ਗੋਦਾਮ ਅੰਦਰ ਫਸੇ ਵਿਅਕਤੀ ਦੀ ਮੌਤ ਦੀ ਚਰਚਾ: ਸੰਘਣੀ ਆਬਾਦੀ ’ਚ ਪਟਾਕਿਆਂ ਦੇ ਭੰਡਾਰ ਨੂੰ ਲੈ ਕੇ ਉੱਠੇ ਗੰਭੀਰ ਸਵਾਲ
ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੇ ਗੋਦਾਮ ਅੰਦਰ ਫਸੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦੀ ਮੌਤ ਹੋਣ ਦੀ ਵੀ ਇਲਾਕੇ ਵਿੱਚ ਚਰਚਾ ਹੈ। ਹਾਲਾਂਕਿ, ਇਸ ਸਬੰਧੀ ਸਥਿਤੀ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ ਹੈ। ਅੱਗ ਦੀ ਭਿਆਨਕਤਾ ਅਤੇ ਲਗਾਤਾਰ ਹੋ ਰਹੇ ਧਮਾਕਿਆਂ ਕਾਰਨ ਮੌਕੇ ’ਤੇ ਹਾਲਾਤ ਬੇਹੱਦ ਗੰਭੀਰ ਬਣੇ ਰਹੇ।
Publish Date: Fri, 30 Oct 2026 04:34 PM (IST)
Updated Date: Fri, 30 Oct 2026 04:40 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੇ ਫੀਲਡਗੰਜ ਇਲਾਕੇ ’ਚ ਸ਼ੁੱਕਰਵਾਰ ਨੂੰ ਪਟਾਕਿਆਂ ਦੇ ਇੱਕ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਗੋਦਾਮ ਅੰਦਰ ਰੱਖੇ ਪਟਾਕੇ ਇੱਕ ਤੋਂ ਬਾਅਦ ਇੱਕ ਧਮਾਕਿਆਂ ਨਾਲ ਫਟਣ ਲੱਗੇ।
ਧਮਾਕਿਆਂ ਦੀ ਗੂੰਜ ਅਤੇ ਅਸਮਾਨ ਵੱਲ ਉੱਠਦੇ ਕਾਲੇ ਧੂੰਏਂ ਦੇ ਗੁਬਾਰ ਨੇ ਆਸ-ਪਾਸ ਦੇ ਲੋਕਾਂ ਨੂੰ ਘਰਾਂ ਅਤੇ ਦੁਕਾਨਾਂ ਵਿੱਚੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ।
ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੇ ਗੋਦਾਮ ਅੰਦਰ ਫਸੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦੀ ਮੌਤ ਹੋਣ ਦੀ ਵੀ ਇਲਾਕੇ ਵਿੱਚ ਚਰਚਾ ਹੈ। ਹਾਲਾਂਕਿ, ਇਸ ਸਬੰਧੀ ਸਥਿਤੀ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ ਹੈ। ਅੱਗ ਦੀ ਭਿਆਨਕਤਾ ਅਤੇ ਲਗਾਤਾਰ ਹੋ ਰਹੇ ਧਮਾਕਿਆਂ ਕਾਰਨ ਮੌਕੇ ’ਤੇ ਹਾਲਾਤ ਬੇਹੱਦ ਗੰਭੀਰ ਬਣੇ ਰਹੇ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਮੁੱਢਲੀ ਜਾਣਕਾਰੀ ਅਨੁਸਾਰ ਰਿਹਾਇਸ਼ੀ ਇਲਾਕੇ ਵਿੱਚ ਪਟਾਕਿਆਂ ਦਾ ਭੰਡਾਰ ਕੀਤਾ ਹੋਇਆ ਸੀ।
ਇਸ ਘਟਨਾ ਨੇ ਇਹ ਸਵਾਲ ਵੀ ਖੜ੍ਹਾ ਕਰ ਦਿੱਤਾ ਹੈ ਕਿ ਸੰਘਣੀ ਆਬਾਦੀ ਦੇ ਵਿਚਕਾਰ ਇੰਨੀ ਵੱਡੀ ਮਾਤਰਾ ਵਿੱਚ ਪਟਾਕੇ ਕਿਵੇਂ ਸਟੋਰ ਕੀਤੇ ਗਏ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਿਉਂ ਨਹੀਂ ਹੋਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਅਤੇ ਗੋਦਾਮ ਵਿੱਚ ਪਟਾਕਿਆਂ ਦੇ ਭੰਡਾਰ ਸਬੰਧੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।