- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਬੌਟਮ-ਆਲ ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਮੀਟਿੰਗ ’ਚ ਸਾਈਕਲ ਉਦਯੋਗ ਦੀ ਤਰੱਕੀ ਲਈ ਚਰਚਾ

-ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਮੀਟਿੰਗ ’ਚ ਸਾਈਕਲ ਸਨਅਤ ਦੀ ਤਰੱਕੀ ਲਈ ਚਰਚਾ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਆਲ ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ (ਐਕਮਾ) ਦੀ ਦੂਜੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਏਵਨ ਸਾਈਕਲਜ਼ ਲੁਧਿਆਣਾ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਏਵਨ ਸਾਈਕਲਜ਼ ਦੇ ਮੈਨੇਜਿੰਗ ਡਾਇਰੈਕਟਰ ਤੇ ਏਆਈਸੀਐੱਮਏ ਦੇ ਪ੍ਰਧਾਨ ਰਿਸ਼ੀ ਪਾਹਵਾ ਨੇ ਕੀਤੀ। ਦੇਸ਼ ਭਰ ਤੋਂ ਸਾਈਕਲ ਉਦਯੋਗ ਨਾਲ ਜੁੜੇ ਨੁਮਾਇੰਦਿਆਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕਰਦਿਆਂ ਉਦਯੋਗ ਦੇ ਵਿਕਾਸ, ਗੁਣਵੱਤਾ, ਸੁਰੱਖਿਆ, ਨਿਰਯਾਤ ਅਤੇ ਨਵੀਂ ਤਕਨਾਲੋਜੀ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਹਾਈਬ੍ਰਿਡ ਮੋਡ ਵਿੱਚ ਕਰਵਾਈ ਗਈ, ਜਿਸ ਵਿੱਚ ਕੁੱਝ ਮੈਂਬਰ ਏਵਨ ਸਾਈਕਲਜ਼ ਵਿਖੇ ਸਿੱਧੇ ਤੌਰ ’ਤੇ ਅਤੇ ਹੋਰ ਨੁਮਾਇੰਦੇ ਆਨਲਾਈਨ ਸ਼ਾਮਲ ਹੋਏ। ਇਸ ਦੌਰਾਨ ਸਾਈਕਲ ਤੇ ਈ-ਸਾਈਕਲ ਨਿਰਮਾਣ ਨੂੰ ਉਤਸ਼ਾਹਿਤ ਕਰਨ, ਦੇਸੀ ਉਤਪਾਦਨ ਵਧਾਉਣ ਅਤੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਸਾਈਕਲ ਨਿਰਮਾਣ ਦਾ ਕੇਂਦਰ ਬਣਾਉਣ ਲਈ ਕਈ ਸੁਝਾਵਾਂ ’ਤੇ ਚਰਚਾ ਕੀਤੀ ਗਈ। ਕਾਰਜਕਾਰੀ ਕਮੇਟੀ ਨੇ ਉਦਯੋਗ ਲਈ ਤਿਆਰ ਕੀਤੀ ਡਾਟਾਬੇਸ ਰਿਪੋਰਟ ’ਤੇ ਵੀ ਵਿਚਾਰ ਕੀਤਾ ਤੇ ਇਸ ਦੀਆਂ ਸਿਫ਼ਾਰਸ਼ਾਂ ਨੂੰ ਅੱਗੇ ਲਿਜਾਣ ਦਾ ਫੈਸਲਾ ਕੀਤਾ। ਮੈਂਬਰਾਂ ਨੇ ਸਾਈਕਲਾਂ ਅਤੇ ਸਾਈਕਲ ਪਾਰਟਸ ਲਈ ਲਾਜ਼ਮੀ ਮਾਪਦੰਡ ਜਲਦ ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਉਤਪਾਦਾਂ ਦੀ ਗੁਣਵੱਤਾ ਅਤੇ ਸੁਰੱਖਿਆ ਮਜ਼ਬੂਤ ਹੋਣ ਦੇ ਨਾਲ ਖਪਤਕਾਰਾਂ ਦਾ ਭਰੋਸਾ ਵੀ ਵਧੇਗਾ।
ਮੀਟਿੰਗ ’ਚ ਨਵੇਂ ਤੇ ਮਹੱਤਵਪੂਰਨ ਸਾਈਕਲ ਕੰਪੋਨੈਂਟਸ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀਐੱਲਆਈ) ਸਕੀਮ ਤਹਿਤ ਸਹਾਇਤਾ ਦੇਣ ਦਾ ਮੁੱਦਾ ਵੀ ਉਠਾਇਆ ਗਿਆ। ਕਮੇਟੀ ਨੇ ਦੇਸ਼ ਵਿੱਚ ਇਨ੍ਹਾਂ ਪਾਰਟਸ ਦਾ ਉਤਪਾਦਨ ਵਧਾਉਣ ਅਤੇ ਦਰਾਮਦ ’ਤੇ ਨਿਰਭਰਤਾ ਘਟਾਉਣ ਲਈ ਨੀਤੀਗਤ ਸਹਾਇਤਾ ਦੀ ਲੋੜ ਦੱਸੀ। ਉਦਯੋਗ ਦੇ ਸਮੁੱਚੇ ਵਿਕਾਸ ਲਈ ਬਾਈਸਾਈਕਲ ਡਿਵੈਲਪਮੈਂਟ ਕੌਂਸਲ ਨੂੰ ਮੁੜ ਸਰਗਰਮ ਕਰਨ ਦੀ ਤਜਵੀਜ਼ ਵੀ ਰੱਖੀ ਗਈ। ਇਸ ਦੇ ਨਾਲ ਸੁਰੱਖਿਅਤ ਸਾਈਕਲਿੰਗ ਬੁਨਿਆਦੀ ਢਾਂਚੇ ਤੇ ਐਕਟਿਵ ਮੋਬਿਲਿਟੀ ਨੂੰ ਉਤਸ਼ਾਹਿਤ ਕਰਨ ’ਤੇ ਵੀ ਜ਼ੋਰ ਦਿੱਤਾ। ਪੇਂਡੂ ਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਸਾਈਕਲ ਤੇ ਈ-ਸਾਈਕਲ ਦੀ ਵਰਤੋਂ ਵਧਾਉਣ ਨੂੰ ਉਦਯੋਗ ਦੇ ਭਵਿੱਖੀ ਵਿਕਾਸ ਲਈ ਮਹੱਤਵਪੂਰਨ ਮੌਕਾ ਦੱਸਿਆ।
ਐਕਮਾ ਨੇ ਭਾਰਤੀ ਸਾਈਕਲਾਂ ਦੇ ਨਿਰਯਾਤ ਨੂੰ ਵਧਾਉਣ ਲਈ ਨਵੇਂ ਕੌਮਾਂਤਰੀ ਬਾਜ਼ਾਰਾਂ ਦੀ ਪਛਾਣ ਕਰਨ ਅਤੇ ਯੂਰਪੀ ਯੂਨੀਅਨ, ਬ੍ਰਿਟੇਨ ਤੇ ਅਮਰੀਕਾ ਨਾਲ ਭਾਰਤ ਦੇ ਵਪਾਰਕ ਸਬੰਧਾਂ ਤੋਂ ਪੈਦਾ ਹੋ ਰਹੇ ਮੌਕਿਆਂ ਦਾ ਲਾਭ ਲੈਣ ’ਤੇ ਵੀ ਵਿਚਾਰ ਕੀਤਾ। ਪ੍ਰਸਤਾਵਿਤ ਭਾਰਤ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਤਹਿਤ ਭਾਰਤੀ ਸਾਈਕਲਾਂ ਨੂੰ ਯੂਰਪੀ ਬਾਜ਼ਾਰ ਵਿੱਚ ਜ਼ੀਰੋ-ਡਿਊਟੀ ਪਹੁੰਚ ਲਈ ਜਲਦ ਰਾਹਤ ਹਾਸਲ ਕਰਨ ਦੀ ਲੋੜ ਵੀ ਚੁੱਕੀ।
ਐਕਮਾ ਦੇ ਪ੍ਰਧਾਨ ਰਿਸ਼ੀ ਪਾਹਵਾ ਨੇ ਕਿਹਾ ਕਿ ਭਾਰਤੀ ਸਾਈਕਲ ਉਦਯੋਗ ਇਸ ਸਮੇਂ ਬਦਲਾਅ ਦੇ ਮਹੱਤਵਪੂਰਨ ਪੜਾਅ ’ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ, ਨਵੀਨਤਾ ਅਤੇ ਗੁਣਵੱਤਾ ਪ੍ਰਤੀ ਵਚਨਬੱਧਤਾ ਰਾਹੀਂ ਉਦਯੋਗ ਨਵੇਂ ਮੌਕਿਆਂ ਦੀ ਭਾਲ ਕਰ ਸਕਦਾ ਹੈ। ਉਨ੍ਹਾਂ ਤਕਨਾਲੋਜੀ, ਮਾਪਦੰਡਾਂ ਅਤੇ ਬੁਨਿਆਦੀ ਢਾਂਚੇ ਵਿੱਚ ਤਾਲਮੇਲ ਦੀ ਲੋੜ ਦੱਸਦਿਆਂ ਕਿਹਾ ਕਿ ਇਸ ਨਾਲ ਤਕਨਾਲੋਜੀ ਦੀਆਂ ਕਮੀਆਂ, ਘੱਟੋ-ਘੱਟ ਮਾਪਦੰਡਾਂ ਅਤੇ ਅਸੁਰੱਖਿਅਤ ਸਾਈਕਲ ਲੇਨਾਂ ਵਾਲੇ ‘ਰੈੱਡ ਟ੍ਰਾਇਐਂਗਲ’ ਨੂੰ ‘ਗ੍ਰੀਨ ਟ੍ਰਾਇਐਂਗਲ’ ਵਿੱਚ ਬਦਲਣ ਵਿੱਚ ਮਦਦ ਮਿਲੇਗੀ।
ਐਕਮਾ ਵੱਲੋਂ ਮੀਟਿੰਗ ’ਚ ਤੈਅ ਕੀਤੀਆਂ ਨੀਤੀ ਸਿਫ਼ਾਰਸ਼ਾਂ ਅਤੇ ਕਾਰਵਾਈ ਦੇ ਮੁੱਦੇ ਕੇਂਦਰੀ ਵਣਜ ਤੇ ਉਦਯੋਗ ਮੰਤਰਾਲੇ, ਪੰਜਾਬ ਸਰਕਾਰ, ਸਬੰਧਤ ਵਿਭਾਗਾਂ ਅਤੇ ਉਦਯੋਗਿਕ ਧਿਰਾਂ ਕੋਲ ਰੱਖੇ ਜਾਣਗੇ। ਮੀਟਿੰਗ ਵਿੱਚ ਮੇਕ ਇਨ ਇੰਡੀਆ, ਆਤਮਨਿਰਭਰ ਭਾਰਤ, ਗ੍ਰੀਨ ਮੋਬਿਲਿਟੀ, ਰੁਜ਼ਗਾਰ ਸਿਰਜਣਾ ਅਤੇ ਭਾਰਤ ਦੀ ਵਿਸ਼ਵ ਪੱਧਰੀ ਸਾਈਕਲ ਤੇ ਈ-ਸਾਈਕਲ ਨਿਰਮਾਣ ਸਮਰੱਥਾ ਨੂੰ ਮਜ਼ਬੂਤ ਕਰਨ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ। ਮੀਟਿੰਗ ਵਿੱਚ ਓਂਕਾਰ ਸਿੰਘ ਪਾਹਵਾ ਸੀਐੱਮਡੀ ਐਵਨ ਸਾਈਕਲਜ਼, ਰਾਜਗੋਪਾਲ, ਵਰੁਣ ਸਕਲਾ (ਆਨਲਾਈਨ), ਵਿਜੈ ਮੁੰਜਾਲ, ਸੰਜੀਵ ਪਾਹਵਾ, ਕਰਨ ਅਗਰਵਾਲ, ਤੇਜਵਿੰਦਰ ਸਿੰਘ ਬਿੱਗ ਬੇਨ, ਗੁੰਜੀਤ ਸਿੰਘ, ਹਰਜਾਈ ਗੰਭੀਰ, ਯੁਵਰਾਜ ਚੱਢਾ, ਯਦਵਿੰਦਰ ਭੇਲ, ਜੀਐਸ ਢਿੱਲੋਂ, ਗੁਰਨੇਸ਼ ਗੰਭੀਰ ਅਤੇ ਐਕਮਾ ਦੇ ਸਕੱਤਰ ਜਨਰਲ ਡਾ. ਕੇਬੀ ਠਾਕੁਰ ਸਮੇਤ ਹੋਰ ਉਦਯੋਗ ਨੁਮਾਇੰਦੇ ਹਾਜ਼ਰ ਸਨ।
-ਬਾਕਸ-
-ਐਕਮਾ ਦੀ ਅੱਪਗ੍ਰੇਡ ਵੈੱਬਸਾਈਟ ਲਾਂਚ
ਮੀਟਿੰਗ ਦੌਰਾਨ ਐਕਮਾ ਦੀ ਅੱਪਗ੍ਰੇਡ ਕੀਤੀ ਵੈੱਬਸਾਈਟ ਦਾ ਉਦਘਾਟਨ ਵੀ ਕੀਤਾ ਗਿਆ। ਐਸੋਸੀਏਸ਼ਨ ਮੁਤਾਬਕ ਨਵਾਂ ਡਿਜੀਟਲ ਪਲੇਟਫਾਰਮ ਉਦਯੋਗ ਨਾਲ ਸੰਚਾਰ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕਰਨ ਵਿਚ ਸਹਾਇਕ ਹੋਵੇਗਾ ਅਤੇ ਇਸ ਨੂੰ ਜਲਦ ਪੂਰੀ ਤਰ੍ਹਾਂ ਰੋਲਆਊਟ ਕੀਤਾ ਜਾਵੇਗਾ।
-ਰਾਈਡ ਏਸ਼ੀਆ ਪ੍ਰਦਰਸ਼ਨੀ ’ਚ ਹਿੱਸਾ ਲੈਣ ਦੀ ਅਪੀਲ
ਐਕਮਾ ਦੀ ਮੀਟਿੰਗ ਦੌਰਾਨ ਸਾਈਕਲ ਉਦਯੋਗ ਦੀ ਵੱਡੀਆਂ ਪ੍ਰਦਰਸ਼ਨੀਆਂ ਵਿੱਚ ਵੱਧ ਭਾਗੀਦਾਰੀ ਯਕੀਨੀ ਬਣਾਉਣ ਬਾਰੇ ਵੀ ਫੈਸਲਾ ਕੀਤਾ ਗਿਆ। ਕਮੇਟੀ ਨੇ ਭਾਰਤ ਵਿੱਚ ਹਰ ਸਾਲ ਘੱਟੋ-ਘੱਟ ਇਕ ਵਿਸ਼ੇਸ਼ ਸਾਈਕਲ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਦੇ ਨਾਲ ਭਾਰਤ ਮੋਬਿਲਿਟੀ ਗਲੋਬਲ ਐਕਸਪੋ ਤੇ ਰਾਈਡ ਇੰਡੀਆ ਵਰਗੇ ਮੰਚਾਂ ’ਤੇ ਵੀ ਉਦਯੋਗ ਦੀ ਨੁਮਾਇੰਦਗੀ ਵਧਾਉਣ ਦੀ ਤਜਵੀਜ਼ ਰੱਖੀ।