰ ਸਥਿਤੀ ਲਈ ਪੂਰੀ ਤਰ੍ਹਾਂ ਚੌਕਸ ਅਤੇ ਤਿਆਰ ਰਹਿਣਾ ਬਹੁਤ ਜ਼ਰੂਰੀ ਹੈ। ਐੱਸਐੱਸਪੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਹਰ ਪੱਧਰ ’ਤੇ ਚੌਕਸੀ ਬਰਕਰਾਰ ਰੱਖਣੀ ਲਾਜ਼ਮੀ ਹੈ। ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਪੁਲਿਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਇਸ ਵਿੱਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਦਿੱਤੀ ਕਿ ਸੰਵੇਦਨਸ਼ੀਲ ਖੇਤਰਾਂ ਵਿੱਚ ਨਿਯਮਤ ਪੈਟਰੋਲਿੰਗ ਵਧਾਈ ਜਾਵੇ ਅਤੇ ਸ਼ੱਕੀ ਵਿਅਕਤੀਆਂ ਤੇ ਗਤਿਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ।
ਦੌਰੇ ਦੌਰਾਨ ਐੱਸਐੱਸਪੀ ਨੇ ਥਾਣੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਲਾਕੇ ਦੀ ਅਪਰਾਧ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਅਪਰਾਧ ਰੋਕਥਾਮ ਲਈ ਗ੍ਰਾਊਂਡ ਲੈਵਲ ’ਤੇ ਸਰਗਰਮ ਪੁਲਿਸਿੰਗ ਬਹੁਤ ਅਹਿਮ ਹੈ। ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣ, ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਅਤੇ ਨਿਆਂਪੂਰਕ ਕਾਰਵਾਈ ਯਕੀਨੀ ਬਣਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਐੱਸਐੱਸਪੀ ਆਹਲੂਵਾਲੀਆ ਨੇ ਇਹ ਵੀ ਕਿਹਾ ਕਿ ਪੁਲਿਸ ਨੂੰ ਸਿਰਫ਼ ਕਾਨੂੰਨ ਦੀ ਪਾਲਣਾ ਹੀ ਨਹੀਂ ਕਰਵਾਉਣੀ, ਸਗੋਂ ਲੋਕਾਂ ਦਾ ਭਰੋਸਾ ਵੀ ਜਿੱਤਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਨਾਲ ਸਦਭਾਵਨਾਪੂਰਕ ਵਿਵਹਾਰ, ਸਹਿਯੋਗ ਅਤੇ ਤੁਰੰਤ ਮਦਦ ਪੁਲਿਸ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।
ਖ਼ਾਸ ਕਰ ਕੇ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਵੱਖਰੇ ਤੌਰ ’ਤੇ ਸੰਵੇਦਨਸ਼ੀਲ ਹੋ ਕੇ ਕੰਮ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਟ੍ਰੈਫਿਕ ਪ੍ਰਬੰਧਾਂ, ਰਾਤ ਸਮੇਂ ਗਸ਼ਤ, ਨਾਕਾਬੰਦੀ, ਬੈਂਕਾਂ, ਏਟੀਐਮਾਂ ਅਤੇ ਵਪਾਰਕ ਇਲਾਕਿਆਂ ਦੀ ਸੁਰੱਖਿਆ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਰਾਤ ਸਮੇਂ ਗਸ਼ਤ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਕਿਸੇ ਵੀ ਅਪਰਾਧਿਕ ਘਟਨਾ ਨੂੰ ਅੱਗੇ ਤੋਂ ਹੀ ਰੋਕਿਆ ਜਾ ਸਕੇ। ਇਸ ਤੋਂ ਇਲਾਵਾ, ਸੀ.ਸੀ.ਟੀ.ਵੀ. ਕੈਮਰਿਆਂ ਦੀ ਕਾਰਗੁਜ਼ਾਰੀ ਦੀ ਜਾਂਚ ਕਰਨ ਤੇ ਜਿੱਥੇ ਲੋੜ ਹੋਵੇ, ਉੱਥੇ ਨਵੇਂ ਕੈਮਰੇ ਲਗਾਉਣ ਲਈ ਵੀ ਕਿਹਾ।