ਮੰਗਾਂ ਨੂੰ ਲੈ ਕੇ ਐਕਸ਼ਨ ’ਚ ਆਮ ਆਦਮੀ ਕਲੀਨਿਕ ਦਾ ਸਟਾਫ, ਡਾਕਟਰਾਂ ਤੇ ਪੈਰਾ-ਮੈਡੀਕਲ ਸਟਾਫ ਵੱਲੋਂ 27 ਨੂੰ ਮੁਕੰਮਲ ਬੰਦ ਦਾ ਐਲਾਨ
ਆਗੂਆਂ ਨੇ ਦੱਸਿਆ ਕਿ 27 ਜੁਲਾਈ ਦੀ ਹੜਤਾਲ ਦੌਰਾਨ ਪੰਜਾਬ ਸਰਕਾਰ/ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜਥੇਬੰਦੀ ਦੇ ਆਗੂਆਂ ਨਾਲ ਹੋਈ ਮੀਟਿੰਗ ਦੌਰਾਨ ਸਰਕਾਰ ਵੱਲੋਂ ਭਰੋਸਾ ਦਿਵਾਇਆ ਸੀ ਕਿ ਸਿਹਤ ਕਾਮਿਆਂ ਦੇ ਇਨਸੈਂਟਿਵ ’ਚ ਯੋਗ ਵਾਧਾ ਕੀਤਾ ਜਾਵੇਗਾ, ਕੈਜ਼ੂਅਲ ਲੀਵ ਦੇ ਨਾਲ ਮੈਡੀਕਲ ਲੀਵ ਦੀ ਸਹੂਲਤ ਦਿੱਤੀ ਜਾਵੇਗੀ, ਕਾਮਿਆਂ ਨੂੰ ਨੌਕਰੀ ਦੀ ਸੁਰੱਖਿਆ ਦਿੱਤੀ ਜਾਵੇਗੀ ਤੇ ਮੌਜੂਦਾ ਐਂਪੈਨਲਮੈਂਟ ਪ੍ਰਣਾਲੀ ਨੂੰ ਖਤਮ ਕਰਕੇ ਕਰਮਚਾਰੀਆਂ ਨੂੰ ਨਿਰਦੇਸ਼ਕ ਸਿਹਤ ਵਿਭਾਗ ਅਧੀਨ ਠੇਕੇ 'ਤੇ ਲਿਆਂਦਾ ਜਾਵੇਗਾ ।
Publish Date: Sat, 22 Aug 2026 11:39 AM (IST)
Updated Date: Sat, 22 Aug 2026 11:43 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ। ਆਮ ਆਦਮੀ ਕਲੀਨਕਾਂ ’ਚ ਸੇਵਾਵਾਂ ਨਿਭਾਅ ਰਹੇ ਸਿਹਤ ਕਾਮਿਆਂ ਵੱਲੋਂ ਮੰਗਾਂ ਨੂੰ ਲੈ ਕੇ ਮੁੜ ਕਲੀਨਿਕ ਬੰਦ ਕਰਨ ਦਾ ਐਲਾਨ ਕੀਤਾ ਹੈ। ਸਾਂਝਾ ਫਰੰਟ ਆਮ ਆਦਮੀ ਕਲੀਨਿਕ ਪੰਜਾਬ ਦੀ ਅਹਿਮ ਮੀਟਿੰਗ ਹੋਈ, ਜਿਸ ’ਚ ਪਿਛਲੇ ਮਹੀਨੇ 27 ਜੁਲਾਈ ਨੂੰ ਕੀਤੀ ਗਈ ਹੜਤਾਲ ਉਪਰੰਤ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਮੰਨੀਆਂ ਮੰਗਾਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ।
ਆਗੂਆਂ ਨੇ ਦੱਸਿਆ ਕਿ 27 ਜੁਲਾਈ ਦੀ ਹੜਤਾਲ ਦੌਰਾਨ ਪੰਜਾਬ ਸਰਕਾਰ/ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜਥੇਬੰਦੀ ਦੇ ਆਗੂਆਂ ਨਾਲ ਹੋਈ ਮੀਟਿੰਗ ਦੌਰਾਨ ਸਰਕਾਰ ਵੱਲੋਂ ਭਰੋਸਾ ਦਿਵਾਇਆ ਸੀ ਕਿ ਸਿਹਤ ਕਾਮਿਆਂ ਦੇ ਇਨਸੈਂਟਿਵ ’ਚ ਯੋਗ ਵਾਧਾ ਕੀਤਾ ਜਾਵੇਗਾ, ਕੈਜ਼ੂਅਲ ਲੀਵ ਦੇ ਨਾਲ ਮੈਡੀਕਲ ਲੀਵ ਦੀ ਸਹੂਲਤ ਦਿੱਤੀ ਜਾਵੇਗੀ, ਕਾਮਿਆਂ ਨੂੰ ਨੌਕਰੀ ਦੀ ਸੁਰੱਖਿਆ ਦਿੱਤੀ ਜਾਵੇਗੀ ਤੇ ਮੌਜੂਦਾ ਐਂਪੈਨਲਮੈਂਟ ਪ੍ਰਣਾਲੀ ਨੂੰ ਖਤਮ ਕਰਕੇ ਕਰਮਚਾਰੀਆਂ ਨੂੰ ਨਿਰਦੇਸ਼ਕ ਸਿਹਤ ਵਿਭਾਗ ਅਧੀਨ ਠੇਕੇ 'ਤੇ ਲਿਆਂਦਾ ਜਾਵੇਗਾ ।
ਆਗੂਆਂ ਨੇ ਦੱਸਿਆ ਕਿ ਉਕਤ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਵੱਲੋਂ 15 ਦਿਨਾਂ ਦਾ ਸਮਾਂ ਮੰਗਿਆ ਸੀ, ਪਰ ਹੁਣ ਇਕ ਮਹੀਨਾ ਬੀਤਣ ਦੇ ਕਰੀਬ ਹੈ ਪਰ ਅਜੇ ਤੱਕ ਇਨ੍ਹਾਂ ਵਿੱਚੋਂ ਕੋਈ ਵੀ ਮੰਗ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਕੀਤੀ ਗਈ। ਵਿਭਾਗ ਵੱਲੋਂ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਨ੍ਹਾਂ ਮੰਗਾਂ ਨਾਲ ਸਬੰਧਤ ਫਾਈਲ ਇਸ ਸਮੇਂ ਕਿਸ ਪੱਧਰ 'ਤੇ ਪ੍ਰਕਿਰਿਆ ਅਧੀਨ ਹੈ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਹੋਰ ਕਿੰਨਾ ਸਮਾਂ ਲੱਗੇਗਾ।
ਸਾਂਝਾ ਫਰੰਟ ਨੇ ਸਰਕਾਰ ਤੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਪਹਿਲਾਂ ਹੋਈ ਸਹਿਮਤੀ ਅਨੁਸਾਰ ਇਨ੍ਹਾਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਕਰਮਚਾਰੀਆਂ ਨੂੰ ਸਪੱਸ਼ਟ ਦੱਸਿਆ ਜਾਵੇ, ਜੇਕਰ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਤਾਂ 25 ਅਗਸਤ ਨੂੰ ਆਮ ਆਦਮੀ ਕਲੀਨਕਾਂ ਦੀਆਂ ਓਪੀਡੀਜ਼ ਸੇਵਾਵਾਂ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਅਣਮਿੱਥੇ ਸਮੇਂ ਲਈ ਬੰਦ ਕਰ ਦੇਣਗੇ।
ਇਸ ਮੌਕੇ ਫਰੰਟ ਨੇ ਐਲਾਨ ਕੀਤਾ ਕਿ 27 ਅਗਸਤ ਕਮਿਊਨਿਟੀ ਹੈਲਥ ਅਫ਼ਸਰ ਯੂਨੀਅਨ, ਆਊਟਸੋਰਸਿੰਗ ਯੂਨੀਅਨ, ਫਾਰਮਾਸਿਸਟ ਐਸੋਸੀਏਸ਼ਨ ਤੇ ਹੋਰ ਰੈਗੂਲਰ ਯੂਨੀਅਨਾਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਦੀ ਸਾਂਝਾ ਫਰੰਟ ਆਮ ਆਦਮੀ ਕਲੀਨਿਕ ਪੰਜਾਬ ਵੱਲੋਂ ਪੂਰੀ ਹਮਾਇਤ ਕੀਤੀ ਜਾਵੇਗੀ।