- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀਬਾੜੀ ਸੰਦ ਉਦਯੋਗ ਲਈ ਮਿਆਰੀਕਰਨ ਤੇ ਸਰਟੀਫਿਕੇਸ਼ਨ ਬਾਰੇ ਸੀਆਈਸੀਯੂ ’ਚ ਵਿਚਾਰ-ਵਟਾਂਦਰਾ

-ਖੇਤੀਬਾੜੀ ਸੰਦ ਉਦਯੋਗ ਲਈ ਮਿਆਰੀਕਰਨ ਤੇ ਸਰਟੀਫਿਕੇਸ਼ਨ ਬਾਰੇ ਸੀਆਈਸੀਯੂ ’ਚ ਵਿਚਾਰ-ਵਟਾਂਦਰਾ
ਪੁਨੀਤ ਬਾਵਾ,ਪੰਜਾਬੀ ਜਾਗਰਣ ਲੁਧਿਆਣਾ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ), ਚੰਡੀਗੜ੍ਹ ਬ੍ਰਾਂਚ ਦਫ਼ਤਰ ਦੇ ਸਹਿਯੋਗ ਨਾਲ ਵਿਸ਼ਵ ਮਿਆਰ ਦਿਵਸ-2026 ਮੌਕੇ ਖੇਤੀਬਾੜੀ ਸੰਦ ਉਦਯੋਗ ਨਾਲ ਸਬੰਧਤ ਐਮਐਸਐਮਈ ਇਕਾਈਆਂ ਲਈ ਸਟੇਕਹੋਲਡਰ ਮੀਟਿੰਗ ਕਰਵਾਈ ਗਈ। ਸੀਆਈਸੀਯੂ ਕੰਪਲੈਕਸ ਲੁਧਿਆਣਾ ਵਿਖੇ ਹੋਈ ਮੀਟਿੰਗ ਦਾ ਵਿਸ਼ਾ ‘ਸਥਿਰ ਭਵਿੱਖ ਲਈ ਮਿਆਰ’ ਰਿਹਾ।
ਮੀਟਿੰਗ ਦੌਰਾਨ ਖੇਤੀਬਾੜੀ ਸੰਦਾਂ ਦੇ ਨਿਰਮਾਤਾਵਾਂ, ਉਦਯੋਗਿਕ ਨੁਮਾਇੰਦਿਆਂ ਅਤੇ ਹੋਰ ਸਟੇਕਹੋਲਡਰਾਂ ਨੇ ਉਦਯੋਗ ਨਾਲ ਸਬੰਧਤ ਗੁਣਵੱਤਾ ਮਿਆਰਾਂ, ਬੀਆਈਐਸ ਸਰਟੀਫਿਕੇਸ਼ਨ, ਕੁਆਲਿਟੀ ਕੰਟਰੋਲ ਆਰਡਰ (ਕਿਊਸੀਓਸੀਐਸ), ਤਕਨੀਕੀ ਲੋੜਾਂ ਅਤੇ ਟੈਸਟਿੰਗ ਪ੍ਰਕਿਰਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।ਬੀਆਈਐਸ ਚੰਡੀਗੜ੍ਹ ਬ੍ਰਾਂਚ ਦਫ਼ਤਰ ਦੀ ਡਾਇਰੈਕਟਰ ਤੇ ਮੁਖੀ ਸ਼ਾਲੂ ਵਰਸ਼ਨੇ ਨੇ ਭਾਰਤੀ ਮਿਆਰਾਂ ਅਤੇ ਬੀਆਈਐਸ ਸਰਟੀਫਿਕੇਸ਼ਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਿਰਮਾਤਾਵਾਂ ਨੂੰ ਉਤਪਾਦਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਲਾਗੂ ਮਿਆਰਾਂ ਅਤੇ ਸਰਟੀਫਿਕੇਸ਼ਨ ਪ੍ਰਕਿਰਿਆ ਨੂੰ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਐਮਐਸਐਮਈ ਡੀਐਫ਼ਓ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਪੰਕਜ ਝਾਅ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਐਮਐਸਐਮਈ ਇਕਾਈਆਂ ਲਈ ਗੁਣਵੱਤਾ, ਮਿਆਰੀਕਰਨ ਅਤੇ ਸਰਕਾਰੀ ਸਹਾਇਤਾ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਸੀਆਈਸੀਯੂ ਵੱਲੋਂ ਜੁਆਇੰਟ ਸਕੱਤਰ ਡਾ. ਐੱਸਬੀ ਸਿੰਘ ਨੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਂਦਿਆਂ ਉਦਯੋਗ ਨਾਲ ਜੁੜੇ ਮੁੱਦੇ ਅਤੇ ਸੁਝਾਅ ਰੱਖੇ। ਮੀਟਿੰਗ ਦੌਰਾਨ ਨਿਰਮਾਤਾਵਾਂ ਨੂੰ ਮਿਆਰਾਂ, ਸਰਟੀਫਿਕੇਸ਼ਨ ਪ੍ਰਕਿਰਿਆ ਅਤੇ ਅਮਲੀ ਪੱਧਰ ’ਤੇ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਸਵਾਲ ਪੁੱਛਣ ਅਤੇ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਲੈਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਮਿਆਰੀਕਰਨ ਸਿਰਫ਼ ਨਿਯਮਾਂ ਦੀ ਪਾਲਣਾ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਉਤਪਾਦਾਂ ਦੀ ਗੁਣਵੱਤਾ ਸੁਧਾਰਨ, ਮੁਕਾਬਲੇਬਾਜ਼ੀ ਮਜ਼ਬੂਤ ਕਰਨ ਅਤੇ ਭਾਰਤੀ ਨਿਰਮਾਣ ਖੇਤਰ ’ਤੇ ਭਰੋਸਾ ਵਧਾਉਣ ਦਾ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਕਿਹਾ ਕਿ ਬੀਆਈਐਸ ਅਤੇ ਐਮਐਸਐਮਈ ਇਕਾਈਆਂ ਵਿਚਕਾਰ ਸਿੱਧੀ ਗੱਲਬਾਤ ਨਾਲ ਉਦਯੋਗਪਤੀਆਂ ਨੂੰ ਲਾਗੂ ਮਿਆਰਾਂ ਨੂੰ ਸਮਝਣ ਅਤੇ ਅਮਲੀ ਤੌਰ ’ਤੇ ਅਪਣਾਉਣ ਵਿੱਚ ਮਦਦ ਮਿਲਦੀ ਹੈ।
ਸੀਆਈਸੀਯੂ ਨੇ ਖੇਤੀਬਾੜੀ ਸੰਦ ਉਦਯੋਗ ਨਾਲ ਸਿੱਧਾ ਸੰਵਾਦ ਕਰਨ ਅਤੇ ਸਰਕਾਰੀ ਸੰਸਥਾਵਾਂ ਤੇ ਨਿਰਮਾਤਾਵਾਂ ਵਿਚਕਾਰ ਵਿਚਾਰ-ਵਟਾਂਦਰੇ ਲਈ ਮੰਚ ਮੁਹੱਈਆ ਕਰਵਾਉਣ ਵਾਸਤੇ ਬੀਆਈਐਸ ਅਤੇ ਐਮਐਸਐਮਈ ਡੀਐਫ਼ਓ ਲੁਧਿਆਣਾ ਦਾ ਧੰਨਵਾਦ ਕੀਤਾ।