ਅੱਜ ਸਨਅਤਕਾਰਾਂ ਦੇ ਰੋਸ ਮੁਜ਼ਾਹਰੇ ’ਚ ਦੀਵਾਨ ਵੱਲੋਂ ਹਮਾਇਤ ਦੀਵਾਨ ਨੇ ਉਦਯੋਗਪਤੀਆਂ ਦੇ 8 ਸਤੰਬਰ ਦੇ ਰੋਸ ਪ੍ਰਦਰਸ਼ਨ ਦਾ ਕੀਤਾ ਸਮਰਥਨ
Publish Date: Mon, 07 Sep 2026 06:58 PM (IST)
Updated Date: Tue, 08 Sep 2026 04:05 AM (IST)
ਫ਼ੋਟੋ ਨੰਬਰ-26 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਮੌਜੂਦਾ ਬਿਜਲੀ ਸੰਕਟ ਦੇ ਵਿਰੋਧ ਵਿੱਚ ਉਦਯੋਗਿਕ ਸੰਸਥਾਵਾਂ ਵੱਲੋਂ 8 ਸਤੰਬਰ ਨੂੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਨਅਤੀ ਭਾਈਚਾਰੇ ਦੀਆਂ ਸਮੱਸਿਆਵਾਂ ’ਤੇ ਪੰਜਾਬ ਸਰਕਾਰ ਅਤੇ ਪੀਐੱਸਪੀਸੀਐੱਲ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਦੀਵਾਨ ਨੇ ਕਿਹਾ ਕਿ ਕਨਸੋਰਟੀਅਮ ਆਫ਼ ਟ੍ਰੇਡ ਐਂਡ ਇੰਡਸਟਰੀ ਦੀ ਅਗਵਾਈ ਹੇਠ ਕਰੀਬ 30 ਸਨਅਤੀ ਤੇ ਵਪਾਰਕ ਜਥੇਬੰਦੀਆਂ ਵੱਲੋਂ ਲਗਾਤਾਰ ਹੋ ਰਹੇ ਬਿਜਲੀ ਕੱਟਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਸ਼ਾਮ ਸਮੇਂ ਹੋਣ ਵਾਲੀਆਂ ਬਿਜਲੀ ਰੁਕਾਵਟਾਂ ਕਾਰਨ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ, ਮਸ਼ੀਨਰੀ ਦਾ ਕੰਮਕਾਜ ਵਿਗੜ ਰਿਹਾ ਹੈ ਅਤੇ ਉਤਪਾਦਨ ਲਾਗਤਾਂ ਵਧ ਰਹੀਆਂ ਹਨ। ਦੀਵਾਨ ਨੇ ਕਿਹਾ ਕਿ ਲੁਧਿਆਣਾ ਦਾ ਸਨਅਤੀ ਖੇਤਰ ਸ਼ਹਿਰ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਵੱਡੀ ਗਿਣਤੀ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਰੋਸੇਮੰਦ ਬਿਜਲੀ ਸਪਲਾਈ ਤੋਂ ਬਿਨਾਂ ਉਤਪਾਦਨ, ਨਿਵੇਸ਼ ਅਤੇ ਰੁਜ਼ਗਾਰ ਪ੍ਰਭਾਵਿਤ ਹੋਣਗੇ। ਉਨ੍ਹਾਂ ਸਰਕਾਰ ਤੋਂ ਸਨਅਤੀ ਨੁਮਾਇੰਦਿਆਂ ਨਾਲ ਤੁਰੰਤ ਗੱਲਬਾਤ ਕਰਕੇ ਸਮਾਂਬੱਧ ਹੱਲ ਕੱਢਣ ਦੀ ਮੰਗ ਕੀਤੀ। ਦੀਵਾਨ ਨੇ ਕਿਹਾ ਕਿ ਕਾਂਗਰਸ ਸਨਅਤ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ।