ਸੜਕਾਂ ਧੱਸਣ ਦੇ ਮਾਮਲੇ ’ਚ ਦੀਵਾਨ ਨੇ ਨਗਰ ਨਿਗਮ ਨੂੰ ਘੇਰਿਆ ਸੜਕਾਂ ਧੱਸਣ ਦੇ ਮਾਮਲੇ ’ਚ ਦੀਵਾਨ ਨੇ ਨਗਰ ਨਿਗਮ ਨੂੰ ਘੇਰਿਆ
Publish Date: Sat, 08 Aug 2026 06:59 PM (IST)
Updated Date: Sun, 09 Aug 2026 04:05 AM (IST)
- ਨਗਰ ਨਿਗਮ ਦੀ ਨਾਕਾਮੀ ਕਰ ਕੇ ਲੋਕਾਂ ਦੀ ਜ਼ਿੰਦਗੀ ਖ਼ਤਰੇ ’ਚ : ਦੀਵਾਨ ਫ਼ੋਟੋ ਨੰਬਰ-31 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਉਦਯੋਗਿਕ ਸ਼ਹਿਰ ’ਚ ਸੜਕਾਂ ਧੱਸਣ ਦੀਆਂ ਘਟਨਾਵਾਂ ਹੁਣ ਆਏ ਦਿਨ ਹੋਣ ਵਾਲੀ ਡਰਾਉਣੀ ਰੂਟੀਨ ਬਣ ਗਈ ਹੈ। ਹੋਰ ਤਾਂ ਹੋਰ ਇਹ ਸਥਿਤੀ ਹੋਰ ਵੀ ਚਿੰਤਾਜਨਕ ਹੈ ਕਿ ਇਹ ਸੰਕਟ ਹੁਣ ਸਿਰਫ਼ ਜਾਇਦਾਦ ਦੇ ਨੁਕਸਾਨ ਤੇ ਰਾਹਗੀਰਾਂ ਦੀ ਪ੍ਰੇਸ਼ਾਨੀ ਤੱਕ ਸੀਮਿਤ ਨਹੀਂ ਰਿਹਾ ਹੈ, ਸਗੋਂ ਸ਼ਹਿਰ ਵਾਸੀਆਂ ਦੀਆਂ ਜਾਨਾਂ ਵੀ ਖ਼ਤਰੇ ’ਚ ਪੈ ਗਈਆਂ ਹਨ। ਇਹ ਪ੍ਰਗਟਾਵਾ ਕੀਚਲੂ ਨਗਰ ਵਿਖੇ ਸੜਕ ਧੱਸਣ ਦਾ ਜਾਇਜ਼ਾ ਲੈਣ ਸਮੇਂ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕੀਤਾ। ਦੀਵਾਨ ਨੇ ਕਿਹਾ ਕਿ ਸੱਗੂ ਚੌਕ ਨੇੜੇ ਸੜਕ ਧੱਸਣ ਦੀ ਤਾਜ਼ਾ ਘਟਨਾ ਵਿੱਚ ਰਿਹਾਇਸ਼ੀ ਇਮਾਰਤਾਂ ਬਾਲ-ਬਾਲ ਬਚੀਆਂ ਹਨ। ਉਨ੍ਹਾਂ ਕਿਹਾ ਕਿ ਸੱਗੂ ਚੌਕ ਨੇੜੇ ਕਿਚਲੂ ਨਗਰ ਦੀ ਲਾਇਨਜ਼ ਭਵਨ ਰੋਡ ’ਤੇ ਹੋਇਆ ਵੱਡਾ ਸੜਕ ਧੱਸਣ ਦਾ ਹਾਦਸਾ ਨਗਰ ਨਿਗਮ ਦੀ ਨਾਕਾਮੀ ਦਾ ਸਭ ਤੋਂ ਸਪੱਸ਼ਟ ਪ੍ਰਤੀਕ ਬਣ ਗਿਆ ਹੈ। ਸੜਕ ਦਾ ਧੱਸਣਾ ਇੰਨਾ ਵੱਡਾ ਹਾਦਸਾ ਸੀ ਕਿ ਨੇੜਲੇ ਰਿਹਾਇਸ਼ੀ ਮਕਾਨ ਵੀ ਢਹਿ ਸਕਦੇ ਸਨ ਅਤੇ ਉੱਥੇ ਰਹਿਣ ਵਾਲੇ ਲੋਕਾਂ ਦੀਆਂ ਜਾਨਾਂ ਨੂੰ ਸਿੱਧਾ ਖ਼ਤਰਾ ਪੈਦਾ ਹੋ ਗਿਆ ਸੀ। ਉਨ੍ਹਾਂ ਨੂੰ ਇਹ ਸੋਚ ਕੇ ਵੀ ਡਰ ਲੱਗ ਰਿਹਾ ਹੈ ਕਿ ਉਹ ਆਪਣੀ ਜਾਨ ਅਤੇ ਜਾਇਦਾਦ ਦੋਵੇਂ ਗੁਆ ਸਕਦੇ ਸਨ। ਉਨ੍ਹਾਂ ਲੁਧਿਆਣਾ ਨਗਰ ਨਿਗਮ ’ਤੇ ਵਰ੍ਹਦਿਆਂ ਕਿਹਾ ਕਿ ਨਗਰ ਨਿਗਮ ਨਾ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਫ਼ਲ ਰਿਹਾ ਹੈ ਅਤੇ ਨਾ ਹੀ ਮੁਰੰਮਤ ਦੇ ਕੰਮ ਨੂੰ ਢੰਗ ਨਾਲ ਕਰਵਾਉਣ ’ਚ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਦੀਵਾਨ ਨੇ ਜ਼ੋਰ ਦਿੰਦਿਆਂ, ਕਿਹਾ ਕਿ ਖ਼ਰਾਬ ਹੋਏ ਸੀਵਰੇਜ ਨੂੰ ਬਹਾਲ ਕਰਨ, ਮੈਨਹੋਲ ਨੂੰ ਮੁੜ ਬਣਾਉਣ ਅਤੇ ਸੜਕ ਨੂੰ ਆਵਾਜਾਈ ਲਈ ਖੋਲ੍ਹਣ ’ਚ 10 ਤੋਂ 15 ਦਿਨ ਲੱਗ ਸਕਦੇ ਹਨ। ਇਸ ਕਾਰਨ ਸ਼ਹਿਰ ’ਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਇਸ ਮੌਕੇ ਸੁਸ਼ੀਲ ਮਲਹੋਤਰਾ, ਇੰਦਰਜੀਤ ਕਪੂਰ, ਨਵੀਸ ਵਾਸਨ, ਕਮਲ ਸਿੰਘਾਨੀਆ, ਰਾਘਵ ਸਿੰਘਾਨੀਆ ਤੇ ਕਪਿਲ ਖਰਬੰਦਾ ਵੀ ਮੌਜੂਦ ਸਨ।