ਵਾਰਿਸ ਪੰਜਾਬ ਦੇ ਦੀ ਛਪਾਰ ਰੈਲੀ ਦੀ ਸਫਲਤਾ ’ਤੇ ਇਆਲੀ ਦਾ ਦਬਦਬਾ ‘ਬਰਕਰਾਰ’ ‘ਵਾਰਿਸ ਪੰਜਾਬ ਦੇ ਦੀ ਛਪਾਰ ਰੈਲੀ ਦੀ ਸਫਲਤਾ ’ਤੇ ਇਆਲੀ ਦਾ ਦਬਦਬਾ ‘ਬਰਕਰਾਰ’
Publish Date: Sat, 26 Sep 2026 08:18 PM (IST)
Updated Date: Sun, 27 Sep 2026 04:09 AM (IST)
10 ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਛਪਾਰ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ। -11 ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਛਪਾਰ ਰੈਲੀ ਵਿਚ ਠਾਠਾਂ ਮਾਰਦਾ ਇਕੱਠ। - ਹਲਕਾ ਦਾਖਾ ਦੇ ਛਪਾਰ ਰੈਲੀ ਵਿਚ ਉਮੜਿਆ ਜਨ ਸੈਲਾਬ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਸ਼੍ਰੋਮਣੀ ਅਕਾਲੀ ਦਲ ਤੋਂ ਤੋੜ ਵਿਛੋੜਾ ਕਰਕੇ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਲ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਹਲਕਾ ਦਾਖਾ ’ਚ ਛਪਾਰ ਰੈਲੀ ਦੀ ਸਫਲਤਾ ਨੇ ਉਨ੍ਹਾਂ ਦੀ ਇਲਾਕੇ ’ਚ 23 ਸਾਲਾਂ ਦੀ ਮਜ਼ਬੂਤ ਪਕੜ ਨੂੰ ਫਿਰ ਉਜਾਗਰ ਕੀਤਾ। ਇਸ ਰੈਲੀ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ ਲੀਡਰਸ਼ਿਪ ਨੇ ਸਫਲ ਬਣਾਉਣ ਲਈ ਪਿਛਲੇ ਇੱਕ ਮਹੀਨੇ ਤੋਂ ਦਿਨ ਰਾਤ ਇਕ ਕੀਤੀ। ਅੱਜ ਛਪਾਰ ਰੈਲੀ ਵਿਚ ਵੱਡੇ ਇਕੱਠ ਨੇ ਹਲਕਾ ਦਾਖਾ ਵਿਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਦਬਦਬੇ ਅਤੇ ਮਜ਼ਬੂਤ ਪਕੜ ਨੂੰ ਬਰਕਰਾਰ ਸਾਬਤ ਕੀਤਾ। ਇਸ ਰੈਲੀ ’ਚ ਵੱਡੇ ਇਕੱਠ ਨੇ ਜਿੱਥੇ ਇਆਲੀ ਧੜਾ ਬਾਗੋਬਾਗ ਹੈ, ਉਥੇ ਵਿਰੋਧੀ ਪਰੇਸ਼ਾਨ ਵੀ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਹਲਕਾ ਦਾਖਾ ਦੇ ਛਪਾਰ ਵਿਚ ਇਸ ਕਾਨਫਰੰਸ ਦੀ ਸਫਲਤਾ ਨੇ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦਾਖਾ ਦੀ ਪੰਥਕ ਸੰਗਤ ਸਦਕਾ ਉਨ੍ਹਾਂ ਦੀ ਪਛਾਣ ਹੈ। ਇਥੋਂ ਦੀ ਸੰਗਤ ਨੇ ਤਿੰਨ ਵਾਰ ਵਿਧਾਨ ਸਭਾ ’ਚ ਸ਼ਾਨਦਾਰ ਜਿੱਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਸਾਲ 2012 ਦੀ ਵਿਧਾਨ ਸਭਾ ਜਿੱਤ ਤੋਂ ਬਾਅਦ ਜ਼ਿਮਨੀ ਚੋਣ ’ਚ ਜਿੱਤ ਮਿਲੀ ਅਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਅਕਾਲੀ ਦਲ ਬਾਦਲ ਆਪਣੀਆਂ ਗਲਤੀਆਂ ਕਰਕੇ ਪਛੜ ਗਏ ਦੇ ਬਾਵਜੂਦ ਮਾਲਵੇ ’ਚ ਇਕਲੌਤੀ ਹਲਕਾ ਦਾਖਾ ਦੀ ਸੀਟ ਲੋਕਾਂ ਨੇ ਉਨ੍ਹਾਂ ਦੀ ਝੋਲੀ ਵਿਚ ਪਾਉਂਦਿਆਂ ਆਪਣਾ ਨੂੰਹ-ਮਾਸ ਦਾ ਰਿਸ਼ਤਾ ਜਗ ਜਾਹਰ ਕੀਤਾ। ਉਨ੍ਹਾ ਕਿਹਾ ਕਿ ਅੱਜ ਉਨ੍ਹਾਂ ਨੂੰ ਪੰਡਣ ਵਾਲੇ ਯਾਦ ਕਰਨ ਕਿ ਵਿਧਾਨ ਸਭਾ ਚੋਣਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹਾਲ ਹੀ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੁੱਲਾਂਪੁਰ ਦਾਖਾ ਦੀਆਂ ਚੋਣਾਂ ਵਿਚ ਉਨ੍ਹਾਂ ਦੀ ਸ਼ਾਨਦਾਰ ਜਿੱਤ ਇਥੋਂ ਦੇ ਲੋਕਾਂ ਦਾ ਉਨ੍ਹਾਂ ਦੇ ਨਾਲ ਹੋਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਪੰਥ ਦਾ ਗੜ੍ਹ ਹੈ, ਜਿਨ੍ਹਾ ਚਿਰ ਅਕਾਲੀ ਦਲ ਬਾਦਲ ਸਿਧਾਤਾਂ ਤੇ ਰਿਹਾ, ਇਸ ਹਲਕੇ ਨੇ ਸਾਥ ਦਿੱਤਾ। ਇਹ ਸਾਥ 2003 ਤੋਂ ਲਗਾਤਾਰ ਚੱਲਦਾ ਆ ਰਿਹਾ ਹੈ। 5 ਵਿਧਾਨ ਸਭਾ ਚੋਣਾਂ ਹੋਈਆਂ, ਜਿਨ੍ਹਾਂ ਵਿਚ ਕਾਂਗਰਸ ਇੱਕ ਵਾਰ ਵੀ ਨਾ ਜਿੱਤੀ। ਜਿਸ ਤੋਂ ਸਾਫ਼ ਹੈ ਕਿ ਇਸ ਹਲਕੇ ਵਿਚ ਕਾਂਗਰਸ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਗੱਲ ਕਰਦਿਆਂ ਕਿਹਾ ਕਿ ਇਹ ਪਾਰਟੀ ਕੁਝ ਸਮਾਂ ਪਹਿਲਾਂ ਹੀ ਹੋਂਦ ਵਿਚ ਆਈ, ਜਿਸ ਦਾ ਮੁੱਢ ਦੀਪ ਸਿੱਧੂ ਨੇ ਰੱਖਿਆ। ਉਹ ਵਿਛੋੜਾ ਦੇ ਗਏ ਜਿਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਇਸ ਦੀ ਕਮਾਂਡ ਸੰਭਾਲੀ ਅਤੇ ਸਿੱਖਾਂ ਨੂੰ ਇੱਕਮੰਚ ’ਤੇ ਇਕੱਠਾ ਕਰਦਿਆਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਦਿਆਂ ਅੰਮ੍ਰਿਤਪਾਨ ਕਰਵਾਇਆ। ਦਿਨੋਂ-ਦਿਨ ਪਾਰਟੀ ਮਜ਼ਬੂਤ ਹੁੰਦੀ ਗਈ, ਜਿਸ ਸਦਕਾ ਚੰਗੀ ਸੋਚ, ਚੰਗੇ ਕਿਰਦਾਰ ਵਾਲੀਆਂ ਸ਼ਖਸੀਅਤਾਂ ਇਸ ਪਾਰਟੀ ਦਾ ਹਿੱਸਾ ਬਨਣ ਲੱਗੀਆਂ। ਉਨ੍ਹਾਂ ਐਲਾਨ ਕੀਤਾ ਕਿ ਕੁਝ ਸਮੇਂ ਵਿਚ ਹੀ ਹਿੰਦੂ ਭਾਈਚਾਰੇ ਦੇ ਅਹਿਮ ਚਿਹਰੇ ਇਸ ਪਾਰਟੀ ਦੇ ਨਾਲ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਜਲਦੀ ਹੀ ਆਪਣਾ ਏਜੰਡਾ ਅਤੇ ਆਪਣਾ ਵੀਜਨ ਲੈ ਕੇ ਲੋਕਾਂ ਵਿਚ ਆ ਰਹੀ ਹੈ। ਇਸ ਤੋਂ ਪਹਿਲਾਂ ਹਰ ਖੇਤਰ ਦੀਆਂ ਕਾਬਲ ਸ਼ਖਸੀਅਤਾਂ ਨੂੰ ਨਾਲ ਜੋੜ ਕੇ ਹਰ ਵਰਗ ਦੀਆਂ ਮੁਸ਼ਕਲਾਂ, ਹੱਲ ਤੇ ਸੁਝਾਅ ਵੀ ਇਸ ਏਜੰਡੇ ਵਿਚ ਸ਼ਾਮਲ ਕੀਤੇ ਜਾਣਗੇ।