- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਆਈਸੀਯੂ ਦੀ ਬੀਐਨਜੀ ਮੀਟਿੰਗ ’ਚ ਇੰਡਸਟਰੀਅਲ ਪਾਲਿਸੀ-2026 ਤੇ ਨਵੇਂ ਕਾਰੋਬਾਰੀ ਮੌਕਿਆਂ ’ਤੇ ਚਰਚਾ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਆਪਣੇ ਬਿਜ਼ਨਸ ਨੈੱਟਵਰਕਿੰਗ ਗਰੁੱਪ (ਬੀਐੱਨਜੀ) ਦੀ ਮੀਟਿੰਗ ਕਰਵਾਈ ਗਈ। ਇਸ ਦੌਰਾਨ ਮੈਂਬਰਾਂ ਨੂੰ ਕਾਰੋਬਾਰੀ ਵਿਕਾਸ, ਨਵੀਂ ਜਾਣਕਾਰੀ ਸਾਂਝੀ ਕਰਨ ਅਤੇ ਉਦਯੋਗਿਕ ਖੇਤਰ ਵਿੱਚ ਨਵੇਂ ਨੈੱਟਵਰਕਿੰਗ ਮੌਕਿਆਂ ਬਾਰੇ ਵਿਚਾਰ-ਵਟਾਂਦਰੇ ਦਾ ਮੌਕਾ ਮਿਲਿਆ।
ਮੀਟਿੰਗ ਦਾ ਮੁੱਖ ਆਕਰਸ਼ਣ ਇੰਡਸਟਰੀਅਲ ਪਾਲਿਸੀ-2026 ਸਬੰਧੀ ਵਿਸ਼ੇਸ਼ ਸੈਸ਼ਨ ਰਿਹਾ। ਇਹ ਸੈਸ਼ਨ ਵਿਸ਼ਵ ਬੰਧੂ ਵੱਲੋਂ ਕਰਵਾਇਆ। ਉਨ੍ਹਾਂ ਨੇ ਨਵੀਂ ਉਦਯੋਗਿਕ ਨੀਤੀ ਦੇ ਵੱਖ-ਵੱਖ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੰਦਿਆਂ ਉਦਯੋਗ ਅਤੇ ਕਾਰੋਬਾਰ ਲਈ ਪੈਦਾ ਹੋਣ ਵਾਲੇ ਸੰਭਾਵਿਤ ਮੌਕਿਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਨੀਤੀ ਦੇ ਵਿਹਾਰਕ ਪੱਖਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜਿਸ ਨਾਲ ਬੀਐਨਜੀ ਮੈਂਬਰਾਂ ਨੂੰ ਆਪਣੇ ਕਾਰੋਬਾਰ ’ਤੇ ਇਸ ਦੇ ਸੰਭਾਵਿਤ ਪ੍ਰਭਾਵਾਂ ਨੂੰ ਸਮਝਣ ਵਿੱਚ ਮਦਦ ਮਿਲੀ। ਨਿਊ ਸਵਾਨ ਗਰੁੱਪ ਦੀ ਪਰਚੇਜ਼ ਟੀਮ ਨਾਲ ਵਿਸ਼ੇਸ਼ ਇੰਟਰਐਕਸ਼ਨ ਵੀ ਕਰਵਾਇਆ। ਟੀਮ ਦੀ ਅਗਵਾਈ ਸ਼ਿਵ ਸ਼ਰਮਾ, ਜੀਐੱਮ-ਕਾਰਪੋਰੇਟ ਪਰਚੇਜ਼ ਨੇ ਕੀਤੀ। ਇਸ ਦੌਰਾਨ ਸੀਆਈਸੀਯੂ ਬੀਐੱਨਜੀ ਮੈਂਬਰਾਂ ਨੇ ਕੰਪਨੀ ਦੀਆਂ ਸੰਭਾਵਿਤ ਵੈਂਡਰ ਲੋੜਾਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਭਵਿੱਖ ’ਚ ਵੈਂਡਰ ਕਨੈਕਸ਼ਨ ਤੇ ਕਾਰੋਬਾਰੀ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕੀਤਾ।
ਇਸ ਇੰਟਰਐਕਸ਼ਨ ਰਾਹੀਂ ਮੈਂਬਰਾਂ ਨੂੰ ਆਪਣੀਆਂ ਉਤਪਾਦਨ ਸਮਰੱਥਾਵਾਂ ਅਤੇ ਕਾਰੋਬਾਰੀ ਯੋਗਤਾਵਾਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਬੀ2ਬੀ ਮੌਕਿਆਂ, ਵੈਂਡਰ ਡਿਵੈਲਪਮੈਂਟ ਤੇ ਬਿਜ਼ਨਸ ਕੋਲੈਬੋਰੇਸ਼ਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਪਲੇਟਫਾਰਮ ਮਿਲਿਆ।
ਇਸ ਮੌਕੇ ਸੀਆਈਸੀਯੂ ਦੇ ਬੀਐੱਨਜੀ ਕੈਪਟਨ ਹਨੀ ਸੇਠੀ ਨੇ ਕਿਹਾ ਕਿ ਬੀਐਨਜੀ ਦਾ ਮੁੱਖ ਉਦੇਸ਼ ਮੈਂਬਰਾਂ ਲਈ ਗਿਆਨ ਸਾਂਝਾ ਕਰਨ, ਮਜ਼ਬੂਤ ਕਾਰੋਬਾਰੀ ਨੈੱਟਵਰਕ ਤਿਆਰ ਕਰਨ ਤੇ ਉਦਯੋਗ ਨਾਲ ਸਿੱਧੇ ਸੰਪਰਕ ਰਾਹੀਂ ਨਵੇਂ ਮੌਕੇ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੈਸ਼ਨਾਂ ਰਾਹੀਂ ਮੈਂਬਰਾਂ ਨੂੰ ਮਹੱਤਵਪੂਰਨ ਨੀਤੀਗਤ ਤਬਦੀਲੀਆਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਇਸ ਦੇ ਨਾਲ ਹੀ ਪ੍ਰਮੁੱਖ ਉਦਯੋਗਿਕ ਇਕਾਈਆਂ ਦੀਆਂ ਪਰਚੇਜ਼ ਟੀਮਾਂ ਨਾਲ ਸਿੱਧਾ ਸੰਪਰਕ ਬਣਾਉਣ ਰਾਹੀਂ ਕਾਰੋਬਾਰ ਨੂੰ ਨਵੇਂ ਮੌਕੇ ਮਿਲ ਸਕਦੇ ਹਨ। ਸੀਆਈਸੀਯੂ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਯਤਨ ਜਾਰੀ ਰੱਖਣ ਦੀ ਗੱਲ ਕਹੀ ਗਈ। ਸੀਆਈਸੀਯੂ ਦੀ ਬੀਐਨਜੀ ਮੀਟਿੰਗ ਦਾ ਉਦੇਸ਼ ਮੈਂਬਰਾਂ ਨੂੰ ਸਿੱਖਣ, ਜੁੜਨ, ਸਹਿਯੋਗ ਕਰਨ ਅਤੇ ਇਕੱਠੇ ਵਿਕਾਸ ਕਰਨ ਲਈ ਮੰਚ ਪ੍ਰਦਾਨ ਕਰਨਾ ਰਿਹਾ। ਸੰਸਥਾ ਮੁਤਾਬਕ ਅਜਿਹੇ ਗਿਆਨ ਸੈਸ਼ਨ ਅਤੇ ਉਦਯੋਗਿਕ ਇਕਾਈਆਂ ਨਾਲ ਸਿੱਧੇ ਸੰਪਰਕ ਮੈਂਬਰਾਂ ਨੂੰ ਮਜ਼ਬੂਤ ਪੇਸ਼ੇਵਰ ਨੈੱਟਵਰਕ ਬਣਾਉਣ ਦੇ ਨਾਲ-ਨਾਲ ਨਵੇਂ ਕਾਰੋਬਾਰੀ ਮੌਕਿਆਂ ਦੀ ਭਾਲ ਵਿੱਚ ਮਦਦ ਕਰਦੇ ਹਨ। ਸੀਆਈਸੀਯੂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਬੀਐਨਜੀ ਮੈਂਬਰਾਂ ਲਈ ਉਦਯੋਗ ਕੇਂਦਰਿਤ ਸੈਸ਼ਨ, ਨੈੱਟਵਰਕਿੰਗ ਮੀਟਿੰਗਾਂ ਤੇ ਬਿਜ਼ਨਸ-ਕਨੈਕਟ ਪਹਿਲਕਦਮੀਆਂ ਜਾਰੀ ਰੱਖਣ ਦੀ ਗੱਲ ਕਹੀ ਹੈ।