ਨਗਰ ਕੌਂਸਲ ਤੋਂ ਨਾਰਾਜ ਪ੍ਰਧਾਨ ਨੇ ਹੀ ਕੌਂਸਲਰਾਂ ਸਮੇਤ ਦਿੱਤਾ ਧਰਨਾ ਨਗਰ ਕੌਂਸਲ ਤੋਂ ਨਾਰਾਜ ਪ੍ਰਧਾਨ ਨੇ ਹੀ ਕੌਂਸਲਰਾਂ ਸਮੇਤ ਦਿੱਤਾ ਧਰਨਾ
Publish Date: Tue, 18 Aug 2026 08:48 PM (IST)
Updated Date: Wed, 19 Aug 2026 04:06 AM (IST)
ਆਪਸੀ ਧੜੇਬੰਦੀ ਕਾਰਨ ਨਹੀਂ ਹੋ ਰਹੀਆਂ ਮੀਟਿੰਗਾਂ : ਈਓ ਹੈਪੀ ਜਿੰਦਲ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਮੁੱਲਾਂਪੁਰ ਨਗਰ ਕੌਂਸਲ ’ਤੇ ਕਾਬਜ ਕਾਂਗਰਸ ਪਾਰਟੀ ਨਾਲ ਸਬੰਧਤ ਪ੍ਰਧਾਨ ਅਤੇ ਕੌਂਸਲਰਾਂ ਅਫਸਰਸ਼ਾਹੀ ਦੀ ਮਨਮਰਜ਼ੀ ਤੋਂ ਖਫ਼ਾ ਹੁੰਦਿਆਂ ਧਰਨਾ ਦਿੱਤਾ। ਹਾਲਾਂਕਿ ਉਨ੍ਹਾਂ ਦੇ ਇਸ ਧਰਨੇ ਨੂੰ ਕਾਰਜ ਸਾਧਕ ਅਫਸਰ ਨੇ ਨਕਾਰਦਿਆਂ ਇਸ ਸਥਿਤੀ ਲਈ ਕੌਂਸਲਰਾਂ ਦੀ ਹੀ ਆਪਸੀ ਖਿੱਚੋਤਾਣ ਨੂੰ ਜਿੰਮੇਵਾਰ ਠਹਿਰਾਇਆ। ਮੰਗਲਵਾਰ ਨੂੰ ਨਗਰ ਕੌਂਸਲ ਦੇ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਸਮੇਤ ਕੌਂਸਲਰਾਂ ਨੇ ਧਰਨਾ ਦਿੰਦਿਆ ਦੋਸ਼ ਲਗਾਏ ਕਿ ਉਨ੍ਹਾਂ ਦੇ ਸ਼ਹਿਰ ਦੀ ਬੇਹਤਰੀ ਲਈ ਕੋਈ ਵੀ ਕੰਮ ਅਫਸਰਸ਼ਾਹੀ ਵੱਲੋਂ ਮੁਕੰਮਲ ਨਹੀ ਕੀਤਾ ਜਾਂਦਾ। ਇਸ ਕਾਰਨ ਵਿਕਾਸ ਕਾਰਜ ਨਾ ਹੋਣ, ਸਫਾਈ ਵਿਵਸਥਾ ਵਿਗੜਣ, ਸਟਰੀਟ ਲਾਈਟਾਂ ਦੇ ਮੰਦੜੇ ਹਾਲਾਤਾਂ ਸਮੇਤ ਹੋਰਾਂ ਕੰਮਾਂ ਤੋਂ ਅੱਕੇ ਲੋਕ ਡਾਹਢੇ ਪਰੇਸ਼ਾਨ ਹਨ। ਇਸ ਮੌਕੇ ਕੌਂਸਲਰ ਤੇਲੂ ਰਾਮ ਬਾਂਸਲ, ਅਮਨਦੀਪ ਸਿੰਘ ਮੁੱਲਾਂਪੁਰ, ਤਰਸੇਮ ਕੌਰ ਮਾਨ, ਬਿਮਲਾ ਦੇਵੀ ਜਿੰਦਲ, ਸੁਰਿੰਦਰਪਾਲ ਕੌਰ, ਇੰਦਰਪਾਲ ਸਿੰਘ ਤੇ ਸੁਭਾਸ਼ ਕੁਮਾਰ ਨਾਗਰ ਨੇ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਕੌਂਸਲਰ ਦੇ ਕੰਮ ਨਹੀਂ ਹੋ ਰਹੇ ਤੇ ਵਾਰਡ ਵਾਸੀ ਨਗਰ ਕੌਂਸਲ ਦੀ ਕਾਰਜਕਾਰੀ ਤੋਂ ਸਤੁੰਸ਼ਟ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਜਨਤਾ ਦੇ ਸਵਾਲਾਂ ਦੇ ਜਵਾਬ ਦੇਣੇ ਮੁਸ਼ਕਿਲ ਬਣੇ ਹੋਏ ਹਨ। ਕੌਂਸਲਰਾਂ ਤੋਂ ਇਲਾਵਾ ਧਰਨੇ ਵਿਚ ਪੁੱਜੇ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ, ਰੁਪਿੰਦਰ ਸਿੰਘ ਰੂਬੀ ਬੱਲੋਵਾਲ, ਮਨਪ੍ਰੀਤ ਸਿੰਘ ਈਸੇਵਾਲ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਕੇ.ਡੀ, ਪਰਵਿੰਦਰ ਸਿੰਘ, ਪਿੰਕੂ ਜਿੰਦਲ, ਮਹਿੰਦਪਾਲ ਸਿੰਘ ਲਾਲੀ, ਈਸ਼ਾਨ ਸਿੰਗਲਾ, ਸਰੂਪ ਸਿੰਘ ਆਦਿ ਨੇ ਵੀ ਨਗਰ ਕੌਂਸਲ ਦੀ ਕਾਰਗੁਜਾਰੀ ਖ਼ਿਲਾਫ਼ ਵਿਰੋਧ ਜਤਾਇਆ। ਇਸੇ ਵਿਰੋਧ ਵਿਚ ਸੱਤਾਧਿਰ ਦੇ ਮਹਿਲਾ ਕੌਂਸਲਰ ਦੇ ਪਤੀ ਮੁਕੇਸ਼ ਕਮਾਰ ਬਾਂਸਲ ਨੇ ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਦੇ ਬੋਲਬਾਲੇ ਦੀ ਦੁਹਾਈ ਦਿੰਦਿਆਂ ਕਿਹਾ ਕਿ ਇੱਥੇ ਕੋਈ ਵੀ ਕੰਮ ਬਿਨ੍ਹਾਂ ਪੈਸੇ ਤੋਂ ਨਹੀਂ ਹੁੰਦਾ। ਅੱਜ ਦੇ ਧਰਨੇ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਹੈਪੀ ਕੁਮਾਰ ਜਿੰਦਲ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਪਿਛਲੇ ਅੱਠ ਮਹੀਨਿਆਂ ਤੋਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕੀਤਾ। ਉਨ੍ਹਾਂ ਨੇ ਮੀਟਿੰਗ ਨਾ ਹੋਣ ਤੇ ਝਗੜੇ ਦਾ ਕਾਰਨ ਕਾਂਗਰਸੀ ਕੌਂਸਲਰਾਂ ਦੀ ਆਪਸੀ ਖਿੱਚੋਤਾਣ ਦੱਸਿਆ। ਉਨ੍ਹਾਂ ਕਿਹਾ ਕਿ 28 ਨਵੰਬਰ, 2025 ਨੂੰ ਉਨ੍ਹਾਂ ਦੀ ਮੌਜੂਦਗੀ ਵਿੱਚ ਹੋਈ ਪਹਿਲੀ ਹੀ ਮੀਟਿੰਗ ਵਿੱਚ 2 ਕਰੋੜ 16 ਲੱਖ 46 ਹਜ਼ਾਰ ਦੇ 12 ਵਿਕਾਸ ਕਾਰਜ ਸਰਬਸਮੰਤੀ ਨਾਲ ਪਾਸ ਕੀਤੇ ਗਏ, ਜਿਹੜੇ ਕਿ ਏਡੀਸੀ (ਵਿਕਾਸ) ਦਫ਼ਤਰ ਤੋਂ ਮਨਜੂਰ ਹੋ ਚੁੱਕੇ ਹਨ, ਜਿਹਨਾ ਦੇ ਟੈਂਡਰ ਵੀ ਲੱਗ ਚੁੱਕੇ ਹਨ ਅਤੇ ਸ਼ਹਿਰ ਅੰਦਰ 4 ਵਿਕਾਸ ਕਾਰਜ ਸ਼ੁਰੂ ਵੀ ਹੋ ਗਏ ਹਨ। ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ 3 ਕਰੋੜ 15 ਲੱਖ ਦੇ ਐਸਟੀਮੇਟ ਵਾਲੇ 21 ਵਿਕਾਸ ਕਾਰਜ ਲਿਆਂਦੇ ਗਏ ਜਿਹੜਾ ਕਿ ਕੁੱਝ ਦਿਨਾਂ ਵਿੱਚ ਹੀ ਪਾਸ ਹੋਕੇ ਆ ਜਾਣਗੇ। ਨਗਰ ਕੌਂਸਲ ਦੀ ਸਭ ਤੋ ਵੱਡੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਕਾਰਜਸਾਧਕ ਅਫਸਰ ਹੈਪੀ ਕੁਮਾਰ ਜਿੰਦਲ ਨੇ ਦੱਸਿਆ 13 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਟ੍ਰੀਟਮੈਂਟ ਪਲਾਂਟ ਲਈ ਗ੍ਰਾਮ ਪੰਚਾਇਤ ਪਿੰਡ ਦਾਖਾ ਨਾਲ 33 ਸਾਲ ਲਈ ਐਗਰੀਮੈਂਟ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਪੀਣ ਵਾਲਾ ਸਾਫ ਪਾਣੀ ਸ਼ਹਿਰ ਵਾਸੀਆਂ ਦੇ ਘਰਾਂ ਤੱਕ ਪੁੱਜੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਮਸ਼ਾਨਘਾਟ ਤੇ ਡਾ.ਬੀ.ਆਰ ਅੰਬੇਡਕਰ ਭਵਨ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਮੁੱਦੇ ਨੂੰ ਕੌਂਸਲਰਾਂ ਵੱਲੋਂ ਵਧੇਰੇ ਉਛਾਲਿਆ ਜਾ ਰਿਹਾ ਹੈ, ਜਦਕਿ ਇਹਨਾਂ ਕੰਮਾ ਵਿੱਚ ਰੁਕਾਵਟਾਂ ਖੜੀਆਂ ਕਰਨ ਲਈ ਕੁੱਝ ਕਾਬਜ ਧਿਰ ਦੇ ਹੀ ਕੌਂਸਲਰ ਜਿੰਮੇਵਾਰ ਹਨ, ਜਿਹਨਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ।