ਏਪੀ ਰਿਫਾਇਨਰੀ ਦੇ ਮਾਲਕਾਂ ਖ਼ਿਲਾਫ਼ ਦਰਜ ਮੁਕੱਦਮੇ ਵਿਚ ਡਾਇਰੈਕਟਰ ਦੀ ਜ਼ਮਾਨਤ ਖਾਰਜ ਏਪੀ ਰਿਫਾਇਨਰੀ ਦੇ ਮਾਲਕਾਂ ਖ਼ਿਲਾਫ਼ ਦਰਜ ਮੁਕੱਦਮੇ ਵਿਚ ਡਾਇਰੈਕਟਰ ਦੀ ਜ਼ਮਾਨਤ ਖਾਰਜ
Publish Date: Tue, 29 Sep 2026 08:23 PM (IST)
Updated Date: Wed, 30 Sep 2026 04:10 AM (IST)
ਮੁਕੱਦਮਾ ਝੂਠਾ ਨਹੀਂ, ਬਕਾਇਦਾ ਜਾਂਚ ਤੋਂ ਬਾਅਦ ਹੋਈ ਕਾਰਵਾਈ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ: ਜਗਰਾਓਂ ਦੇ ਪਿੰਡ ਤਪੜ ਹਰਨੀਆਂ ਸਥਿਤ ਏਪੀ ਰਿਫਾਇਨਰੀ ਦੇ ਮਾਲਕਾਂ ਖ਼ਿਲਾਫ਼ ਦਰਜ ਮੁਕੱਦਮੇ ਵਿਚ ਗ੍ਰਿਫ਼ਤਾਰ ਡਾਇਰੈਕਟਰ ਨੂੰ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ। ਅਦਾਲਤ ਵਿਚ ਉਨ੍ਹਾਂ ਵੱਲੋਂ ਲਗਾਈ ਗਈ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਹੈ। ਏਪੀ ਰਿਫਾਇਨਰੀ ਦੇ ਮਾਲਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਵਾਲੇ ਪੁਨੀਤ ਸਿੰਗਲਾ ਨੇ ਦੱਸਿਆ ਕਿ ਉਹ ਆਰਕੇ ਕੈਮੀਕਲਜ਼ ਪ੍ਰਾਈਵੇਟ ਲਿਮ: ਦੇ ਸ਼ੇਅਰ ਹੋਲਡਰ ਹਨ। ਜਿਨ੍ਹਾਂ ਨੇ ਕੰਪਨੀ ਦੇ ਹੀ ਸਾਬਕਾ ਡਾਇਰੈਕਟਰ ਰਵੀ ਨੰਦਨ ਗੋਇਲ, ਸ਼ਿਵ ਕੁਮਾਰ, ਅਰੁਣ ਕੁਮਾਰ ਅਤੇ ਭੂਵਨ ਖ਼ਿਲਾਫ਼ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਇਸ ਵਿਚ ਉਕਤ ਸਾਰਿਆਂ ਵੱਲੋਂ ਸਾਲ 2010 ਵਿਚ ਆਰਕੇ ਕੈਮੀਕਲਜ਼ ਦੀ ਜਾਇਦਾਦ ਦੇ ਕਾਗਜ਼ਾਤ ਅਤੇ ਇੱਕ ਜਾਅਲੀ ਬੋਰਡ ਮਤਾ ਤਿਆਰ ਕਰਕੇ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਕੋਲ ਗਿਰਵੀ ਰੱਖ ਦਿੱਤਾ ਅਤੇ ਇਸ ਦੇ ਬਦਲੇ ਏਪੀ ਰਿਫਾਇਨਰੀ ਜਗਰਾਓਂ ਲਈ ਕਰੋੜਾਂ ਰੁਪਏ ਦਾ ਕਰਜਾ ਲੈ ਲਿਆ। ਉਨ੍ਹਾਂ ਕਿਹਾ ਕਿ ਇਹ ਕਰਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਜਾਇਦਾਦ ਦੇ ਕਾਗਜ਼ਾਤ ਰਵੀ ਨੰਦਨ ਗੋਇਲ ਨੇ ਕੰਪਨੀ ਨੂੰ ਵਾਪਸ ਨਾ ਕੀਤੇ। ਜਿਸ ’ਤੇ ਉਨ੍ਹਾਂ ਦੀ ਸ਼ਿਕਾਇਤ ’ਤੇ ਏਡੀਸੀਪੀ ਲੁਧਿਆਣਾ ਵੱਲੋਂ ਜਾਂਚ ਕੀਤੀ ਗਈ। ਇੱਕ ਮਹੀਨੇ ਦੀ ਜਾਂਚ ਉਪਰੰਤ 18 ਅਗਸਤ ਨੂੰ ਉਕਤ ਸਾਰਿਆਂ ਖ਼ਿਲਾਫ਼ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 2 ਵਿਚ ਮੁਕੱਦਮਾ ਦਰਜ ਹੋਇਆ। ਜਿਸ ਵਿਚ ਏਪੀ ਰਿਫਾਇਨਰੀ ਜਗਰਾਓਂ ਦੇ ਡਾਇਰੈਕਟਰ ਅਰੁਣ ਗੋਇਲ ਨੂੰ ਪੁਲਿਸ ਨੇ 22 ਸਤੰਬਰ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਇਸ ਮਾਮਲੇ ਵਿਚ ਰਵੀ ਨੰਦਨ ਗੋਇਲ ਤੇ ਭੂਵਨ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਕਿਹਾ ਕਿ ਉਕਤ ਡਾਇਰੈਕਟਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਮੁਕੱਦਮੇ ਨੂੰ ਝੂਠਾ ਦੱਸਿਆ ਜਾ ਰਿਹਾ ਹੈ, ਜੋ ਪੂਰੀ ਤਰ੍ਹਾਂ ਗਲਤ ਹੈ। ਕਿਉਂਕਿ ਇਹ ਮਾਮਲਾ ਇੱਕ ਮਹੀਨੇ ਦੀ ਜਾਂਚ ਉਪਰੰਤ ਦਰਜ ਹੋਇਆ ਹੈ। ਜੇ ਝੂਠਾ ਹੁੰਦਾ ਤਾਂ ਉਕਤ ਕੋਲ ਅਦਾਲਤ ਵਿਚ ਅਗਾਊ ਜ਼ਮਾਨਤ ਅਤੇ ਪੈਰਵੀ ਲਈ ਵਾਧੂ ਸਮਾਂ ਸੀ।